ਚੰਡੀਗੜ੍ਹ : ਲੋਕਾਂ ਨੂੰ ਛੇਤੀ ਮਿਲ ਸਕਦੈ ਮੁਫ਼ਤ ਬਿਜਲੀ ਦੀਆਂ ਯੂਨਿਟਾਂ ਦਾ ਤੋਹਫਾ

Saturday, Feb 29, 2020 - 12:42 PM (IST)

ਚੰਡੀਗੜ੍ਹ : ਲੋਕਾਂ ਨੂੰ ਛੇਤੀ ਮਿਲ ਸਕਦੈ ਮੁਫ਼ਤ ਬਿਜਲੀ ਦੀਆਂ ਯੂਨਿਟਾਂ ਦਾ ਤੋਹਫਾ

ਚੰਡੀਗੜ੍ਹ (ਸਾਜਨ) : ਚੰਡੀਗੜ੍ਹ ਪ੍ਰਸਾਸ਼ਨ ਛੇਤੀ ਹੀ ਸ਼ਹਿਰ ਦੇ ਗਰੀਬ ਲੋਕਾਂ ਨੂੰ ਦਿੱਲੀ ਦੀ ਤਰਜ਼ 'ਤੇ ਤੋਹਫਾ ਦੇ ਸਕਦਾ ਹੈ। ਗਰੀਬਾਂ ਨੂੰ ਪ੍ਰਸਾਸ਼ਨ ਮੁਫ਼ਤ ਬਿਜਲੀ ਦੇਣ ਦੀ ਤਿਆਰੀ ਕਰ ਰਿਹਾ ਹੈ ਅਤੇ ਛੇਤੀ ਹੀ ਇਸਦਾ ਖਾਕਾ ਤਿਆਰ ਕੀਤਾ ਜਾ ਰਿਹਾ ਹੈ। ਕਿੰਨੇ ਯੂਨਿਟ ਬਿਜਲੀ ਮੁਫ਼ਤ ਦਿੱਤੀ ਜਾਵੇਗੀ, ਇਸ ਨੂੰ ਲੈ ਕੇ ਫਿਲਹਾਲ ਮੰਥਨ ਜਾਰੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿੰਨੀ ਬਿਜਲੀ ਦਿੱਲੀ 'ਚ ਮੁਫ਼ਤ ਦਿੱਤੀ ਜਾ ਰਹੀ ਹੈ, ਇਹ ਓਨੀ ਤਾਂ ਨਹੀਂ ਹੋਵੇਗੀ ਪਰ ਲੋਕਾਂ ਨੂੰ ਰਾਹਤ ਜ਼ਰੂਰ ਦਿੱਤੀ ਜਾਵੇਗੀ। ਸ਼ੁਰੂ ਦੀਆਂ ਕੁੱਝ ਯੂਨਿਟਾਂ ਮੁਫ਼ਤ ਹੋਣਗੀਆਂ ਤਾਂ ਬਾਅਦ ਦੀਆਂ ਯੂਨਿਟਾਂ ਦੀ ਦਰ ਵੀ ਆਮ ਲੋਕਾਂ ਨਾਲੋਂ ਵੱਖ ਹੋ ਸਕਦੀਆਂ ਹਨ। ਚੰਡੀਗੜ੍ਹ ਪ੍ਰਸਾਸ਼ਨ ਦਿੱਲੀ ਦੇ ਨਕਸ਼ੇ ਕਦਮ 'ਤੇ ਚੱਲਣ ਦੀ ਤਿਆਰੀ 'ਚ ਹੈ। ਕਿਹਾ ਜਾ ਰਿਹਾ ਹੈ ਕਿ ਭਾਜਪਾ ਨੇਤਾਵਾਂ 'ਚ ਹੀ ਇਸਨੂੰ ਲੈਕੇ ਕ੍ਰੇਡਿਟ ਲੈਣ ਦਾ ਵਾਰ ਚੱਲ ਰਿਹਾ ਹੈ।  
ਜੇ. ਈ. ਆਰ. ਸੀ. ਕੋਲ ਹੈ ਅਧਿਕਾਰ
ਗੁਜ਼ਰੇ ਦਿਨੀਂ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਯੂ. ਟੀ.  ਗੇਸਟ ਹਾਊਸ 'ਚ ਅਫਸਰਾਂ ਦੀ ਮੀਟਿੰਗ ਲੈਣ ਪਹੁੰਚੇ ਸਨ। ਮੀਟਿੰਗ ਦੌਰਾਨ ਉਨ੍ਹਾਂ ਨੇ ਪਾਵਰ ਟੈਰਿਫ ਦੇ ਮਸਲੇ 'ਤੇ ਆਦੇਸ਼ ਦਿੱਤਾ ਸੀ ਕਿ ਐਡਵਾਈਜ਼ਰ ਮਨੋਜ ਪਰਿਦਾ ਇਸਨੂੰ ਲੈਕੇ ਪਬਲਿਕ ਹੇਅਰਿੰਗ ਬੁਲਾਈ। ਇਸ 'ਚ ਬਿਜਲੀ ਨੂੰ ਲੈਕੇ ਪਬਲਿਕ ਦੇ ਵਿਚਾਰ ਸੁਣੇ ਜਾਣ। ਪ੍ਰਸਾਸ਼ਨ ਦੇ ਉਚ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਇਸ ਯੋਜਨਾ ਦਾ ਖਾਕਾ ਤਿਆਰ ਕਰਨ ਲਈ ਪਬਲਿਕ ਹੇਅਰਿੰਗ ਕਰਵਾਈ ਜਾ ਰਹੀ ਹੈ ਤਾਂਕਿ ਲੋਕਾਂ ਵੱਲੋਂ ਮਿਲੇ ਫੀਡਬੈਕ ਦੇ ਹਿਸਾਬ ਨਾਲ ਪਾਲਿਸੀ ਬਣਾਈ ਜਾ ਸਕੇ। ਫਿਲਹਾਲ ਇਸਨੂੰ ਲੈਕੇ ਵੀ ਦੁਚਿਤੀ ਹੈ ਕਿ ਗਰੀਬਾਂ ਨੂੰ ਕੁੱਝ ਯੂਨਿਟਾਂ ਮੁਫਤ ਬਿਜਲੀ ਦੇਣ ਦੀ ਯੋਜਨਾ 'ਤੇ ਜੁਆਇੰਟ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ ਵੱਲੋਂ ਫਾਈਨਲ ਅਪਰੂਵਲ ਲਈ ਜਾਵੇਗੀ ਜਾਂ ਨਹੀਂ ਜਾਂ ਸਿੱਧੇ ਤੌਰ 'ਤੇ ਪ੍ਰਸਾਸ਼ਨ ਹੀ ਇਸਨੂੰ ਲਾਗੂ ਕਰਦਾ ਹੈ। ਬਿਜਲੀ ਦੇ ਰੇਟ ਘੱਟ ਕਰਨ ਜਾਂ ਵਧਾਉਣ ਦਾ ਫੈਸਲਾ ਜੇ  ਈ . ਆਰ. ਸੀ. ਕੋਲ ਹੁੰਦਾ ਹੈ। ਪ੍ਰਸਾਸ਼ਨ ਸਿਰਫ਼ ਇਸ ਲਈ ਸ਼ਿਫਾਰਿਸ਼ ਕਰ ਸਕਦਾ ਹੈ।
ਬਿਜਲੀ ਵਿਭਾਗ ਲਗਭਗ 20 ਕਰੋੜ ਰੁਪਏ ਦੇ ਮੁਨਾਫੇ 'ਚ
ਯੂ. ਟੀ. ਪ੍ਰਸਾਸ਼ਨ ਦਾ ਬਿਜਲੀ ਵਿਭਾਗ ਲਗਭਗ 20 ਕਰੋੜ ਰੁਪਏ ਦੇ ਮੁਨਾਫੇ 'ਚ ਚੱਲ ਰਿਹਾ ਹੈ। ਚੀਫ ਇੰਜੀਨੀਅਰ ਮੁਕੇਸ਼ ਆਨੰਦ ਨੇ ਬਿਜਲੀ ਵਿਭਾਗ ਦੀ ਕਾਰਜ ਪ੍ਰਣਾਲੀ ਨੂੰ ਚੁਸਤ ਦਰੁਸਤ ਕਰ ਦਿੱਤਾ ਹੈ। ਨਾ ਸਿਰਫ਼ ਡਿਸਟ੍ਰੀਬਿਊਸ਼ਨ ਲਾਸ ਸਗੋਂ ਟਰਾਂਸਫਾਰਮਰ ਆਦਿ ਵੀ ਸ਼ਹਿਰ ਭਰ 'ਚ ਬਦਲੇ ਗਏ ਹਨ। ਇਸਤੋਂ ਇਲਾਵਾ ਜਿਨ੍ਹਾਂ ਕਾਲੋਨੀਆਂ 'ਚ ਬਿਜਲੀ ਦੀ ਚੋਰੀ ਹੁੰਦੀ ਸੀ, ਉੱਥੇ ਇੰਫੋਰਸਮੈਂਟ ਸਟਾਫ ਨੂੰ ਖਾਸ ਧਿਆਨ ਰੱਖਣ ਨੂੰ ਕਿਹਾ ਗਿਆ ਹੈ। ਲਗਾਤਾਰ ਇਨ੍ਹਾਂ ਇਲਾਕਿਆਂ 'ਚ ਛਾਪੇਮਾਰੀ ਕੀਤੀ ਜਾਂਦੀ ਰਹੀ ਹੈ। ਬੀਤੇ ਦਿਨੀਂ ਪ੍ਰਸਾਸ਼ਨ ਨੇ ਕਾਲੋਨੀਆਂ ਨੂੰ ਵੀ ਹਟਾਉਣ ਦੀ ਮੁਹਿੰਮ ਚਲਾਈ ਹੋਈ ਹੈ।  ਇਸ ਨਾਲ ਵੀ ਬਿਜਲੀ ਚੋਰੀ 'ਤੇ ਲਗਾਮ ਲੱਗੀ ਹੈ।      


author

Babita

Content Editor

Related News