ਚੋਣ ਕਮਿਸ਼ਨ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਅਣਗਹਿਲੀ
Tuesday, Jan 30, 2018 - 01:51 AM (IST)
ਮੰਡੀ ਘੁਬਾਇਆ(ਕੁਲਵੰਤ)-ਭਾਰਤੀ ਚੋਣ ਕਮਿਸ਼ਨਰ ਵੱਲੋਂ ਲੋਕਾਂ ਨੂੰ ਲੋਕਤੰਤਰੀ ਪ੍ਰਣਾਲੀ ਨਾਲ ਜੋੜਨ ਲਈ ਪਿੰਡਾਂ ਤੇ ਸ਼ਹਿਰਾਂ 'ਚ ਨਵੀਆਂ ਵੋਟਾਂ ਬਣਾਉਣ ਲਈ ਕਰਮਚਾਰੀਆਂ ਦੀਆਂ ਡਿਊਟੀਆਂ ਲਾਈਆਂ ਜਾਂਦੀਆਂ ਹਨ ਪਰ ਉਨ੍ਹਾਂ ਦੀ ਅਣਗਹਿਲੀ ਵਰਤਣ ਕਰਕੇ ਕਈ ਵੋਟਰਾਂ ਦੇ ਸ਼ਨਾਖ਼ਤੀ ਕਾਰਡਾਂ 'ਤੇ ਨਾਵਾਂ ਦੀਆਂ ਗ਼ਲਤੀਆਂ ਜਾਂ ਫ਼ੋਟੋਆਂ ਦੀਆਂ ਗ਼ਲਤੀਆਂ ਦੇਖੀਆਂ ਜਾ ਸਕਦੀਆਂ ਹਨ। ਇਸੇ ਤਰ੍ਹਾਂ ਦੀ ਮਿਸਾਲ ਹੀ ਨਜ਼ਦੀਕੀ ਪਿੰਡ ਫੱਤੂਵਾਲਾ 'ਚ ਦੇਖਣ 'ਚ ਮਿਲੀ ਹੈ, ਜਿਸ 'ਚ ਨਾਂ ਕਿਸੇ ਹੋਰ ਦਾ ਹੈ ਪਰ ਫ਼ੋਟੋ ਕਿਸੇ ਹੋਰ ਦੀ ਲਗਾ ਦਿੱਤੀ ਗਈ ਹੈ। ਜਾਣਕਾਰੀ ਦਿੰਦੇ ਹੋਏ ਪਿੰਡ ਫੱਤੂਵਾਲਾ ਦੇ ਵਸਨੀਕ ਗੁਰਦਿਆਲ ਸਿੰਘ ਪੁੱਤਰ ਦਲੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਅਸ਼ਮਿੰਦਰ ਕੌਰ ਦੀ ਉਮਰ ਪੂਰੀ ਹੋਣ 'ਤੇ ਉਸ ਦੀ ਨਵੀਂ ਵੋਟ ਬਣਾਉਣ ਵਾਸਤੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਟੀਚਰ (ਬੀ. ਐੱਲ. ਓ.) ਨੂੰ ਉਸ ਦਾ ਪੂਰਾ ਨਾਂ, ਪਤਾ ਤੇ ਫੋਟੋ ਦੇ ਦਿੱਤੀ ਗਈ ਸੀ ਪਰ ਜਦ ਉਨ੍ਹਾਂ ਨੂੰ ਸ਼ਨਾਖ਼ਤੀ ਕਾਰਡ ਮਿਲਿਆ ਤਾਂ ਉਸ ਉਪਰ ਨਾਂ ਤਾਂ ਅਸ਼ਮਿੰਦਰ ਕੌਰ ਪੁੱਤਰੀ ਗੁਰਦਿਆਲ ਸਿੰਘ ਮਕਾਨ ਨੰਬਰ 204 ਅਤੇ ਨੰ. ਐਕਸ. ਪੀ.01143775 <mailto:ਪੀ.01143775> ਹੈ ਪਰ ਉਸ ਉਪਰ ਫੋਟੋ ਕਿਸੇ ਹੋਰ ਲੜਕੀ ਦੀ ਲੱਗੀ ਹੋਈ ਹੈ। ਜਦ ਉਨ੍ਹਾਂ ਬੀ. ਐੱਲ. ਓ. ਤੋਂ ਪਤਾ ਕੀਤਾ ਤਾਂ ਉਨ੍ਹਾਂ ਕਿਹਾ ਕਿ ਅਸੀਂ ਰਿਕਾਰਡ 'ਚ ਤਾਂ ਬਿਲਕੁਲ ਸਹੀ ਫੋਟੋ ਤੇ ਡਰੈਸ ਭੇਜਿਆ ਹੈ ਪਰ ਇਹ ਅੱਗੇ ਕਿਸੇ ਅਧਿਕਾਰੀ ਤੋਂ ਗਲਤੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਸ਼ਨਾਖ਼ਤੀ ਕਾਰਡ 'ਚ ਗ਼ਲਤੀ ਹੋਣ ਕਾਰਨ ਉਨ੍ਹਾਂ ਦੀ ਲੜਕੀ ਆਪਣੇ ਵੋਟ ਪਾਉਣ ਦੇ ਮੁਢਲੇ ਅਧਿਕਾਰ ਤੋਂ ਵਾਂਝੀ ਰਹਿ ਜਾਵੇਗੀ, ਜਦਕਿ ਪੰਚਾਇਤੀ ਚੋਣਾਂ ਨਜ਼ਦੀਕ ਹੀ ਹਨ। ਉਨ੍ਹਾਂ ਚੋਣ ਕਮਿਸ਼ਨਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਕਾਰਡ ਨੂੰ ਜਲਦ ਤੋਂ ਜਲਦ ਦੁਬਾਰਾ ਬਣਾਇਆ ਜਾਵੇ ਅਤੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਅਜਿਹੀਆਂ ਗ਼ਲਤੀਆਂ ਨਾ ਕਰਨ ਲਈ ਪ੍ਰੇਰਿਆ ਜਾਵੇ।
