2022 ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ’ਚ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ’ਤੇ ਭਗਵੰਤ ਮਾਨ ਦਾ ਵੱਡਾ ਬਿਆਨ

Tuesday, Jun 01, 2021 - 06:39 PM (IST)

ਚੰਡੀਗੜ੍ਹ (ਰਮਨਜੀਤ) : ਪੰਜਾਬ ਦੀ ਸਿਆਸਤ ਕਦੇ ਵੀ ਜਾਤੀ ਆਧਾਰਤ ਨਹੀਂ ਰਹੀ ਅਤੇ ਨਾ ਹੀ ਅਜਿਹਾ ਕਦੇ ਹੋਵੇਗਾ। ਇਥੇ ਸਾਰੇ ਲੋਕ ਮਿਲ-ਜੁਲ ਕੇ ਰਹਿੰਦੇ ਹਨ ਅਤੇ ਇਕੱਠੇ ਹੀ ਫ਼ੈਸਲੇ ਲੈਂਦੇ ਹਨ। ਇਸ ਲਈ ਭਾਰਤੀ ਜਨਤਾ ਪਾਰਟੀ ਆਪਣੀਆਂ ਇਨ੍ਹਾਂ ਸਾਜ਼ਿਸ਼ਾਂ ਨੂੰ ਪੰਜਾਬ ਤੋਂ ਦੂਰ ਰੱਖੇ। ਜਿੱਥੋਂ ਤੱਕ ਆਮ ਆਦਮੀ ਪਾਰਟੀ ਦਾ ਸਵਾਲ ਹੈ, ਸਾਡੀ ਪਾਰਟੀ ਪੰਜਾਬ ਨੂੰ ਅਜਿਹਾ ਸੀ. ਐੱਮ. ਦੇਵੇਗੀ ਜੋ ਦਲਿਤ, ਬ੍ਰਾਹਮਣ, ਜੱਟ ਜਾਂ ਕਿਸੇ ਹੋਰ ਜਾਤੀ ਦਾ ਨਹੀਂ, ਸਗੋਂ ਪੂਰੇ ਪੰਜਾਬ ਦਾ ਸੀ. ਐੱਮ. ਹੋਵੇਗਾ। ਇਹ ਗੱਲ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਕਹੀ। ਉਨ੍ਹਾਂ ਨੂੰ ਪੁੱਛਿਆ ਗਿਆ ਸੀ ਕਿ ਭਾਜਪਾ ਵਲੋਂ ਦਲਿਤ ਸੀ.ਐੱਮ. ਦੀ ਗੱਲ ਕਹੀ ਗਈ ਹੈ, ਜਦੋਂ ਕਿ ਕਾਂਗਰਸ ਵਿਚ ਵੀ ਅਜਿਹੀ ਹੀ ਆਵਾਜ਼ ਉਠਣ ਲੱਗੀ ਹੈ ਤਾਂ ਇਸ ’ਤੇ ਆਮ ਆਦਮੀ ਪਾਰਟੀ ਦੀ ਕੀ ਰਣਨੀਤੀ ਰਹੇਗੀ?

ਇਹ ਵੀ ਪੜ੍ਹੋ : ਪੰਜਾਬ ਕਾਂਗਰਸ ’ਚ ਮਚੇ ਘਮਸਾਨ ਵਿਚਾਲੇ ਹਾਈਕਮਾਨ ਵਲੋਂ ਗਠਿਤ ਕਮੇਟੀ ਦਾ ਦੋ ਟੁੱਕ ਸ਼ਬਦਾਂ ’ਚ ਜਵਾਬ

ਭਗਵੰਤ ਮਾਨ ਨੇ ਕਿਹਾ ਕਿ ਇਹ ਅਸਲ ਵਿਚ ਭਾਰਤੀ ਜਨਤਾ ਪਾਰਟੀ ਦੀ ਰਾਜਨੀਤੀ ਦਾ ਆਧਾਰ ਰਿਹਾ ਹੈ ਕਿ ਸੰਪ੍ਰਦਾਇਕਤਾ ਦੇ ਆਧਾਰ ’ਤੇ ਤਕਸੀਮ ਕਰਕੇ ਹੀ ਇਹ ਆਪਣੀ ਰਾਜਨੀਤੀ ਕਰਦੀ ਹੈ। ਅਜਿਹਾ ਹੀ ਯਤਨ ਭਾਜਪਾ ਵਲੋਂ ਪੰਜਾਬ ਵਿਚ ਕੀਤਾ ਜਾ ਰਿਹਾ ਹੈ ਪਰ ਭਾਜਪਾ ਦਾ ਭੁਲੇਖਾ ਛੇਤੀ ਹੀ ਟੁੱਟ ਜਾਵੇਗਾ ਕਿਉਂਕਿ ਪੰਜਾਬ ਉਹੋ ਜਿਹਾ ਨਹੀਂ ਹੈ, ਜਿਹੋ ਜਿਹਾ ਭਾਜਪਾ ਵਾਲੇ ਸੋਚ ਰਹੇ ਹਨ। ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਨੂੰ ਅਜਿਹਾ ਮੁੱਖ ਮੰਤਰੀ ਦੇਵੇਗੀ ਜੋ ਜਾਤੀਵਾਦ, ਖੇਤਰਵਾਦ ਜਾਂ ਭਰਾ-ਭਤੀਜਵਾਦ ਤੋਂ ਕੋਹਾਂ ਦੂਰ ਹੋਵੇਗਾ ਅਤੇ ਪੂਰੇ ਪੰਜਾਬ ਅਤੇ ਪੰਜਾਬ ਦੇ ਹਰ ਨਾਗਰਿਕ ਨੂੰ ਆਪਣਾ ਮੰਨ ਕੇ ਹੀ ਉਨ੍ਹਾਂ ਦੀ ਭਲਾਈ ਦੇ ਫ਼ੈਸਲੇ ਲਵੇਗਾ।

ਇਹ ਵੀ ਪੜ੍ਹੋ : ਸੰਗਰੂਰ ’ਚ ਕਾਂਗਰਸੀ ਆਗੂ ’ਤੇ ਕਾਤਲਾਨਾ ਹਮਲਾ, ਚੱਲੀਆਂ ਗੋਲ਼ੀਆਂ

ਖਹਿਰਾ ਬਿਨਾਂ ਸਟੈਂਡ ਦੇ ਮੋਟਰਸਾਈਕਲ ਵਾਂਗ
ਪੱਤਰਕਾਰਾਂ ਵਲੋਂ ਪੁੱਛਣ ’ਤੇ ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਵਿਚ ਚੱਲ ਰਿਹਾ ਕਲੇਸ਼ ਲੋਕਾਂ ਦੀ ਭਲਾਈ ਲਈ ਨਹੀਂ ਹੈ, ਸਗੋਂ ਇਹ ਤਾਂ ਕੁਰਸੀ ਬਚਾਉਣ ਅਤੇ ਵੱਡੀ ਕੁਰਸੀ ਹਥਿਆਉਣ ਲਈ ਹੈ। ‘ਆਪ’ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਕਾਂਗਰਸ ਵਿਚ ਸ਼ਾਮਲ ਹੋਣ ਦੀਆਂ ਚਰਚਾਵਾਂ ’ਤੇ ਪ੍ਰਤੀਕਿਰਿਆ ਦਿੰਦਿਆਂ ਮਾਨ ਨੇ ਕਿਹਾ ਕਿ ਪਹਿਲਾਂ ਖਹਿਰਾ ਕਾਂਗਰਸ ਤੋਂ ‘ਆਪ’ ਵਿਚ ਆਏ ਸਨ। ਮੌਜੂਦਾ ਸਮੇਂ ਵਿਚ ਉਹ ਇਕ ਪਾਰਟੀ ਤੋਂ ਵਿਧਾਇਕ ਹਨ, ਇਕ ਹੋਰ ਪਾਰਟੀ ਦੇ ਬੈਨਰ ਹੇਠ ਲੋਕਸਭਾ ਚੋਣਾਂ ਲੜ ਚੁੱਕੇ ਹਨ ਅਤੇ ਹੁਣ ਚਰਚਾ ਹੈ ਕਿ ਉਹ ਕਿਸੇ ਹੋਰ ਪਾਰਟੀ ਵਿਚ ਸ਼ਾਮਲ ਹੋਣ ਜਾ ਰਹੇ ਹਨ। ਮਾਨ ਨੇ ਕਿਹਾ ਕਿ ਇਹ ਠੀਕ ਉਹੋ ਜਿਹਾ ਹੈ ਜਿਵੇਂ ਦੁੱਧ ਵਾਲੇ ਭਾਈਆਂ ਦਾ ਮੋਟਰਸਾਈਕਲ ਹੁੰਦਾ ਹੈ। ਉਸ ਦਾ ਆਪਣਾ ਸਟੈਂਡ ਨਹੀਂ ਹੁੰਦਾ, ਜਿਸ ਵੀ ਪਾਸੇ ਟੇਢਾ ਕਰ ਦਿਓ , ਉਸੇ ਪਾਸੇ ਖੜ੍ਹਾ ਹੋ ਜਾਂਦਾ ਹੈ।

ਇਹ ਵੀ ਪੜ੍ਹੋ : ਫੌਜ ’ਚ ਤਾਇਨਾਤ ਇਕਲੌਤੇ ਪੁੱਤ ਨੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਭੇਜੀ ਆਡੀਓ ’ਚ ਕੀਤਾ ਵੱਡਾ ਖ਼ੁਲਾਸਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News