ਧੱਕੇਸ਼ਾਹੀ ਨਾਲ ਚੋਣਾਂ ਤਾਂ ਜਿੱਤੀਆਂ ਜਾ ਸਕਦੀਆਂ ਪਰ ਲੋਕਾਂ ਦੇ ਦਿਲ ਨਹੀਂ : ਗਿੱਲ

03/01/2018 6:38:16 AM

ਅੰਮ੍ਰਿਤਸਰ,   (ਛੀਨਾ)-  ਕਾਂਗਰਸ ਸਰਕਾਰ ਨੇ ਸੂਬੇ 'ਚ ਹੋਈਆਂ ਨਗਰ ਨਿਗਮ ਚੋਣਾਂ ਜਿੱਤਣ ਲਈ ਧੱਕੇਸ਼ਾਹੀਆਂ ਕਰਨ 'ਚ ਸਾਰੇ ਹੱਦਾਂ-ਬੰਨੇ ਪਾਰ ਕਰ ਦਿੱਤੇ ਹਨ ਪਰ ਸਰਕਾਰ ਨੂੰ ਇਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਧੱਕੇਸ਼ਾਹੀ ਨਾਲ ਚੋਣਾਂ ਤਾਂ ਜਿੱਤੀਆਂ ਜਾ ਸਕਦੀਆਂ ਹਨ ਪਰ ਲੋਕਾਂ ਦੇ ਦਿਲ ਨਹੀਂ ਜਿੱਤੇ ਜਾ ਸਕਦੇ। ਇਹ ਵਿਚਾਰ ਦਿ ਅੰਮ੍ਰਿਤਸਰ ਕੇਂਦਰੀ ਸਹਿਕਾਰੀ ਬੈਂਕ ਲਿਮ. ਦੇ ਚੇਅਰਮੈਨ ਕੰਵਲਜੀਤ ਸਿੰਘ ਗਿੱਲ ਨੇ ਅੱਜ ਹਲਕਾ ਅਟਾਰੀ ਅਧੀਨ ਪੈਂਦੇ ਪਿੰਡ ਗੁਰੂਵਾਲੀ ਵਿਖੇ ਇਕ ਮੀਟਿੰਗ ਨੂੰ ਸੰਬੋਧਨ ਕਰਨ ਉਪਰੰਤ ਗੱਲਬਾਤ ਕਰਦਿਆਂ ਪ੍ਰਗਟਾਏ।
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਲੀਡਰ ਕਿਹੜੇ ਵਿਕਾਸ ਦੇ ਮੁੱਦੇ 'ਤੇ ਚੋਣਾਂ ਜਿੱਤਣ ਦੇ ਦਗਮਜੇ ਮਾਰ ਰਹੇ ਹਨ, ਜਦਕਿ ਸੂਬੇ ਦੇ ਲੋਕ ਇਕ ਸਾਲ ਤੋਂ ਸਹੂਲਤਾਂ ਨੂੰ ਤਰਸ ਰਹੇ ਹਨ ਤੇ ਸਰਕਾਰ ਲਾਰੇ-ਲੱਪੇ ਲਾ ਕੇ ਡੰਗ ਟਪਾ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਉਸ ਵੇਲੇ ਨੂੰ ਕੋਸ ਰਹੇ ਹਨ ਜਦੋਂ ਉਨ੍ਹਾਂ ਕਾਂਗਰਸੀਆਂ ਦੀਆਂ ਮੋਮੋਠੱਗਣੀਆਂ ਗੱਲਾਂ 'ਤੇ ਭਰੋਸਾ ਕਰ ਕੇ ਉਨ੍ਹਾਂ ਹੱਥ ਸੱਤਾ ਤਾਂ ਸੌਂਪ ਦਿੱਤੀ ਪਰ ਆਪਣੇ ਹੱਥੋਂ ਸਾਰੀਆਂ ਸਹੂਲਤਾਂ ਗੁਆ ਲਈਆਂ। ਕਾਂਗਰਸ ਲੀਡਰਸ਼ਿਪ ਨੂੰ ਜੇਕਰ ਆਪਣੀ ਸਰਕਾਰ ਦੇ ਕੰਮਾਂ 'ਤੇ ਇੰਨਾ ਹੀ ਮਾਣ ਹੈ ਤਾਂ ਉਹ ਅੱਜ ਹੀ ਸੂਬੇ 'ਚ ਵਿਧਾਨ ਸਭਾ ਦੀਆਂ ਚੋਣਾਂ ਕਰਵਾ ਕੇ ਦੇਖ ਲਵੇ, ਪੰਜਾਬ ਵਾਸੀਆਂ ਦੇ ਨਤੀਜੇ ਉਨ੍ਹਾਂ ਦੀਆਂ ਅੱਖਾਂ ਖੋਲ੍ਹ ਕੇ ਰੱਖ ਦੇਣਗੇ।
ਸ. ਗਿੱਲ ਨੇ ਕਿਹਾ ਕਿ ਸੱਚਾਈ ਤਾਂ ਇਹ ਹੈ ਕਿ ਕਾਂਗਰਸ ਸਰਕਾਰ ਇਕ ਸਾਲ 'ਚ ਹੀ ਆਪਣੀਆਂ ਗਲਤ ਨੀਤੀਆਂ ਕਾਰਨ ਲੋਕਾਂ 'ਚ ਜਨ-ਆਧਾਰ ਗੁਆ ਬੈਠੀ ਹੈ ਤੇ ਹੁਣ ਉਹ ਸਰਕਾਰੀਤੰਤਰ ਦੀ ਦੁਰਵਰਤੋਂ ਨਾਲ ਚੋਣਾਂ ਜਿੱਤ ਕੇ ਲੋਕਾਂ 'ਚ ਫਿਰ ਆਪਣਾ ਭਰਮ ਬਣਾਉਣ ਦਾ ਯਤਨ ਕਰ ਰਹੀ ਹੈ ਪਰ ਜਨਤਾ ਸਭ ਜਾਣਦੀ ਹੈ, ਉਸ ਨੂੰ ਸਰਕਾਰ ਹੋਰ ਗੁੰਮਰਾਹ ਨਹੀਂ ਕਰ ਸਕਦੀ।


Related News