ਗਰਮੀ ਵਧਣ ਦੇ ਨਾਲ ਬਿਜਲੀ ਦੀ ਮੰਗ ਵੀ ਵਧੀ, ਲੱਗਣ ਲੱਗੇ ਲੰਬੇ ਲੰਬੇ ਕੱਟ
Friday, Apr 21, 2023 - 02:25 PM (IST)
ਪਟਿਆਲਾ : ਗਰਮੀ ਵਧਣ ਦੇ ਨਾਲ ਹੀ ਬਿਜਲੀ ਦੀ ਮੰਗ ਵੀ ਲਗਾਤਾਰ ਵੱਧ ਰਹੀ ਹੈ। ਵੀਰਵਾਰ ਨੂੰ ਬਿਜਲੀ ਦੀ ਵੱਧ ਤੋਂ ਵੱਧ ਮੰਗ 6756 ਮੇਗਾਵਾਟ ਰਹੀ। ਸਰਕਾਰੀ ਅਤੇ ਪ੍ਰਾਈਵੇਟ ਪਾਵਰ ਥਰਮਲ ਪਲਾਂਟਾਂ ਸਮੇਤ ਹੋਰ ਸ੍ਰੋਤਾਂ ਤੋਂ ਸ਼ਾਮ ਪੰਜ ਵਜੇ ਤਕ ਉਤਪਾਦਨ 3807 ਮੇਗਾਵਾਟ ਰਿਹਾ। ਬਾਕੀ ਦੀ ਸਪਾਲਾਈ ਬਾਹਰੋਂ ਬਿਜਲੀ ਲੈ ਕੇ ਕੀਤੀ ਗਈ। ਅਪ੍ਰੈਲ ਵਿਚ ਬਿਜਲੀ ਦੀ ਮੰਗ ਵਧਣ ਦੇ ਨਾਲ ਹੀ ਇਹ ਰੇਟ ਵੀ ਦੁੱਗਣੇ ਵੱਧ ਗਏ ਹਨ। ਇਲੈਕਟ੍ਰੀਸਿਟੀ ਓਪਨ ਐਕਸਚੇਂਜ ਮਾਰਕਿਟ ਪ੍ਰਤੀ ਯੂਨਿਟ ਰੇਟ ਵਧਣ ਨਾਲ ਪਾਵਰਕਾਮ ਨੂੰ ਵੱਡਾ ਝਟਕਾ ਲੱਗਾ ਹੈ।
ਪਾਵਰਕਾਮ ਦੀ ਰਿਪੋਰਟ ਮੁਤਾਬਕ 3 ਅਪ੍ਰੈਲ ਨੂੰ ਔਸਤ ਪ੍ਰਤੀ ਯੂਨਿਟ 3.91 ਪੈਸੇ ਦੀ ਦਰ ਨਾਲ ਮਿਲ ਰਹੀ ਸੀ। ਦੋ ਹਫਤੇ ਦੇ ਅੰਦਰ ਹੀ ਬਿਜਲੀ ਰੇਟ 6.75 ਪੈਸੇ ਹੋ ਗਏ ਹਨ। ਮਤਲਬ ਲਗਭਗ 50 ਫੀਸਦੀ ਬਿਜਲੀ ਮਹਿੰਗੀ ਹੋਈ ਹੈ। ਜਾਣਕਾਰਾਂ ਦੀ ਮੰਨੀਏ ਤਾਂ ਇਹ ਗਿਣਤੀ ਆਉਣ ਵਾਲੇ ਦਿਨਾਂ ਵਿਚ ਹੋਰ ਵਧਣ ਦਾ ਖਦਸ਼ਾ ਹੈ। ਪੀ. ਐੱਸ. ਪੀ. ਸੀ. ਐੱਲ. ਬਾਹਰੋਂ ਲਗਭਗ 170 ਕਰੋੜ ਰੁਪਏ ਦੀ ਬਿਜਲੀ ਖਰੀਦ ਚੁੱਕਾ ਹੈ। ਇਸ ਤੋਂ ਬਾਅਦ ਵੀ ਪਾਵਰ ਕੱਟ ਦਾ ਸਿਲਸਿਲਾ ਲਗਾਤਾਰ ਜਾਰੀ ਹੈ।
ਮੰਗ ਵਧਣ ਦੇ ਨਾਲ ਹੀ ਪਾਵਰਕਾਮ ਨੇ ਰੋਪੜ ਜੀ. ਵੀ. ਕੇ. ਪਾਵਰ ਥਰਮਲ ਪਲਾਂਟ ਨੇ ਆਪਣੇ 1-1 ਯੂਨਿਟ ਚਾਲੂ ਕਰ ਦਿੱਤੇ ਹਨ। ਵੀਰਵਾਰ ਸ਼ਾਮ ਸਾਢੇ 6 ਵਜੇ ਤਕ ਪੰਜਾਬ ਵਿਚ 24 ਹਜ਼ਾਰ ਸ਼ਿਕਾਇਤਾਂ ਰਜਿਸਟਰਡ ਹੋਈਆਂ ਹਨ, ਜਿਨ੍ਹਾਂ ਵਿਚੋਂ 22434 ਠੀਕ ਹੋਈਆਂ। ਇਸ ਤੋਂ ਬਾਅਦ ਵੀ 24 ਹਜ਼ਾਰ 119 ਦਾ ਨਿਪਟਾਰਾ ਨਹੀਂ ਹੋ ਸਕਿਆ ਹੈ। ਇਨ੍ਹਾਂ ਵਿਚੋਂ 14 ਹਜ਼ਾਰ ਵਿਚੋਂ ਜ਼ਿਆਦਾ ਸ਼ਿਕਾਇਤਾਂ ਬੀਤੇ ਦਿਨ ਦੀਆਂ ਸ਼ਾਮਲ ਹਨ। ਵੀਰਵਾਰ ਨੂੰ ਵੀ ਸੂਬੇ ਵਿਚ 100 ਫੀਡਰਾਂ ’ਤੇ ਰਿਪੇਅਰਿੰਗ ਦੇ ਨਾਮ ’ਤੇ ਕੱਟ ਲੱਗੇ। ਸਭ ਤੋਂ ਜ਼ਿਆਦਾ ਕੱਟ ਫਰੀਦਕੋਟ, ਬਠਿੰਡਾ, ਲੁਧਿਆਣਾ, ਗੜ੍ਹਸ਼ੰਕਰ ਤੇ ਕਾਦੀਆਂ ਜ਼ਿਲ੍ਹੇ ਵਿਚ ਲੱਗੇ ਹਨ।