ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਬਿਜਲੀ ਦੇ ਸਰਕਟ ਨਾਲ ਅਗਨ ਭੇਂਟ
Tuesday, Jun 16, 2020 - 02:55 PM (IST)
ਬਾਬਾ ਬਕਾਲਾ ਸਾਹਿਬ (ਰਾਕੇਸ਼) : ਤਹਿਸੀਲ ਬਾਬਾ ਬਕਾਲਾ ਸਾਹਿਬ ਦੇ ਪਿੰਡ ਵਡਾਲਾ ਕਲਾਂ ਦੀ ਪੱਤੀ ਮੀਆਂ ਕੀ ਵਿਖੇ ਸਥਿਤ ਗੁਰਦੁਆਰਾ ਸਾਹਿਬ 'ਚ ਅਚਾਨਕ ਬਿਜਲੀ ਦੇ ਸਰਕਟ ਸ਼ਾਰਟ ਹੋਣ ਕਾਰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਅਗਨ ਭੇਂਟ ਹੋ ਗਿਆ। ਇਸ ਦੁਖਦਾਈ ਘਟਨਾ ਵਾਪਰਣ ਤੋਂ ਬਾਅਦ ਡੀ. ਐੱੱਸ. ਪੀ. ਬਾਬਾ ਬਕਾਲਾ ਸਾਹਿਬ ਹਰਕ੍ਰਿਸ਼ਨ ਸਿੰਘ ਤੋਂ ਇਲਾਵਾ ਹੋਰ ਵੀ ਕਈ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਪੁੱਜ ਕੇ ਮੌਕੇ 'ਤੇ ਸਥਿਤੀ ਦਾ ਜਾਇਜ਼ਾ ਲਿਆ ਗਿਆ। ਇਸ ਘਟਨਾ ਪ੍ਰਤੀ ਸਮੁੱਚੇ ਪਿੰਡ ਅਤੇ ਖਾਸਕਰ ਸੰਗਤਾਂ 'ਚ ਭਾਰੀ ਰੋਹ ਦੇਖਣ ਨੂੰ ਮਿਲਿਆ। ਡੀ. ਐੱੱਸ. ਪੀ. ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਪ੍ਰਕਾਸ਼ ਕੀਤਾ ਗਿਆ ਤਾਂ ਉਸ ਤੋਂ ਬਾਅਦ ਇਹ ਅਚਾਨਕ ਮੰਦਭਾਗੀ ਅਤੇ ਦੁਖਦਾਈ ਘਟਨਾ ਵਾਪਰੀ। ਇਸ ਘਟਨਾ 'ਤੇ ਹਲਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਸਾਬਕਾ ਮੁੱਖ ਸੰਸਦੀ ਸਕੱਤਰ ਮਨਜੀਤ ਸਿੰਘ ਮੰਨਾ, ਹੈੱਡ ਗ੍ਰੰਥੀ ਭਾਈ ਭੁਪਿੰਦਰ ਸਿੰਘ, ਮੀਤ ਮੈਨੇਜਰ ਮੋਹਨ ਸਿੰਘ ਕੰਗ, ਕੌਮੀ ਆਗੂ ਗਗਨਦੀਪ ਸਿੰਘ ਜੱਜ, ਯੂਥ ਅਕਾਲੀ ਦਲ ਮਾਝਾ ਜ਼ੋਨ ਦੇ ਜਨਰਲ ਸਕੱਤਰ ਹਰਜੀਤ ਸਿੰਘ ਮੀਆਂਵਿੰਡ, ਗੁਰਮੀਤ ਸਿੰਘ ਪਨੇਸਰ, ਡਾ. ਭਗਵੰਤ ਸਿੰਘ ਤੇ ਪਰਮਿੰਦਰਜੀਤ ਸਿੰਘ (ਤਿੰਨੇ ਸਾਬਕਾ ਸਰਪੰਚ) ਵੱਲੋਂ ਇਸ ਮੰਦਭਾਗੀ ਘਟਨਾ 'ਤੇ ਦੁੱਖ ਜ਼ਾਹਰ ਕੀਤਾ ਗਿਆ।
ਇਹ ਵੀ ਪੜ੍ਹੋ : ਫਤਿਹਗੜ੍ਹ ਸਾਹਿਬ ਦੇ ਪਿੰਡ ਨਲਿਨੀ 'ਚ ਗੁਟਕਾ ਸਾਹਿਬ ਦੀ ਬੇਅਦਬੀ
ਫਤਿਹਗੜ੍ਹ ਸਾਹਿਬ ਦੇ ਪਿੰਡ ਨਲਿਨੀ 'ਚ ਗੁਟਕਾ ਸਾਹਿਬ ਦੀ ਬੇਅਦਬੀ
ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਨਲਿਨੀ 'ਚ ਗੁਟਕਾ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ 'ਚੋਂ ਲੱਗਦੇ ਸੂਏ 'ਚ ਗੁਟਕਾ ਸਾਹਿਬ ਦੇ ਪੱਤਰੇ ਪਾਣੀ 'ਚ ਵਹਿੰਦੇ ਦੇਖੇ ਗਏ, ਜਿਸ ਨੂੰ ਖੇਤਾਂ 'ਚ ਜੀਰੀ ਲਾ ਰਹੇ ਵਿਅਕਤੀ ਨੇ ਦੇਖ ਕੇ ਪਿੰਡ ਦੇ ਗ੍ਰੰਥੀ ਸਿੰਘ ਨੂੰ ਸੂਚਿਤ ਕੀਤਾ ਅਤੇ ਉਨ੍ਹਾਂ ਵਲੋਂ ਪੱਤਰੇ ਇਕੱਤਰ ਕੀਤੇ ਗਏ ਅਤੇ ਪਿੰਡ ਦੇ ਗ੍ਰੰਥੀ ਸਿੰਘ ਵਲੋਂ ਇਸ ਦੀ ਸੂਚਨਾ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਪ੍ਰਬੰਧਕਾਂ ਨੂੰ ਦਿੱਤੀ ਗਈ, ਜਿਸ ਦੇ ਚੱਲਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਕਰਨੈਲ ਸਿੰਘ ਪੰਜੋਲੀ ਨੇ ਕਿਹਾ ਕਿ ਇਹ ਪੱਤਰੇ ਬਿਰਧ ਅਵਸਥਾ 'ਚ ਹੋਣ ਕਾਰਨ ਕਿਸੇ ਵਿਅਕਤੀ ਵਲੋਂ ਪਾਣੀ 'ਚ ਜਲ ਪ੍ਰਵਾਹ ਕੀਤੇ ਲੱਗਦੇ ਹਨ।
ਇਹ ਵੀ ਪੜ੍ਹੋ : ਸਮਰਾਲਾ : ਗੁਰਦੁਆਰਾ ਸਾਹਿਬ 'ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਚੁੱਕ ਘਰ ਲੈ ਗਿਆ ਵਿਅਕਤੀ