ਬਿਜਲੀ ਦੀ ਮੰਗ ਨੇ ਤੋੜੇ ਸਾਰੇ ਰਿਕਾਰਡ, ਲੱਗਣ ਲੱਗੇ ਲੰਮੇ-ਲੰਮੇ ਕੱਟ

03/03/2023 2:45:11 PM

ਪਟਿਆਲਾ : ਸਮੇਂ ਤੋਂ ਪਹਿਲਾਂ ਆਈ ਗਰਮੀ ਕਾਰਣ ਬਿਜਲੀ ਦੀ ਮੰਗ ਨੇ ਪਿਛਲੇ ਰਿਕਾਰਡ ਤੋੜ ਦਿੱਤੇ ਹਨ। ਆਲਮ ਇਹ ਹੈ ਕਿ ਇਸ ਸਾਲ ਫਰਵਰੀ ਮਹੀਨੇ ਦੌਰਾਨ ਬਿਜਲੀ ਦੀ ਮੰਗ ਵਿਚ ਪਿਛਲੇ ਸਾਲ ਦੇ ਇਸੇ ਮਹੀਨੇ ਦੇ ਮੁਕਾਬਲੇ ਲਗਭਗ 19 ਫੀਸਦੀ ਦਾ ਵਾਧਾ ਹੋਇਆ ਹੈ। ਇਸੇ ਦਾ ਨਤੀਜਾ ਹੈ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ. ਐੱਸ. ਪੀ. ਸੀ.ਐੱਲ.) ਨੂੰ ਕਈ ਸ਼ਹਿਰਾਂ ਅਤੇ ਪਿੰਡਾਂ ਵਿਚ ਅਣ-ਐਲਾਨੇ ਬਿਜਲੀ ਦੇ ਕੱਟ ਲਗਾਉਣੇ ਪੈ ਰਹੇ ਹਨ। ਅਗਲੇ ਕੁਝ ਮਹੀਨਿਆਂ ਦੌਰਾਨ ਜਿੱਥੇ ਬਿਜਲੀ ਦੀ ਮੰਗ ਹੋਰ ਵਧਣ ਦੀ ਉਮੀਦ ਹੈ, ਉਥੇ ਹੀ ਐਨਰਜੀ ਐਕਸਚੇਂਜ ’ਤੇ ਬਿਜਲੀ ਦੀਆਂ ਦਰਾਂ ਵਿਚ ਹੋਏ ਵਾਧੇ ਅਤੇ ਉਤਪਾਦਨ ਵਿਚ ਆਈ ਕਮੀ ਕਾਰਣ ਪੀ. ਐੱਸ. ਪੀ. ਸੀ. ਐੱਲ. ਨੂੰ ਗਰਮੀਆਂ ਦੇ ਸਿਖਰ ਸੀਜ਼ਨ ਤੋਂ ਪਹਿਲਾਂ ਹੀ ਇੱਕ ਘੰਟੇ ਤੋਂ ਦੋ ਘੰਟੇ ਤੱਕ ਦੇ ਬਿਜਲੀ ਕੱਟ ਲਗਾਉਣੇ ਪੈ ਰਹੇ ਹਨ। ਜੇਕਰ ਇਹੋ ਹਾਲ ਰਿਹਾ ਤਾਂ ਆਉਣ ਵਾਲੇ ਸਮੇਂ ਵਿਚ ਹਾਲਾਤ ਹੋਰ ਬਦਤਰ ਹੋ ਸਕਦੇ ਹਨ। 

27 ਫਰਵਰੀ ਨੂੰ ਸੂਬੇ ਵਿਚ ਵੱਧ ਤੋਂ ਵੱਧ ਬਿਜਲੀ ਦੀ ਮੰਗ 7,260 ਮੈਗਾਵਾਟ ਸੀ, ਜਿਹੜੀ ਪਿਛਲੇ ਸਾਲ ਦੀ ਇਸੇ ਤਾਰੀਖ਼ ਨੂੰ 20 ਫੀਸਦੀ ਵੱਧ ਸੀ। 28 ਫਰਵਰੀ ਨੂੰ ਵੱਧ ਤੋਂ ਵੱਧ ਬਿਜਲੀ ਦੀ ਮੰਗ 6,266 ਮੈਗਾਵਾਟ ਸੀ, ਜਿਹੜੀ ਪਿਛਲੇ ਸਾਲ ਇਸੇ ਤਾਰੀਖ ਦੇ ਮੁਕਾਬਲੇ 7 ਫੀਸਦੀ ਵੱਧ ਸੀ। ਪੀ. ਐੱਸ. ਪੀ. ਸੀ. ਐੱਲ. ਦੇ ਇਕ ਅਧਿਕਾਰੀ ਮੁਤਾਬਕ ਵਿਭਾਗ ਵਲੋਂ ਉਨ੍ਹਾਂ ਇਲਾਕਿਆਂ ਵਿਚ ਵਧੇਰੇ ਕੱਟ ਲਗਾਏ ਜਾ ਰਹੇ ਹਨ, ਜਿੱਥੇ ਬਿਜਲੀ ਚੋਰੀ ਦੀਆਂ ਘਟਨਾਵਾਂ ਜ਼ਿਆਦਾ ਦਰਜ ਕੀਤੀਆਂ ਗਈਆਂ ਹਨ, ਇਨ੍ਹਾਂ ਇਲਾਕਿਆਂ ਵਿਚ ਅੱਗੇ ਵੀ ਬਿਜਲੀ ਕੱਟ ਜਾਰੀ ਰਹਿਣਗੇ। 

ਉੁਨ੍ਹਾਂ ਕਿਹਾ ਕਿ ਬਿਜਲੀ ਦੀ ਸਭ ਤੋਂ ਜ਼ਿਆਦਾ ਚੋਰੀ ਸਰਹੱਦੀ ਇਲਾਕਿਆਂ ਦੇ ਤਰਨਤਾਰਨ, ਅੰਮ੍ਰਿਤਸਰ, ਭੀਖੀ ਵਿੰਡ, ਪੱਟੀ ਅਤੇ ਫਿਰੋਜ਼ਪੁਰ ਦੇ ਇਲਾਕਿਆਂ ਵਿਚ ਰਿਕਾਰਡ ਕੀਤੀ ਗਈ ਹੈ, ਬਾਕੀਆਂ ਦੇ ਮੁਕਾਬਲੇ ਇਨ੍ਹਾਂ ਇਲਾਕਿਆਂ ਵਿਚ ਸਭ ਤੋਂ ਵੱਧ ਬਿਜਲੀ ਦੇ ਕੱਟ ਲਗਾਏ ਜਾ ਰਹੇ ਹਨ, ਜੋ ਅੱਗੇ ਵੀ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਸੂਬੇ ਨੂੰ ਰੋਜ਼ਾਨਾ ਬਿਜਲੀ ਦੇ 20 ਤੋਂ 30 ਲੱਖ ਯੂਨਿਟ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਸ ਲਈ ਬਿਜਲੀ ਕੱਟ ਲਗਾਉਣੇ ਹੀ ਇਕੋ ਇਕ ਬਦਲ ਬਚਦਾ ਹੈ। 

 


Gurminder Singh

Content Editor

Related News