ਵਰਕਸ਼ਾਪ ਦਾ ਬਿਜਲੀ ਕੁਨੈਕਸ਼ਨ ਕੱਟਣ 'ਤੇ ਭੜਕੇ ਲੋਕ, ਪਾਵਰਕਾਮ ਦਫ਼ਤਰ 'ਚ ਕੀਤਾ ਹੰਗਾਮਾ

Saturday, Oct 24, 2020 - 06:18 PM (IST)

ਭਵਾਨੀਗੜ੍ਹ (ਵਿਕਾਸ, ਸੰਜੀਵ) : ਪਾਵਰਕਾਮ ਵੱਲੋਂ ਇੱਕ ਵਿਅਕਤੀ ਦੀ ਵਰਕਸ਼ਾਪ ਦਾ ਬਿਜਲੀ ਕੂਨੈਕਸ਼ਨ ਕੱਟਣ ਤੋੰ ਬਾਅਦ ਸ਼ੁੱਕਰਵਾਰ ਨੂੰ ਇੱਥੇ ਪਾਵਰਕਾਮ ਦਫ਼ਤਰ ਵਿਖੇ ਖੂਬ ਹੰਗਾਮਾ ਹੋਇਆ। ਅਧਿਕਾਰੀਆਂ 'ਤੇ ਧੱਕੇਸ਼ਾਹੀ ਕਰਨ ਅਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲਗਾਉਂਦਾ ਹੋਇਆ ਪੀੜ੍ਹਤ ਵਿਅਕਤੀ ਬਿਜਲੀ ਕੂਨੈਕਸ਼ਨ ਬਹਾਲ ਕਰਵਾਉਣ ਲਈ ਨੰਗੇ ਧੜ ਐੱਸ. ਡੀ. ਓ. ਦੇ ਕਮਰੇ ਵਿੱਚ ਧਰਨੇ 'ਤੇ ਬੈਠ ਗਿਆ ਤੇ ਮਹਿਕਮੇ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਨ ਲੱਗਾ। ਵਿਅਕਤੀ ਨੇ ਮੌਕੇ 'ਤੇ ਅਪਣੇ ਪੂਰੇ ਪਰਿਵਾਰ ਨੂੰ ਬੁਲਾ ਕੇ ਚੇਤਾਵਨੀ ਦਿੱਤੀ ਕਿ ਮੰਗ ਪੂਰੀ ਨਾ ਹੋਣ 'ਤੇ ਉਹ ਇੱਥੇ ਹੀ ਦਫ਼ਤਰ ਵਿੱਚ ਪਰਿਵਾਰ ਸਮੇਤ ਤੇਲ ਛਿੜਕ ਕੇ ਆਤਮਦਾਹ ਕਰ ਲਵੇਗਾ। ਜਿਸ ਤੋਂ ਬਾਅਦ ਉੱਥੇ ਹਾਜ਼ਰ ਅਧਿਕਾਰੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਪੁਲਸ ਨੂੰ ਸੂਚਿਤ ਕੀਤਾ ਗਿਆ। ਜਿਸ ਉਪਰੰਤ ਮੌਕੇ ਉਪਰ ਪਹੁੰਚੀ ਪੁਲਸ ਨੇ ਪਰਿਵਾਰ ਨੂੰ ਕਿਸੇ ਤਰ੍ਹਾਂ ਸਮਝਾ ਬੁਝਾ ਕੇ ਸਥਿਤੀ 'ਤੇ ਕਾਬੂ ਪਾਇਆ। ਪੀੜ੍ਹਤ ਵਿਅਕਤੀ ਦੇ ਹੱਕ 'ਚ ਪਹੁੰਚੇ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਆਗੂਆਂ ਨੇ ਮਸਲੇ ਸਬੰਧੀ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਪਰਿਵਾਰ ਨੂੰ ਇਨਸਾਫ ਦਵਾਉਣ ਦਾ ਭਰੋਸਾ ਦਵਾਇਆ।

ਇਹ ਵੀ ਪੜ੍ਹੋ : ਵਿਵਾਦਾਂ 'ਚ ਵਲਟੋਹਾ ਪੁਲਸ, ਹਿਰਾਸਤ 'ਚ ਰੱਖੇ ਵਿਅਕਤੀ ਦੀ ਮੌਤ 

ਕੀ ਹੈ ਪੂਰਾ ਮਾਮਲਾ
 ਅਪਣੇ ਬਿਰਧ ਮਾਤਾ-ਪਿਤਾ, ਬਿਮਾਰ ਪਤਨੀ ਅਤੇ ਦੋ ਅਪੰਗ ਬੱਚਿਆਂ ਨਾਲ ਧਰਨੇ 'ਤੇ ਬੈਠੇ ਨੇੜਲੇ ਪਿੰਡ ਕਾਕੜਾ ਦੇ ਅਮਨਿੰਦਰ ਸਿੰਘ ਨੇ ਦੱਸਿਆ ਕਿ ਉਹ ਗਰੀਬ ਵਰਗ ਨਾਲ ਸਬੰਧਤ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਪਿੰਡ ਵਿੱਚ ਹੀ ਵਰਕਸ਼ਾਪ ਚਲਾਉਂਦਾ ਹੈ। ਵਿਅਕਤੀ ਨੇ ਦੋਸ਼ ਲਗਾਇਆ ਪਾਵਰਕਾਮ ਦੇ ਅਧਿਕਾਰੀਆਂ ਵੱਲੋਂ ਪਿਛਲੇ ਵੀਰਵਾਰ ਉਸਦੀ ਵਰਕਸ਼ਾਪ ਦਾ ਬਿਜਲੀ ਕੂਨੈਕਸ਼ਨ ਇਹ ਕਹਿ ਕੇ ਕੱਟ ਦਿੱਤਾ ਗਿਆ ਕਿ ਇਸ ਸਬੰਧੀ ਉਨ੍ਹਾਂ ਨੂੰ ਬੀ. ਡੀ. ਪੀ. ਓ. ਦਫ਼ਤਰ ਭਵਾਨੀਗੜ੍ਹ ਤੋਂ ਲਿਖਤੀ ਆਰਡਰ ਜਾਰੀ ਹੋਏ ਹਨ। ਇਸ ਸਬੰਧੀ ਜਦੋਂ ਉਨ੍ਹਾਂ ਬੀ. ਡੀ. ਪੀ. ਓ. ਦਫ਼ਤਰ ਪਤਾ ਕੀਤਾ ਗਿਆ ਤਾਂ ਅਧਿਕਾਰੀਆਂ ਦਾ ਕਹਿਣਾ ਸੀ ਕਿ ਤੁਹਾਡੀ ਉਸਾਰੀ ਵੀ ਨਜਾਇਜ਼ ਹੈ ਅਤੇ ਉਸਨੂੰ ਵੀ ਢਾਹ ਦਿੱਤਾ ਜਾਵੇਗਾ। ਪੀੜ੍ਹਤ ਵਿਅਕਤੀ ਨੇ ਦੋਸ਼ ਲਗਾਇਆ ਕਿ ਭ੍ਰਿਸ਼ਟਾਚਾਰ 'ਚ ਡੁੱਬ ਕੇ ਧਨਾਢਾਂ ਦੇ ਧੱਕੇ ਚੜ ਕੇ ਅਧਿਕਾਰੀ ਉਸ ਨਾਲ ਸ਼ਰੇਆਮ ਧੱਕਾ ਕਰ ਰਹੇ ਹਨ ਅਤੇ ਬਿਜਲੀ ਮੀਟਰ ਦੁਬਾਰਾ ਲਗਾਵਾਉਣ ਲਈ ਉਹ ਕਰੀਬ ਇੱਕ ਹਫ਼ਤੇ ਤੋਂ ਪਾਵਰਕਾਮ ਦਫ਼ਤਰ ਦੇ ਚੱਕਰ ਕੱਟ ਰਿਹਾ ਹੈ ਪਰ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਹੈ। ਇਸ ਸਬੰਧੀ ਪਾਵਰਕਾਮ ਦੇ ਸਬ ਡਵੀਜ਼ਨ ਅਫ਼ਸਰ ਇੰਜ. ਹਰਬੰਸ ਸਿੰਘ ਨੇ ਮੰਨਿਆ ਕਿ ਉਕਤ ਵਿਅਕਤੀ ਦਾ ਬਿਜਲੀ ਕੂਨੈਕਸ਼ਨ ਬੀ. ਡੀ. ਪੀ. ਓ . ਦਫ਼ਤਰ ਤੋਂ ਪ੍ਰਾਪਤ ਹੋਏ ਪੱਤਰ ਮੁਤਾਬਕ ਸਰਕਾਰੀ ਨਿਯਮਾਂ ਅਨੁਸਾਰ ਕੱਟਿਆ ਗਿਆ ਹੈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਬਲਾਕ ਪ੍ਰਧਾਨ ਦਰਬਾਰਾ ਸਿੰਘ, ਮਾਲਵਿੰਦਰ ਸਿੰਘ ਬਲਾਕ ਪ੍ਰਧਾਨ ਯੂਥ ਵਿੰਗ ਨੇ ਕਿਹਾ ਕਿ ਜੇਕਰ ਸੋਮਵਾਰ ਤੱਕ ਵਿਅਕਤੀ ਦਾ ਕੱਟਿਆ ਬਿਜਲੀ ਕੂਨੈਕਸ਼ਨ ਬਹਾਲ ਨਹੀਂ ਕੀਤਾ ਜਾਂਦਾ ਤਾਂ ਜਥੇਬੰਦੀ ਵੱਲੋਂ ਪਾਵਰਕਾਮ ਅਤੇ ਬੀ. ਡੀ. ਪੀ. ਓ . ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਪੈਸੇ ਕਢਾਉਣ ਆਏ ਵਿਅਕਤੀ ਦਾ ਏ. ਟੀ. ਐੱਮ. ਬਦਲ ਕੇ ਮਾਰੀ ਠੱਗੀ

ਅਦਾਲਤ ਦੇ ਆਦੇਸ਼ਾ ਮੁਤਾਬਕ ਹੋਈ ਕਾਰਵਾਈ
“ਵਿਅਕਤੀ ਵੱਲੋਂ ਲਗਾਏ ਜਾ ਰਹੇ ਸਾਰੇ ਦੋਸ਼ ਬੇਬੁਨਿਆਦ ਹਨ, ਮਹਿਕਮੇ ਵੱਲੋਂ ਅਦਾਲਤ ਦੇ ਹੁਕਮਾਂ ਮੁਤਾਬਕ ਹੀ ਕਾਰਵਾਈ ਕੀਤੀ ਗਈ ਹੈ।“ --ਬਲਜੀਤ ਸਿੰਘ ਸੋਹੀ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਭਵਾਨੀਗੜ੍ਹ।


 


Anuradha

Content Editor

Related News