ਪਹਿਲੀ ਵਾਰ 1 ਸਤੰਬਰ ਤੋਂ 51 ਲੱਖ ਖਪਤਕਾਰਾਂ ਦਾ ਬਿਜਲੀ ਬਿੱਲ ਆਵੇਗਾ ਜ਼ੀਰੋ : CM ਮਾਨ

Friday, Aug 12, 2022 - 08:24 PM (IST)

ਬਿਆਸ : ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਸੂਬਾ ਸਰਕਾਰ ਦੀ ਲੋਕ-ਪੱਖੀ ਪਹੁੰਚ ਸਦਕਾ 1 ਸਤੰਬਰ ਤੋਂ ਸੂਬੇ ਦੇ ਕੁੱਲ 74 ਲੱਖ ਪਰਿਵਾਰਾਂ 'ਚੋਂ 51 ਲੱਖ ਪਰਿਵਾਰਾਂ ਨੂੰ ਬਿਜਲੀ ਦਾ ਜ਼ੀਰੋ ਬਿੱਲ ਆਵੇਗਾ। ਅੱਜ ਇੱਥੇ 66 ਕੇ.ਵੀ. ਬੁਟਾਰੀ-ਬਿਆਸ ਲਾਈਨ ਲੋਕਾਂ ਨੂੰ ਸਮਰਪਿਤ ਕਰਨ ਤੋਂ ਬਾਅਦ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੀ ਆਮ ਆਦਮੀ ਦੀ ਸਰਕਾਰ ਨੇ ਵੱਡੀ ਪਹਿਲਕਦਮੀ ਕਰਦਿਆਂ ਸਮਾਜ ਦੇ ਹਰ ਵਰਗ ਨੂੰ ਹਰੇਕ ਬਿੱਲ 'ਤੇ 600 ਯੂਨਿਟ ਮੁਫ਼ਤ ਬਿਜਲੀ ਮੁਹੱਈਆ ਕਰਵਾਈ ਹੈ। ਇਸ ਬੇਮਿਸਾਲ ਲੋਕ-ਪੱਖੀ ਪਹਿਲਕਦਮੀ ਕਾਰਨ ਸਤੰਬਰ ਦੇ ਮਹੀਨੇ ਵਿੱਚ ਕੁੱਲ 74 ਲੱਖ ਪਰਿਵਾਰਾਂ 'ਚੋਂ 51 ਲੱਖ ਪਰਿਵਾਰਾਂ ਨੂੰ ਬਿਜਲੀ ਦਾ ਜ਼ੀਰੋ ਬਿੱਲ ਆਵੇਗਾ। ਇਸੇ ਤਰ੍ਹਾਂ ਮੁੱਖ ਮੰਤਰੀ ਨੇ ਕਿਹਾ ਕਿ ਠੰਡ ਦੇ ਮੌਸਮ 'ਚ ਘਰਾਂ ਵਿੱਚ ਬਿਜਲੀ ਦੀ ਖਪਤ ਵੀ ਘਟ ਜਾਂਦੀ ਹੈ, ਜਿਸ ਕਰਕੇ ਨਵੰਬਰ ਤੇ ਦਸੰਬਰ ਦਾ ਜਿਹੜਾ ਬਿੱਲ ਜਨਵਰੀ ਮਹੀਨੇ ਵਿੱਚ ਆਵੇਗਾ, ਉਸ ਨਾਲ ਲਗਭਗ 68 ਲੱਖ ਪਰਿਵਾਰਾਂ ਦਾ ਜ਼ੀਰੋ ਬਿੱਲ ਆਵੇਗਾ, ਜੋ ਕਿ ਸੂਬੇ ਦੇ ਕੁੱਲ ਘਰਾਂ ਦਾ ਕਰੀਬ 90 ਫ਼ੀਸਦੀ ਹੋਵੇਗਾ।

ਇਹ ਵੀ ਪੜ੍ਹੋ : ਮੋਬਾਇਲ ਵਿੰਗ ਨੇ ਸ਼ੰਭੂ ਤੋਂ ਲੈ ਕੇ ਲੁਧਿਆਣਾ ਤੱਕ ਫੜੀਆਂ ਸਕ੍ਰੈਪ ਦੀਆਂ 35 ਗੱਡੀਆਂ

PunjabKesari

ਸੀ.ਐੱਮ. ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਲੋਕਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਇਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਸੂਬੇ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਿਸਾਨਾਂ ਨੂੰ ਨਿਰਵਿਘਨ ਅਤੇ ਵਾਧੂ ਬਿਜਲੀ ਮਿਲ ਰਹੀ ਹੈ। ਇਸ ਵਾਰ ਨਾ ਤਾਂ ਕਿਸਾਨਾਂ ਲਈ ਕੋਈ ਬਿਜਲੀ ਕੱਟ ਲੱਗਾ ਤੇ ਨਾ ਹੀ ਆਮ ਲੋਕਾਂ ਲਈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਸਰਬਪੱਖੀ ਵਿਕਾਸ ਲਈ ਕਈ ਪਹਿਲਕਦਮੀਆਂ ਕਰ ਰਹੀ ਹੈ। ਸਰਹੱਦੀ ਜ਼ਿਲ੍ਹਿਆਂ ਦੇ 70 ਪਿੰਡਾਂ ਨੂੰ ਨਿਰੰਤਰ ਬਿਜਲੀ ਦੇਣ ਲਈ ਇਸ ਮਹੱਤਵਪੂਰਨ ਲਾਈਨ ਦਾ ਕੰਮ ਪਿਛਲੇ ਇਕ ਦਹਾਕੇ ਤੋਂ ਲਟਕ ਰਿਹਾ ਸੀ। ਮਾਨ ਨੇ ਕਿਹਾ ਕਿ ਉਨ੍ਹਾਂ ਨੇ ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਅਧਿਕਾਰੀਆਂ ਨੂੰ ਅਜਿਹੇ ਸਾਰੇ ਪ੍ਰਾਜੈਕਟਾਂ ਨੂੰ ਪਹਿਲ ਦੇ ਆਧਾਰ 'ਤੇ ਪੂਰੇ ਕਰਨ ਦੇ ਆਦੇਸ਼ ਦਿੱਤੇ ਸਨ। ਮੁੱਖ ਮੰਤਰੀ ਨੇ ਦੱਸਿਆ ਕਿ ਇਸ ਪ੍ਰਾਜੈਕਟ 'ਤੇ ਕੁੱਲ 4.40 ਕਰੋੜ ਰੁਪਏ ਖਰਚ ਆਏ ਹਨ। ਇਸ ਨਾਲ 2 ਲੱਖ ਤੋਂ ਵੱਧ ਖਪਤਕਾਰਾਂ ਨੂੰ ਲਾਭ ਹੋਵੇਗਾ, ਜਿਨ੍ਹਾਂ ਨੂੰ ਹੁਣ ਤੋਂ ਬਿਜਲੀ ਕੱਟਾਂ ਜਾਂ ਓਵਰਲੋਡਿੰਗ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਮਾਨ ਨੇ ਕਿਹਾ ਕਿ 4 ਪਾਵਰ ਸਟੇਸ਼ਨ 66 ਕੇ.ਵੀ. ਲਿੱਦੜ, 66 ਕੇ.ਵੀ. ਬਿਆਸ, 66 ਕੇ.ਵੀ. ਬੁਟਾਲਾ ਅਤੇ 66 ਕੇ.ਵੀ. ਸਠਿਆਲਾ ਇਸ ਪ੍ਰਾਜੈਕਟ ਨਾਲ ਜੁੜੇ ਹੋਏ ਹਨ।

ਇਹ ਵੀ ਪੜ੍ਹੋ : ਮੇਰੇ ’ਤੇ ਲਾਏ ਇਲਜ਼ਾਮ ਕੋਈ ਸਾਬਤ ਕਰ ਦੇਵੇ ਤਾਂ ਛੱਡ ਦੇਵਾਂਗਾ ਸਿਆਸਤ : ਮਨਪ੍ਰੀਤ ਇਯਾਲੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News