ਬਿਜਲੀ ਸਬਸਿਡੀ ਤੇ ਸਮਾਜਿਕ ਸੁਰੱਖਿਆ ਪੈਨਸ਼ਨਾਂ ਲਈ 370 ਕਰੋੜ ਰੁਪਏ ਜਾਰੀ

Friday, Jan 17, 2020 - 12:37 AM (IST)

ਬਿਜਲੀ ਸਬਸਿਡੀ ਤੇ ਸਮਾਜਿਕ ਸੁਰੱਖਿਆ ਪੈਨਸ਼ਨਾਂ ਲਈ 370 ਕਰੋੜ ਰੁਪਏ ਜਾਰੀ

ਚੰਡੀਗੜ੍ਹ/ਜਲੰਧਰ,(ਅਸ਼ਵਨੀ, ਧਵਨ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ 'ਤੇ ਵਿੱਤ ਵਿਭਾਗ ਨੇ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪੀ. ਐੱਸ. ਪੀ. ਸੀ. ਐੱਲ.) ਨੂੰ ਬਿਜਲੀ ਸਬਸਿਡੀ ਦੇ ਨਾਲ-ਨਾਲ ਦਸੰਬਰ, 2019 ਲਈ ਸਮਾਜਿਕ ਸੁਰੱਖਿਆ ਪੈਨਸ਼ਨਾਂ ਵੰਡਣ ਲਈ 370 ਕਰੋੜ ਰੁਪਏ ਜਾਰੀ ਕੀਤੇ ਹਨ। ਇਥੇ ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ 370 ਕਰੋੜ ਰੁਪਏ 'ਚੋਂ 200 ਕਰੋੜ ਰੁਪਏ ਪੀ. ਐੱਸ. ਪੀ. ਸੀ. ਐੱਲ. ਨੂੰ ਖੇਤੀਬਾੜੀ ਲਈ ਕਿਸਾਨਾਂ ਨੂੰ ਦਿੱਤੀ ਜਾਂਦੀ ਸਬਸਿਡੀ ਦੇ ਇਵਜ਼ 'ਚ ਜਾਰੀ ਕੀਤੇ ਹਨ ਜਦਕਿ 170 ਕਰੋੜ ਰੁਪਏ ਦਸੰਬਰ, 2019 ਲਈ ਸਮਾਜਿਕ ਸੁਰੱਖਿਆ ਪੈਨਸ਼ਨਾਂ ਦੀ ਅਦਾਇਗੀ ਕਰਨ ਲਈ ਜਾਰੀ ਕੀਤੇ ਗਏ ਹਨ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਜਾਰੀ ਕੀਤੇ ਗਏ ਫੰਡਾਂ ਦਾ ਉਦੇਸ਼ ਲਾਭਪਾਤਰੀਆਂ ਨੂੰ ਸਮਾਜਿਕ ਸੁਰੱਖਿਆ ਪੈਨਸ਼ਨਾਂ ਦੀ ਸਮੇਂ ਸਿਰ ਅਦਾਇਗੀ ਨੂੰ ਯਕੀਨੀ ਬਣਾਉਣ ਤੋਂ ਇਲਾਵਾ ਸਾਰੇ ਪ੍ਰਮੁੱਖ ਸੈਕਟਰਾਂ 'ਚ ਵਿਕਾਸ ਦੀ ਗਤੀ ਨੂੰ ਕਾਇਮ ਰੱਖਣਾ ਹੈ। ਮੁੱਖ ਮੰਤਰੀ ਨੇ ਆਪਣੇ ਪਹਿਲੇ ਆਦੇਸ਼ਾਂ ਨੂੰ ਦੁਹਰਾਉਂਦਿਆਂ ਸਮੂਹ ਵਿਭਾਗਾਂ ਨੂੰ ਵਾਧੂ ਖਰਚੇ ਘਟਾ ਕੇ ਆਪਣੇ ਢੁਕਵੇਂ ਵਿੱਤੀ ਪ੍ਰਬੰਧ ਯਕੀਨੀ ਬਣਾਉਣ ਲਈ ਆਖਿਆ ਤਾਂ ਕਿ ਸੂਬੇ ਦੀ ਸਥਿਤੀ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।


Related News