ਚੋਣ ਕਮੀਸ਼ਨ ਵਲੋਂ ਸੰਨੀ ਦਿਓਲ ਨੂੰ ਵੱਡੀ ਰਾਹਤ

05/17/2019 11:20:17 PM

ਚੰਡੀਗਡ਼੍ਹ (ਭੁੱਲਰ)–ਚੋਣ ਕਮਿਸ਼ਨ ਨੇ ਬੈਂਕ ਖਾਤੇ ਦੇ ਮਾਮਲੇ ’ਚ ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਸੰਨੀ ਦਿਓਲ ਨੂੰ ਕਲੀਨ ਚਿੱਟ ਦਿੱਤੀ ਹੈ। ਰਾਜ ਮੁੱਖ ਚੋਣ ਅਧਿਕਾਰੀ ਡਾ. ਐੱਸ. ਕਰੁਣਾ ਰਾਜੂ ਨੇ ਕਿਹਾ ਕਿ ਉਮੀਦਵਾਰ ਦਾ ਚੋਣ ਖਾਤਾ ਕਿਤੇ ਵੀ ਹੋ ਸਕਦਾ ਹੈ ਪਰ ਉਸ ਵਿਚ ਹਿਸਾਬ ਕਿਤਾਬ ਸਹੀ ਰੱਖਿਆ ਜਾਣਾ ਚਾਹੀਦਾ ਹੈ, ਜਿਸ ਦੀ ਕਮਿਸ਼ਨ ਦੇ ਅਾਬਜ਼ਰਵਰ ਰਾਹੀਂ ਪੂਰੀ ਜਾਂਚ-ਪਡ਼ਤਾਲ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅੱਜ ਕੱਲ ਪੈਸਿਆਂ ਦਾ ਲੈਣ-ਦੇਣ ਸਿਸਟਮ ਪੂਰੀ ਤਰ੍ਹਾਂ ਆਨਲਾਈਨ ਹੋਣ ਕਾਰਨ ਖਾਤਾ ਕਿਸੇ ਵੀ ਥਾਂ ਹੋਵੇ, ਇਸ ਨਾਲ ਹਿਸਾਬ-ਕਿਤਾਬ ’ਚ ਕੋਈ ਫਰਕ ਨਹੀਂ ਪੈਂਦਾ। ਮੁੱਖ ਚੋਣ ਅਧਿਕਾਰੀ ਨੇ ਸੰਨੀ ਦਿਓਲ ਵੱਲੋਂ ਨਾਮਜ਼ਦਗੀ ਪੱਤਰ ’ਚ ਸਹੀ ਜਾਣਕਾਰੀ ਦੇਣ ਨੂੰ ਲੈ ਕੇ ਉੱਠੇ ਸਵਾਲ ਬਾਰੇ ਕਿਹਾ ਕਿ ਇਸ ਬਾਰੇ ਹਲਕੇ ਦੇ ਚੋਣ ਅਧਿਕਾਰੀਆਂ ਤੋਂ ਜਾਣਕਾਰੀ ਲੈ ਲਈ ਜਾਵੇਗੀ।

ਜ਼ਿਕਰਯੋਗ ਹੈ ਕਿ ਅੱਜ ਅੰਮ੍ਰਿਤਸਰ ’ਚ ਇਕ ਗੈਰ ਸਰਕਾਰੀ ਸੰਗਠਨ ਵੱਲੋਂ ਪ੍ਰੈੱਸ ਕਾਨਫਰੰਸ ਕਰਕੇ ਸੰਨੀ ਦਿਓਲ ਵੱਲੋਂ ਭਰੇ ਗਏ ਨਾਮਜ਼ਦਗੀ ਪੱਤਰ ’ਚ ਲਿਖੀ ਗਈ ਜਾਣਕਾਰੀ ’ਤੇ ਸਵਾਲ ਉਠਾਏ ਗਏ ਹਨ। ਨਾਮਜ਼ਦਗੀ ਪੱਤਰ ’ਚ ਗੁਰਦਾਸਪੁਰ ਦੀ ਥਾਂ ਅੰਮ੍ਰਿਤਸਰ ਹਲਕੇ ’ਚ ਬੈਂਕ ਖਾਤਾ ਖੋਲ੍ਹੇ ਜਾਣ ਦੀ ਗੱਲ ਲਿਖੇ ਜਾਣ ’ਤੇ ਸਵਾਲ ਉਠਾਉਂਦਿਆਂ ਇਸ ਨੂੰ ਗਲਤ ਦੱਸਿਆ ਗਿਆ ਸੀ। ਇਸੇ ਤਰ੍ਹਾਂ ਸੰਨੀ ਦਿਓਲ ਵੱਲੋਂ ਲਏ ਗਏ ਕਰਜ਼ਿਆਂ ਬਾਰੇ ਦਿੱਤੀ ਜਾਣਕਾਰੀ ’ਤੇ ਵੀ ਸਵਾਲ ਉਠਾਏ ਗਏ ਸਨ। ਗੈਰ ਸਰਕਾਰੀ ਸੰਗਠਨ ਨੇ ਚੋਣ ਕਮਿਸ਼ਨ ਵੱਲੋਂ ਇਸ ਮਾਮਲੇ ’ਚ ਕੋਈ ਕਾਰਵਾਈ ਨਾ ਹੋਣ ’ਤੇ ਚੋਣਾਂ ਤੋਂ ਬਾਅਦ ਅਦਾਲਤ ’ਚ ਜਾਣ ਦੀ ਗੱਲ ਵੀ ਆਖੀ ਸੀ ਪਰ ਮੁੱਖ ਚੋਣ ਅਧਿਕਾਰੀ ਨੇ ਇਸ ਬਾਰੇ ਕਮਿਸ਼ਨ ਵੱਲੋਂ ਸਥਿਤੀ ਸਪੱਸ਼ਟ ਕਰ ਦਿੱਤੀ ਗਈ ਹੈ।


Arun chopra

Content Editor

Related News