ਸਥਾਨਕ ਚੋਣਾਂ ਦੇ ਨਤੀਜਿਆਂ ਦੇ ਐਲਾਨ ਤੋਂ ਬਾਅਦ ਅਕਾਲੀ ਦਲ ਦਾ ਕਾਂਗਰਸ ’ਤੇ ਹਮਲਾ
Wednesday, Feb 17, 2021 - 06:12 PM (IST)
ਅੰਮ੍ਰਿਤਸਰ (ਬਿਊਰੋ) - 8 ਨਗਰ ਨਿਗਮ ਅਤੇ 109 ਨਗਰ ਕੌਸਲਾਂ ਅਤੇ ਪੰਚਾਇਤਾਂ ਦੀਆਂ ਹੋਈਆਂ ਚੋਣਾਂ ਦੀ ਗਿਣਤੀ ਦੇ ਸਬੰਧ ’ਚ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵਲੋਂ ਅੰਮ੍ਰਿਤਸਰ ਜ਼ਿਲ੍ਹੇ ’ਚ ਪ੍ਰੈੱਸ ਕਾਨਫਰੰਸ ਕੀਤੀ ਗਈ। ਚੋਣਾਂ ਦੇ ਆਏ ਨਤੀਜਿਆਂ ਤੋਂ ਬਾਅਦ ਅਕਾਲੀ ਦਲ ਨੇ ਕਾਂਗਰਸ ਦੀ ਜਿੱਤ ’ਤੇ ਹਮਲਾ ਕਰਦੇ ਹੋਏ ਕਿਹਾ ਕਿ ਕਾਂਗਰਸ ਨੇ ਇਹ ਜਿੱਤ ਧੱਕੇਸ਼ਾਹੀ ਨਾਲ ਹਾਸਲ ਕੀਤੀ ਹੈ। ਮਜੀਠੀਆ ਨੇ ਕਿਹਾ ਕਿ ਕਾਂਗਰਸ ਵਲੋਂ ਕੀਤੀ ਗਈ ਧੱਕੇਸ਼ਾਹੀ ਦੇ ਬਾਵਜੂਦ 15 ਤੋਂ 8 ਸੀਟਾਂ ਸਾਡੇ ਹਿੱਸੇ ਆਈਆਂ ਹਨ। ਕਾਂਗਰਸ ਨੇ ਬੇਸ਼ੱਕ ਬਾਦਲ ਪਰਿਵਾਰ ਦੇ ਗੜ੍ਹ ’ਚ ਫਤਹਿ ਕਰ ਲਈ ਹੈ ਪਰ ਮਜੀਠੀਆ ਨੇ ਆਪਣਾ ਦਬਦਬਾ ਅੱਜ ਵੀ ਕਾਇਮ ਰੱਖਿਆ ਹੋਇਆ ਹੈ।
ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ ’ਚ ਦਿਲ ਕੰਬਾਊ ਵਾਰਦਾਤ : 12ਵੀਂ ਦੇ ਵਿਦਿਆਰਥੀ ਦਾ ਸਕੂਲ ਦੇ ਬਾਹਰ ਤੇਜ਼ਧਾਰ ਹਥਿਆਰਾਂ ਨਾਲ ਕਤਲ
ਚੋਣਾਂ ਦੇ ਸਬੰਧ ’ਚ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਮਜੀਠੀਆ ਨੇ ਕਿਹਾ ਕਿ ਪੰਜਾਬ ਦੀਆਂ 40 ਫੀਸਦੀ ਸੀਟਾਂ ਅਜਿਹੀਆਂ ਹਨ, ਜਿਥੇ ਚੋਣਾਂ ਹੀ ਨਹੀਂ ਹੋਈਆਂ, ਉਥੇ ਇਕ ਤਰਫ਼ੇ ਫ਼ੈਸਲੇ ਸੁਣਾ ਦਿੱਤੇ ਗਏ ਹਨ। ਕਈ ਥਾਵਾਂ ’ਤੇ ਕਾਂਗਜ਼ ਤੱਕ ਦਾਖ਼ਲ ਨਹੀਂ ਕਰਨ ਦਿੱਤੇ ਗਏ, ਜੇਕਰ ਕਾਗਜ਼ ਦਾਖਲ ਹੋਏ ਤਾਂ ਵਿਰੋਧੀ ਪਾਰਟੀਆਂ ਵਲੋਂ ਉਹ ਉਨ੍ਹਾਂ ਕਾਗਜ਼ਾਂ ਨੂੰ ਉੱਡਾ ਦਿੱਤਾ। ਉਨ੍ਹਾਂ ਕਿਹਾ ਕਿ 3 ਨਗਰ ਕੌਸਲਾਂ ਮਜੀਠਾ, ਅਜਨਾਲਾ ਅਤੇ ਅਲਾਵਲਪੁਰ ’ਚ ਅਕਾਲੀ ਦਲ ਦੀ ਵੱਡੀ ਜਿੱਤ ਹੋਈ ਹੈ। ਮਜੀਠਾ ਦੀਆਂ 13 ਸੀਟਾਂ ’ਚੋਂ 10 ਸੀਟਾਂ ’ਤੇ ਅਕਾਲੀ ਦਾ ਕਬਜ਼ਾ ਤੇ ਅਜਨਾਲਾ ਦੀਆਂ 8 ਸੀਟਾਂ ’ਤੇ ਅਕਾਲੀ ਦਲ ਨੇ ਕਬਜ਼ਾ ਕੀਤਾ ਹੈ।
ਮਜੀਠੀਆ ਨੇ ਕਿਹਾ ਕਿ ਮਾਝੇ ਹਲਕੇ ’ਚ 67 ਸੀਟਾਂ ’ਤੇ ਚੋਣ ਹੋਈ ਹੈ, ਜਿਨ੍ਹਾਂ ’ਚੋਂ 39 ਸੀਟਾਂ ’ਤੇ ਕਾਂਗਰਸ ਦੀ ਜਿੱਤ ਅਤੇ 25 ਸੀਟਾਂ ’ਤੇ ਸ਼੍ਰੋਮਣੀ ਅਕਾਲੀ ਦਲ ਨੇ ਜਿੱਤ ਹਾਸਲ ਕੀਤੀ ਹੈ। ਮਜੀਠੀਆ ਨੇ ਕਿਹਾ ਕਿ 2022 ’ਚ ਹੋਣ ਵਾਲੀ ਚੋਣ 2 ਪਾਰਟੀਆਂ ਦੇ ਵਿਚਕਾਰ ਹੋਵੇਗੀ, ਉਹ ਹੈ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਤਸਲ਼ੀ ਹੈ ਕਿ ਜਿਹੜੀ ਪਾਰਟੀ ਇਨ੍ਹਾਂ ਚੋਣਾਂ ’ਚ ਰਨਰਅਪ ਹੁੰਦੀ ਹੈ, ਉਹ ਪਾਰਟੀ ਵਿਧਾਨ ਸਭਾ ਚੋਣਾਂ ’ਚ ਜਿੱਤ ਹਾਸਲ ਜ਼ਰੂਰ ਕਰਦੀ ਹੈ। ਇਸ ਗੱਲ ਦੀ ਸਚਾਈ ਦਾ ਪਤਾ ਤੁਸੀਂ ਪਿਛਲੇ ਰਿਕਾਰਡ ਅਤੇ ਪਿਛਲੇ ਇਤਿਹਾਸ ਨੂੰ ਦੇਖ ਕੇ ਲੱਗਾ ਸਕਦੇ ਹੋ।
ਪੜ੍ਹੋ ਇਹ ਵੀ ਖ਼ਬਰ - ਫਾਇਨਾਂਸ ਕੰਪਨੀ ਦੇ ਕਰਮਚਾਰੀਆਂ ਤੋਂ ਪਰੇਸ਼ਾਨ ਨੌਜਵਾਨ ਵਲੋਂ ਖੁਦਕੁਸ਼ੀ, ਸੁਸਾਈਡ ਨੋਟ ’ਚ ਕਹੀ ਇਹ ਗੱਲ
ਮਜੀਠੀਆ ਨੇ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਨਹੀਂ, ਸਗੋ ਡੀ.ਜੀ.ਪੀ ਦਿਨਕਰ ਗੁਪਤਾ, ਪੰਜਾਬ ਪੁਲਸ, ਵਿਨੀ ਮਹਾਜਨ, ਜਗਪਾਲ ਨੂੰ ਇਸ ਗੱਲ ਦੀ ਵਧਾਈ ਦਿੱਤੀ ਕਿ ਉਨ੍ਹਾਂ ਨੇ ਕਾਂਗਰਸ ਨੂੰ ਖੜ੍ਹਾ ਰੱਖਣ ’ਚ ਜੋ ਭੂਮਿਕਾ ਨਿਭਾਈ ਹੈ, ਉਸ ਨੂੰ ਕਦੇ ਕੋਈ ਭੁਲਾ ਨਹੀਂ ਸਕਦਾ। ਇਸ ਗੱਲ ਨੂੰ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਵੀ ਨਹੀਂ ਭੁਲਾ ਸਕਦੇ, ਕਿਉਂਕਿ ਜੋ ਕੰਮ ਉਹ ਨਹੀਂ ਕਰ ਸਕਦੇ ਸੀ, ਉਹ ਇਨ੍ਹਾਂ ਲੋਕਾਂ ਨੇ ਕਰਕੇ ਦਿਖਾ ਦਿੱਤਾ। ਇਸੇ ਲਈ ਉਹ ਇਨ੍ਹਾਂ ਨੂੰ ਅਤੇ ਪੁਲਸ ਨੂੰ ਵਧਾਈ ਦੇ ਰਹੇ ਹਨ।
ਮਜੀਠੀਆ ਨੇ ਕਿਹਾ ਕਿ ਇਨ੍ਹਾਂ ਚੋਣਾਂ ਤੋਂ ਕਾਂਗਰਸ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ। ਤਕਨੀਕੀ ਵਿਦਿਅਕ ਅਤੇ ਉਦਯੋਗਿਕ ਸਿਖਲਾਈ ਦੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚਨੀ ਦਾ ਭਰਾ ਇਸ ਚੋਣ ’ਚ ਹਾਰ ਗਿਆ ਹੈ, ਜਿਸ ਤੋਂ ਇਹ ਸਿੱਧ ਹੁੰਦਾ ਕਿ ਲੋਕ ਕਾਂਗਰਸ ਪਾਰਟੀ ਤੋਂ ਕਿੰਨੇ ਦੁੱਖੀ ਹਨ। ਪ੍ਰੈੱਸ ਕਾਨਫਰੰਸ ’ਚ ਜਾਖੜ ਵਲੋਂ ਆਪਣੀ ਸਰਕਾਰ ਦੀਆਂ 2 ਜਿੱਤਾਂ ਦਾ ਐਲਾਨ ਕੀਤਾ ਗਿਆ, ਜੋ ਅਬੋਹਰ ਅਤੇ ਗੁਰਦਾਸਪੁਰ ਦਾ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਤੋਂ ਤਾਂ ਜਾਖੜ ਨੂੰ ਪਹਿਲਾਂ ਹੀ ਲੋਕਾਂ ਨੇ ਵਿਹਲਾ ਕੀਤਾ ਹੋਇਆ ਹੈ, ਇਸੇ ਲਈ ਉਹ ਅਬੋਹਰ ਤੋਂ ਵਿਧਾਨ ਸਭਾ ਚੋਣ ਲੜ੍ਹ ਕੇ ਦਿਖਾਉਣ ਅਤੇ ਜਿੱਤ ਹਾਸਲ ਕਰਨ।
ਪੜ੍ਹੋ ਇਹ ਵੀ ਖ਼ਬਰ - ਨਗਰ ਨਿਗਮਾਂ ਤੇ ਨਗਰ ਕੌਂਸਲ ਚੋਣ 2021 : ਅੰਮ੍ਰਿਤਸਰ ’ਚ ਇਨ੍ਹਾਂ ਉਮੀਦਵਾਰਾਂ ਨੇ ਹਾਸਲ ਕੀਤੀ ਜਿੱਤ
ਕਿਸਾਨਾਂ ਦੇ ਬਾਰੇ ਉਨ੍ਹਾਂ ਕਿਹਾ ਕਿ 70 ਫੀਸਦੀ ਲੋਕ ਖੇਤੀਬਾੜੀ ਨਾਲ ਜੁੜੇ ਹੋਏ ਹਨ। ਹਰਸਿਮਰਤ ਕੌਰ ਬਾਦਲ ਨੇ ਇਸ ਦੇ ਸਬੰਧ ’ਚ ਲੋਕ ਸਭਾ ’ਚ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਪੰਜਾਬ ਸਰਕਾਰ ਨੂੰ ਅੱਜ ਸਭ ਤੋਂ ਵੱਧ ਕਮਾਈ ਡੀਜ਼ਲ ਅਤੇ ਪੈਟਰੋਲ ਤੋਂ ਹੋ ਰਹੀ ਹੈ, ਜਿਸ ਦੀ ਕੀਮਤ ਉਹ ਕਿਸੇ ਵੀ ਹਾਲਤ ’ਚ ਘੱਟ ਨਹੀਂ ਕਰਨਾ ਚਾਹੁੰਦੇ। ਪੰਜਾਬ ਸਰਕਾਰ ਚਾਹੁੰਦੀ ਹੀ ਨਹੀਂ ਕਿ ਪੈਟਰੋਲ ਦੇ ਰੇਟ ਘੱਟ ਹੋਣ। ਜੇਕਰ ਉਹ ਇਸ ਦੀ ਕੀਮਤ ਘੱਟ ਕਰਦੇ ਹਨ ਤਾਂ ਉਨ੍ਹਾਂ ਦੀ ਕਮਾਈ ਵੀ ਘੱਟ ਜਾਵੇਗੀ। ਡੀਜ਼ਲ ਅਤੇ ਪੈਟਰੋਲ ’ਤੇ ਅੱਜ ਸਭ ਤੋਂ ਵੱਧ ਟੈਕਸ ਪੰਜਾਬ ਸਰਕਾਰ ਲੱਗਾ ਰਹੀ ਹੈ। ਗੈਸ ਸਿਲੰਡਰ ਮਹਿੰਗਾ ਹੋਣ ’ਤੇ ਵੀ ਉਨ੍ਹਾਂ ਦੇ ਨਿੰਦਾ ਕੀਤੀ ਹੈ।