ਇੰਡਸਟਰੀ ਨੂੰ ਬਚਾਉਣ ਲਈ ਕੈਪਟਨ ਸਰਕਾਰ ਨੇ 5 ਰੁਪਏ ਯੂਨਿਟ ਬਿਜਲੀ ਕਰਨ ਦਾ ਵਾਅਦਾ ਨਿਭਾਇਆ :  ਮਾਨ

10/25/2017 4:26:47 PM

ਫਗਵਾੜਾ(ਜਲੋਟਾ, ਰੁਪਿੰਦਰ ਕੌਰ, ਮਹਿਤਾ,ਹਰਜੋਤ)— ਜ਼ਿਲਾ ਕਪੂਰਥਲਾ ਕਾਂਗਰਸ ਪ੍ਰਧਾਨ ਜੋਗਿੰਦਰ ਸਿੰਘ ਮਾਨ ਨੇ ਗੱਲਬਾਤ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਸੂਬੇ ਦੀ ਇੰਡਸਟਰੀ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਦੇ ਆਪਣੇ ਵਾਅਦੇ ਨੂੰ ਅਮਲੀਜਾਮਾ ਪਹਿਨਾਉਂਦੇ ਹੋਏ 1 ਨਵੰਬਰ ਤੋਂ ਇਹ ਰਾਹਤ ਭਰਿਆ ਫੈਸਲਾ ਲਾਗੂ ਕਰਨ ਸਬੰਧੀ ਵਿਭਾਗ ਨੂੰ ਹਰੀ ਝੰਡੀ ਦੇ ਦਿੱਤੀ ਹੈ। 
ਉਨ੍ਹਾਂ ਨੇ ਕਿਹਾ ਕਿ ਇਸ ਗੱਲ ਦੀ ਤਸਦੀਕ ਖੁਦ ਪੀ. ਐੱਸ. ਈ. ਆਰ. ਸੀ. ਦੀ ਚੇਅਰਪਰਸਨ ਮੈਡਮ ਕੁਸੁਮਜੀਤ ਸਿੱਧੂ ਨੇ ਵੀ ਕੀਤੀ ਹੈ। ਮਾਨ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਪੰਜਾਬ ਦੀ ਡੁੱਬਦੀ ਇੰਡਸਟਰੀ ਨੂੰ ਉਪਰ ਚੁੱਕਣ ਦਾ ਵਾਅਦਾ ਤਾਂ ਨਿਭਾਇਆ ਹੀ ਹੈ, ਨਾਲ ਹੀ ਰਾਤ ਸਮੇਂ ਇੰਡਸਟਰੀ ਨੂੰ ਮਿਲਣ ਵਾਲੀ ਬਿਜਲੀ ਦੇ ਰੇਟ ਵੀ ਘੱਟ ਕਰ ਦਿੱਤੇ ਹਨ।
ਨਵੀਆਂ ਦਰਾਂ ਮੁਤਾਬਕ ਇਹ ਰੇਟ ਹੁਣ 3.75 ਰੁਪਏ ਪ੍ਰਤੀ ਯੂਨਿਟ ਹੋਣਗੇ, ਕਿਉਂਕਿ ਰਾਤ ਸਮੇਂ ਮਿਲਣ ਵਾਲੀ ਬਿਜਲੀ ਦੀ ਖਪਤ 'ਤੇ ਇਕ ਰੁਪਏ ਪ੍ਰਤੀ ਯੂਨਿਟ ਮਿਲਣ ਵਾਲੀ ਰਾਹਤ ਸਵਾ ਰੁਪਏ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ 10 ਪੈਸੇ ਪ੍ਰਤੀ ਯੂਨਿਟ ਲੱਗਣ ਵਾਲਾ ਸਰਚਾਰਜ ਵੀ ਖਤਮ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਆਰਥਿਕ ਸੰਕਟ ਨਾਲ ਜੂਝ ਰਹੇ ਪੰਜਾਬ ਨੂੰ ਉਭਾਰਣ ਲਈ ਹੀ ਬਿਜਲੀ ਦੇ ਰੇਟਾਂ 'ਚ ਥੋੜ੍ਹਾ ਇਜ਼ਾਫਾ ਕੀਤਾ ਗਿਆ ਹੈ। ਪੰਜਾਬ ਦੇ ਲੋਕਾਂ ਦਾ ਇਹ ਫਰਜ਼ ਹੈ ਕਿ ਪਿਛਲੇ 10 ਸਾਲਾਂ ਦੌਰਾਨ ਪੰਜਾਬ ਦਾ ਜੋ ਨੁਕਸਾਨ ਅਕਾਲੀ-ਭਾਜਪਾ ਗਠਜੋੜ ਸਰਕਾਰ ਨੇ ਕੀਤਾ ਹੈ ਉਸ ਦੀ ਭਰਪਾਈ 'ਚ ਯੋਗਦਾਨ ਪਾਉਣ ਤਾਂ ਜੋ ਪੰਜਾਬ ਨੂੰ ਮੁੜ ਖੁਸ਼ਹਾਲੀ ਦੇ ਰਾਹ ਪਾਇਆ ਜਾ ਸਕੇ।
ਇਸ ਮੌਕੇ ਸੂਬਾ ਕਾਂਗਰਸ ਸਕੱਤਰ ਅਵਤਾਰ ਸਿੰਘ ਪੰਡਵਾਂ, ਮਨੀਸ਼ ਭਾਰਦਵਾਜ, ਸੀਨੀਅਰ ਆਗੂ ਸਤਬੀਰ ਸਿੰਘ ਸਾਬੀ ਵਾਲੀਆ, ਬਲਾਕ ਫਗਵਾੜਾ ਸ਼ਹਿਰੀ ਦੇ ਪ੍ਰਧਾਨ ਸੰਜੀਵ ਬੁੱਗਾ ਕੌਂਸਲਰ, ਦਿਹਾਤੀ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ, ਕੌਂਸਲਰ ਮਨੀਸ਼ ਪ੍ਰਭਾਕਰ, ਅਵਿਨਾਸ਼ ਗੁਪਤਾ ਬਾਸ਼ੀ ਆਦਿ ਹਾਜ਼ਰ ਸਨ।


Related News