ਟਿਊਬਵੈੱਲਾਂ ਦੀਆਂ ਮੋਟਰਾਂ ''ਤੇ ਦਿਨ-ਰਾਤ ਜਗਦੇ ਬਲੱਬ ਘਰੇਲੂ ਖਪਤਕਾਰਾਂ ਦੀ ਜੇਬ ''ਤੇ ਪਾ ਰਹੇ ਨੇ ਬੋਝ
Friday, Sep 29, 2017 - 08:03 AM (IST)
ਮੰਡੀ ਲੱਖੇਵਾਲੀ (ਸੁਖਪਾਲ) - ਪਾਵਰਕਾਮ ਮਹਿਕਮੇ ਵੱਲੋਂ ਲੋਕਾਂ ਦੇ ਘਰਾਂ ਨੂੰ ਦਿੱਤੀ ਜਾਣ ਵਾਲੀ ਬਿਜਲੀ ਦੀਆਂ ਯੂਨਿਟਾਂ ਵਿਚ ਤਾਂ ਸਮੇਂ-ਸਮੇਂ ਸਿਰ ਵਾਧਾ ਕੀਤਾ ਜਾ ਰਿਹਾ ਹੈ ਪਰ ਦੂਜੇ ਪਾਸੇ ਖੇਤਾਂ ਵਿਚ ਜੋ ਟਿਊਬਵੈੱਲਾਂ ਦੀਆਂ ਮੋਟਰਾਂ ਚੱਲ ਰਹੀਆਂ ਹਨ, ਉਨ੍ਹਾਂ ਲਈ ਕੋਈ ਬਿੱਲ ਨਹੀਂ ਹੈ ਤੇ ਨਾ ਹੀ ਯੂਨਿਟਾਂ ਦੀ ਕੋਈ ਹੱਦ ਹੈ, ਜਦਕਿ ਖੇਤੀ ਤੋਂ ਆਮਦਨ ਹੁੰਦੀ ਹੈ। ਟਿਊਬਵੈੱਲਾਂ ਦੀਆਂ ਹਜ਼ਾਰਾਂ ਮੋਟਰਾਂ ਤਾਂ ਬਿਨਾਂ ਬਿਜਲੀ ਦੇ ਬਿੱਲਾਂ ਤੋਂ ਚੱਲ ਹੀ ਰਹੀਆਂ ਹਨ ਪਰ ਇਨ੍ਹਾਂ ਮੋਟਰਾਂ 'ਤੇ ਜੋ ਦੋ-ਦੋ ਬਲੱਬ ਅੰਦਰ ਤੇ ਬਾਹਰ ਲੱਗੇ ਹੋਏ ਹਨ, ਉਹ ਬਹੁਤੀਆਂ ਮੋਟਰਾਂ 'ਤੇ ਦਿਨ-ਰਾਤ ਹੀ ਜਗਦੇ ਰਹਿੰਦੇ ਹਨ, ਜੋ ਖਪਤਕਾਰਾਂ ਦੀ ਜੇਬ 'ਤੇ ਭਾਰੀ ਬੋਝ ਪਾ ਰਹੇ ਹਨ।
ਘਰੇਲੂ ਖਪਤਕਾਰਾਂ ਨੂੰ ਮਹਿਕਮੇ ਵੱਲੋਂ ਕਰੀਬ 7 ਰੁਪਏ ਯੂਨਿਟ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ ਤੇ ਹੋਰ ਖਰਚੇ ਪਾਏ ਜਾ ਰਹੇ ਹਨ। ਗਊ ਟੈਕਸ ਲਾਇਆ ਜਾ ਰਿਹਾ ਹੈ, ਜਦਕਿ ਗਊਆਂ ਦੀ ਸਾਂਭ-ਸੰਭਾਲ ਬਾਰੇ ਸਰਕਾਰ ਨੇ ਕੀਤਾ ਕੱਖ ਨਹੀਂ ਤੇ ਉਹ ਗੰਦ ਵਿਚ ਮੂੰਹ ਮਾਰ ਰਹੀਆਂ ਹਨ।
ਗਰੀਬ ਲੋਕਾਂ ਨੂੰ ਵੀ ਆਏ ਬਿਜਲੀ ਦੇ ਬਿੱਲ
ਇਸ ਵਾਰ ਜੋ ਬਿਜਲੀ ਦੇ ਬਿੱਲ ਲੋਕਾਂ ਨੂੰ ਆਏ ਹਨ, ਉਨ੍ਹਾਂ ਬਿੱਲਾਂ ਨੇ ਆਮ ਲੋਕਾਂ ਦਾ ਕਚੂੰਬਰ ਕੱਢ ਕੇ ਰੱਖ ਦਿੱਤਾ ਹੈ ਕਿਉਂਕਿ ਬਿੱਲ ਹਜ਼ਾਰਾਂ ਵਿਚ ਆਏ ਹਨ। ਐਤਕੀ ਤਾਂ ਉਨ੍ਹਾਂ ਖੇਤ ਮਜ਼ਦੂਰਾਂ ਨੂੰ ਕਈ ਥਾਵਾਂ 'ਤੇ ਬਿਜਲੀ ਦੇ ਬਿੱਲ ਆ ਗਏ ਹਨ, ਜਿਨ੍ਹਾਂ ਨੂੰ ਘਰਾਂ ਦੀ ਬਿਜਲੀ ਮੁਆਫ਼ ਸੀ।
ਮੋਟਰਾਂ ਵਾਲੀ ਮੁਫ਼ਤ ਬਿਜਲੀ ਬੰਦ ਕੀਤੀ ਜਾਵੇ
ਬਿਜਲੀ ਦੇ ਬਿੱਲਾਂ ਤੋਂ ਨਾਰਾਜ਼ ਲੋਕਾਂ ਦਾ ਕਹਿਣਾ ਹੈ ਕਿ ਟਿਊਬਵੈੱਲਾਂ ਦੀਆਂ ਮੋਟਰਾਂ ਨੂੰ ਦਿੱਤੀ ਜਾ ਰਹੀ ਮੁਫ਼ਤ ਬਿਜਲੀ ਬੰਦ ਕਰ ਕੇ ਘਰਾਂ ਦੀ ਬਿਜਲੀ ਮੁਆਫ਼ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪਾਵਰਕਾਮ ਮਹਿਕਮੇ ਵੱਲੋਂ ਲੋਕਾਂ ਦੇ ਘਰਾਂ ਵਿਚ ਤਾਂ ਛਾਪੇ ਮਾਰ ਕੇ ਵੱਧ ਲੋਡ ਵਾਲਿਆਂ ਨੂੰ ਹਜ਼ਾਰਾਂ ਰੁਪਏ ਜੁਰਮਾਨਾ ਕੀਤਾ ਜਾ ਰਿਹਾ ਹੈ ਪਰ ਖੇਤਾਂ ਵਿਚ ਦਿਨੇ ਬਲੱਬ ਜਗਾਉਣ ਅਤੇ ਮੁਫ਼ਤ ਮੋਟਰਾਂ ਚਲਾਉਣ ਵਾਲਿਆਂ ਦੀ ਕੋਈ ਪੁੱਛਗਿੱਛ ਨਹੀਂ ਕਰ ਰਿਹਾ।
