ਚੋਣਾਂ ’ਚ ਹਿੰਸਾ ਤੋਂ ਸਪੱਸ਼ਟ ਹੋਇਆ ਕਿ ਪੁਲਸ ਤੇ ਚੋਣ ਕਮਿਸ਼ਨ ਨੇ ਕਾਂਗਰਸ ਦੇ ਵਿੰਗ ਵਜੋਂ ਕੀਤਾ ਕੰਮ : ਅਮਨ ਅਰੋੜਾ

02/16/2021 12:33:59 AM

ਚੰਡੀਗੜ੍ਹ, (ਰਮਨਜੀਤ)- ਸਥਾਨਕ ਸਰਕਾਰਾਂ ਚੋਣਾਂ ਵਾਲੇ ਦਿਨ ਹਿੰਸਾ ਤੇ ਬੂਥ ਕੈਪਚਰਿੰਗ ਦੀਆਂ ਘਟਨਾਵਾਂ ’ਤੇ ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਇਹ ਪੰਜਾਬ ਦੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਵਲੋਂ ਲੋਕਤੰਤਰ ’ਤੇ ਕੀਤਾ ਹਮਲਾ ਹੈ। ਲੋਕਾਂ ਦੇ ਵੋਟ ਦੇ ਅਧਿਕਾਰ ਦੀ ਰੱਖਿਆ ਕਰਨ ਵਿਚ ਨਾਕਾਮ ਰਹਿਣ ’ਤੇ ਕੈ. ਅਮਰਿੰਦਰ ਸਿੰਘ ਨੂੰ ਤੁਰੰਤ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਇਹ ਗੱਲ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਇਕ ਪ੍ਰੈੱਸ ਕਾਨਫਰੰਸ ਵਿਚ ਕਹੀ। ਅਮਨ ਅਰੋੜਾ ਨੇ ਕਿਹਾ ਕਿ 14 ਫਰਵਰੀ ਦਾ ਦਿਨ ਪੰਜਾਬ ਵਿਚ ਲੋਕਤੰਤਰ ਲਈ ਕਾਲਾ ਦਿਨ ਸੀ। ਉਨ੍ਹਾਂ ਕਿਹਾ ਕਿ ਇਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਲਈ ਬਹੁਤ ਹੀ ਸ਼ਰਮ ਦੀ ਗੱਲ ਹੈ ਕਿ ਉਨ੍ਹਾਂ ਨੇ ਚੋਣਾਂ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਤੇ ਆਪਣੇ ਗੁੰਡਿਆਂ ਦੀ ਮਦਦ ਨਾਲ ਲੋਕਤੰਤਰ ਦੀ ਹੱਤਿਆ ਕਰਵਾਈ। ਕੈਪਟਨ ਚੋਣਾਂ ਦੌਰਾਨ ਸੂਬੇ ਦੀ ਕਾਨੂੰਨ ਵਿਵਸਥਾ ਬਣਾਈ ਰੱਖਣ ਵਿਚ ਬੁਰੀ ਤਰ੍ਹਾਂ ਫੇਲ੍ਹ ਰਹੇ।

ਅਰੋੜਾ ਨੇ ਕਿਹਾ ਕਿ ਕੈਪਟਨ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਵਿਚ ਫੇਲ੍ਹ ਰਹੇ ਅਤੇ ਜਦੋਂ ਲੋਕ ਬਦਲਾਅ ਲਈ ਵੋਟ ਪਾਉਣ ਨਿਕਲੇ ਤਾਂ ਉਨ੍ਹਾਂ ਆਪਣੇ ਗੁੰਡਿਆਂ ਤੋਂ ਹਿੰਸਾ ਕਰਵਾਈ ਅਤੇ ਲੋਕਾਂ ਨੂੰ ਵੋਟਾਂ ਪਾਉਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਹਿੰਸਾ ਦੀ ਘਟਨਾ ’ਤੇ ਕੈਪਟਨ ਦੀ ਚੁੱਪੀ ਇਹ ਸਾਬਿਤ ਕਰਦੀ ਹੈ ਕਿ ਇਨ੍ਹਾਂ ਹਿੰਸਕ ਘਟਨਾਵਾਂ ਦਾ ਸੰਚਾਲਨ ਮੁੱਖ ਮੰਤਰੀ ਖੁਦ ਕਰ ਰਹੇ ਸਨ। ਉਨ੍ਹਾਂ ਚੋਣ ਕਮਿਸ਼ਨ ਅਤੇ ਪੁਲਸ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਚੋਣਾਂ ਵਾਲੇ ਦਿਨ ਹੋਈਆਂ ਸਾਰੀਆਂ ਘਟਨਾਵਾਂ ਨੇ ਸਾਬਿਤ ਕਰ ਦਿੱਤਾ ਕਿ ਚੋਣ ਕਮਿਸ਼ਨ ਅਤੇ ਪੁਲਸ ਦੋਵਾਂ ਨੇ ਕੈਪਟਨ ਅਮਰਿੰਦਰ ਸਰਕਾਰ ਦੇ ਇਸ਼ਾਰੇ ’ਤੇ ਕੰਮ ਕੀਤਾ। ਅਰੋੜਾ ਨੇ ਚਿਤਾਵਨੀ ਦਿੱਤੀ ਕਿ 2022 ਵਿਚ ‘ਆਪ’ ਦੀ ਸਰਕਾਰ ਬਣ ਜਾਣ ਤੋਂ ਬਾਅਦ ਕਾਂਗਰਸ ਦੇ ਗੁੰਡਿਆਂ ਦੀ ਧੁਨ ’ਤੇ ਨੱਚਣ ਵਾਲੇ ਸਿਵਲ ਅਤੇ ਪੁਲਸ ਅਧਿਕਾਰੀਆਂ ਨੂੰ ਆਪਣੇ ਕੀਤੇ ਦਾ ਅੰਜ਼ਾਮ ਭੁਗਤਣਾ ਪਵੇਗਾ।


Bharat Thapa

Content Editor

Related News