ਅੰਮ੍ਰਿਤਸਰ ''ਚ ਕੋਡ ਆਫ ਕੰਡਕਟ ਲਾਗੂ, ਜ਼ਿਲ੍ਹਾ ਚੋਣ ਅਫ਼ਸਰ ਨੇ ਜਾਰੀ ਕੀਤੇ ਦਿਸ਼ਾ-ਨਿਰਦੇਸ਼

Sunday, Mar 17, 2024 - 06:45 PM (IST)

ਅੰਮ੍ਰਿਤਸਰ ''ਚ ਕੋਡ ਆਫ ਕੰਡਕਟ ਲਾਗੂ, ਜ਼ਿਲ੍ਹਾ ਚੋਣ ਅਫ਼ਸਰ ਨੇ ਜਾਰੀ ਕੀਤੇ ਦਿਸ਼ਾ-ਨਿਰਦੇਸ਼

ਅੰਮ੍ਰਿਤਸਰ (ਨੀਰਜ)-ਕੇਂਦਰੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਅੰਮ੍ਰਿਤਸਰ ਜ਼ਿਲ੍ਹੇ ’ਚ ਵੀ ਲੋਕ ਸਭਾ ਚੋਣਾਂ ਲਈ ਕੋਡ ਆਫ ਕੰਡਕਟ ਲਾਗੂ ਹੋ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਅਤੇ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਨੇ ਦੱਸਿਆ ਕਿ ਇਸ ਵਾਰ ਚੋਣਾਂ ’ਚ 19,67,466 ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਹਾਲਾਂਕਿ ਨਾਮਜ਼ਦਗੀ ਪ੍ਰਕਿਰਿਆ ਸ਼ੁਰੂ ਹੋਣ ਤੋਂ ਸੱਤ ਦਿਨ ਪਹਿਲਾਂ ਤੱਕ ਨਵੀਆਂ ਵੋਟਾਂ ਬਣਾਉਣ ਦਾ ਕੰਮ ਜਾਰੀ ਰਹੇਗਾ। ਜੇਕਰ ਕੋਈ ਨਾਗਰਿਕ ਕਿਸੇ ਕਾਰਨ ਅਜੇ ਤੱਕ ਵੋਟ ਨਹੀਂ ਬਣਾ ਸਕਿਆ ਹੈ ਤਾਂ ਉਹ ਆਪਣੀ ਵੋਟ ਬਣਵਾ ਸਕਦਾ ਹੈ ਪਰ ਵੋਟ ਕੱਟਣ ਦਾ ਕੰਮ ਬੰਦ ਕਰ ਦਿੱਤਾ ਗਿਆ ਹੈ। ਚੋਣ ਸਬੰਧੀ ਜਾਣਕਾਰੀ ਲੈਣ ਲਈ ਟੋਲ ਫ੍ਰੀ ਨੰਬਰ 1950 ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਕੇਂਦਰੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਵਿਚ ਚੋਣਾਂ ਆਖਰੀ ਪੜਾਅ ’ਤੇ ਸ਼ੁਰੂ ਹੋਣਗੀਆਂ, ਇਸ ਲਈ ਨਾਮਜ਼ਦਗੀਆਂ ਦਾਖ਼ਲ ਕਰਨ ਦਾ ਕੰਮ 7 ਮਈ ਤੋਂ ਸ਼ੁਰੂ ਹੋ ਜਾਵੇਗਾ, ਜੋ ਕਿ 14 ਮਈ ਤੱਕ ਜਾਰੀ ਰਹੇਗਾ ਅਤੇ 15 ਮਈ ਨੂੰ ਨਾਮਜ਼ਦਗੀਆਂ ਦੀ ਪੜਤਾਲ ਕੀਤੀ ਜਾਵੇਗੀ ਅਤੇ 17 ਮਈ ਤੱਕ ਨਾਮਜ਼ਦਗੀਆਂ ਵਾਪਸ ਕੀਤੀਆਂ ਜਾ ਸਕਦੀਆਂ ਹਨ। 1 ਜੂਨ ਨੂੰ ਵੋਟਾਂ ਪੈਣਗੀਆਂ ਅਤੇ 4 ਜੂਨ ਨੂੰ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ।

95 ਲੱਖ ਰੁਪਏ ਤੱਕ ਖਰਚ ਕਰ ਸਕਣਗੇ ਉਮੀਦਵਾਰ

ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਇਸ ਵਾਰ ਚੋਣ ਲੜਨ ਵਾਲੇ ਉਮੀਦਵਾਰ 95 ਲੱਖ ਰੁਪਏ ਤੱਕ ਖਰਚ ਕਰ ਸਕਣਗੇ। ਜਨਰਲ ਵਰਗ ਲਈ ਨਾਮਜ਼ਦਗੀ ਫੀਸ 25 ਹਜ਼ਾਰ ਰੁਪਏ ਰੱਖੀ ਗਈ ਹੈ, ਜਦਕਿ ਰਿਜ਼ਰਵ ਸ਼੍ਰੇਣੀ ਲਈ ਨਾਮਜ਼ਦਗੀ ਫੀਸ 12.5 ਹਜ਼ਾਰ ਰੁਪਏ ਰੱਖੀ ਗਈ ਹੈ। ਇਸ ਵਾਰ 85 ਸਾਲ ਤੋਂ ਵੱਧ ਉਮਰ ਦੇ ਅਤੇ ਅਪੰਗ ਵਿਅਕਤੀ ਵੀ ਘਰ ਬੈਠੇ ਹੀ ਆਪਣੀ ਵੋਟ ਪਾ ਸਕਣਗੇ, ਜਿਨ੍ਹਾਂ ਦੀ ਗਿਣਤੀ ਕ੍ਰਮਵਾਰ 18348 ਅਤੇ 16946 ਹੈ, ਜਦਕਿ ਜ਼ਿਲ੍ਹੇ ’ਚ 72 ਟਰਾਂਸਜੈਂਡਰ ਵੋਟਰ ਵੀ ਹਨ।

ਇਹ ਵੀ ਪੜ੍ਹੋ :  ਨਿੱਕੇ ਮੂਸੇਵਾਲਾ ਨੂੰ ਦੇਖ ਭਾਵੁਕ ਹੋਏ ਰਾਜਾ ਵੜਿੰਗ, ਸਿੱਧੂ ਨੂੰ ਯਾਦ ਕਰ ਦੱਸੀਆਂ ਇਹ ਗੱਲਾਂ (ਵੀਡੀਓ)

ਜ਼ਿਲ੍ਹੇ ’ਚ ਬਣਾਏ ਗਏ 2126 ਪੋਲਿੰਗ ਬੂਥ

ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹੇ ’ਚ 1122 ਥਾਵਾਂ ’ਤੇ 2126 ਪੋਲਿੰਗ ਬੂਥ ਬਣਾਏ ਗਏ ਹਨ ਅਤੇ ਹਰ ਵਿਧਾਨ ਸਭਾ ਹਲਕੇ ’ਚ 10 ਆਧੁਨਿਕ ਬੂਥ ਵੀ ਬਣਾਏ ਗਏ ਹਨ, ਜਿੱਥੇ ਵੋਟਰਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਮਿਲਣਗੀਆਂ। ਉਨ੍ਹਾਂ ਕਿਹਾ ਕਿ ਚੋਣ ਜ਼ਾਬਤਾ ਲਾਗੂ ਹੋਣ ਕਾਰਨ ਹਰ ਸਰਕਾਰੀ ਦਫ਼ਤਰ ’ਚ ਸਰਕਾਰੀ ਚੋਣ ਪ੍ਰਚਾਰ ਸਮੱਗਰੀ ਨੂੰ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਇਸ ਨੂੰ 24 ਘੰਟਿਆਂ ’ਚ ਮੁਕੰਮਲ ਕਰ ਲਿਆ ਜਾਵੇਗਾ। ਵੱਖ-ਵੱਖ ਥਾਵਾਂ ’ਤੇ ਲਗਾਏ ਗਏ ਸਿਆਸੀ ਪਾਰਟੀਆਂ ਦੇ ਹੋਰਡਿੰਗਜ਼ ਨੂੰ ਹਟਾਉਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਮੂਸੇਵਾਲਾ ਦੇ ਪਿਤਾ ਬਲਕੌਰ ਸਿੱਧੂ ਨਾਲ ਰਾਜਾ ਵੜਿੰਗ ਨੇ ਕੀਤੀ ਮੁਲਾਕਾਤ, ਤਸਵੀਰਾਂ ਸਾਂਝੀਆਂ ਕਰ ਦਿੱਤੀ ਵਧਾਈ

ਜ਼ਿਲ੍ਹੇ ’ਚ 99 ਫਲਾਇੰਗ ਸਕੁਐਡ ਤਾਇਨਾਤ

ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜ਼ਿਲੇ ਵਿਚ 99 ਫਲਾਇੰਗ ਸਕੁਐਡ ਤਾਇਨਾਤ ਕੀਤੇ ਗਏ ਹਨ ਅਤੇ ਜਾਂਚ ਪੜਤਾਲ ਦਾ ਕੰਮ 24 ਘੰਟੇ ਜਾਰੀ ਰਹੇਗਾ। ਇਸ ਤੋਂ ਇਲਾਵਾ ਜੇਕਰ ਕੋਈ ਚਾਰਟਰਡ ਜਹਾਜ਼ ਹਵਾਈ ਅੱਡੇ ’ਤੇ ਉਤਰਦਾ ਹੈ ਤਾਂ ਉਸ ਦੀ ਵੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਤਲਾਸ਼ੀ ਲਈ ਜਾਵੇਗੀ।

ਹਥਿਆਰ ਜਮ੍ਹਾ ਕਰਨ ਦਾ ਕੰਮ ਵੀ ਸ਼ੁਰੂ

ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜ਼ਾਬਤੇ ਕਾਰਨ ਸ਼ਹਿਰ ਅਤੇ ਦਿਹਾਤੀ ਪੁਲਸ ਵੱਲੋਂ ਵੀ ਲਾਇਸੈਂਸੀ ਹਥਿਆਰ ਜਮ੍ਹਾ ਕਰਵਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਵੱਡੀ ਗਿਣਤੀ ’ਚ ਲੋਕ ਲਾਇਸੈਂਸੀ ਹਥਿਆਰ ਜਮ੍ਹਾ ਕਰਵਾ ਰਹੇ ਹਨ। ਪ੍ਰਸ਼ਾਸਨ ਵੱਲੋਂ ਦਿੱਤੇ ਗਏ ਅੰਕੜਿਆਂ ਅਨੁਸਾਰ ਸ਼ਹਿਰਾਂ ਦੇ ਮੁਕਾਬਲੇ ਦਿਹਾਤੀ ਖੇਤਰਾਂ ’ਚ ਲਾਇਸੈਂਸੀ ਹਥਿਆਰਾਂ ਦੀ ਗਿਣਤੀ ਜ਼ਿਆਦਾ ਹੈ।

ਇਹ ਵੀ ਪੜ੍ਹੋ : ਮੂਸੇਵਾਲਾ ਦੀ ਹਵੇਲੀ 'ਚ ਬੀਬੀਆਂ ਨੇ ਝੂਮ-ਝੂਮ ਕੇ ਪਾਇਆ ਗਿੱਧਾ, ਵੱਡੀ ਗਿਣਤੀ 'ਚ ਪ੍ਰਸ਼ੰਸਕਾਂ ਦਾ ਲੱਗਿਆ ਤਾਂਤਾ (ਵੀਡੀਓ)

ਇਸ਼ਤਿਹਾਰਾਂ ’ਚ ਪ੍ਰਿੰਟਰ ਤੇ ਪਬਲਿਸ਼ਰ ਦਾ ਨਾਂ ਛਾਪਣਾ ਜ਼ਰੂਰੀ

ਚੋਣ ਜ਼ਾਬਤੇ ਦੇ ਐਲਾਨ ਤੋਂ ਬਾਅਦ ਜ਼ਿਲਾ ਚੋਣ ਅਫ਼ਸਰ ਵੱਲੋਂ ਪ੍ਰਿੰਟਿੰਗ ਪ੍ਰੈੱਸ ਮਾਲਕਾਂ, ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਅਤੇ ਬੈਂਕ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ, ਜਿਸ ’ਚ ਦੱਸਿਆ ਗਿਆ ਕਿ ਸਾਰੇ ਉਮੀਦਵਾਰਾਂ ਨੂੰ ਹਦਾਇਤਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ। ਉਲੰਘਣਾ ਕਰਨ ’ਤੇ 6 ਮਹੀਨੇ ਦੀ ਕੈਦ ਅਤੇ ਜੁਰਮਾਨੇ ਦੀ ਵਿਵਸਥਾ ਹੈ। ਇਸ਼ਤਿਹਾਰਾਂ ’ਤੇ ਪ੍ਰਿੰਟਰ ਅਤੇ ਪਬਲਿਸ਼ਰ ਦਾ ਨਾਂ ਛਾਪਣਾ ਜ਼ਰੂਰੀ ਹੈ। ਇਸ਼ਤਿਹਾਰਾਂ ’ਤੇ ਹੋਣ ਵਾਲਾ ਖਰਚਾ ਉਮੀਦਵਾਰ ਦੇ ਚੋਣ ਪ੍ਰਚਾਰ ਖਰਚਿਆਂ ਵਿਚ ਸ਼ਾਮਲ ਕਰਨਾ ਹੋਵੇਗਾ।

ਫਰਲੋ ਕਰਨ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਖਿਲਾਫ ਹੋਵੇਗੀ ਸਖ਼ਤ ਕਾਰਵਾਈ

ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਜਿਸ ਵੀ ਅਧਿਕਾਰੀ ਜਾਂ ਕਰਮਚਾਰੀ ਨੂੰ ਚੋਣ ਡਿਊਟੀ ਲਾਈ ਗਈ ਹੈ, ਉਸ ਨੂੰ ਆਪਣੀ ਡਿਊਟੀ ਪੂਰੀ ਤਨਦੇਹੀ ਅਤੇ ਈਮਾਨਦਾਰੀ ਨਾਲ ਨਿਭਾਉਣੀ ਜ਼ਰੂਰੀ ਹੈ। ਬਿਨਾਂ ਕਿਸੇ ਕਾਰਨ ਅਧਿਕਾਰੀ ਜਾਂ ਕਰਮਚਾਰੀ ਨੂੰ ਫਰਲੋ ਨਹੀਂ ਕਰਨ ਦਿੱਤੀ ਜਾਵੇਗੀ ਅਤੇ ਨਾ ਤਾਂ ਉਸ ਨੂੰ ਚੋਣ ਡਿਊਟੀ ਤੋਂ ਗੈਰ-ਹਾਜ਼ਰ ਰਹਿਣ ਦਿੱਤਾ ਜਾਵੇਗਾ। ਇਸ ਲਈ ਪ੍ਰਸ਼ਾਸਨ ਵੱਲੋਂ ਏ. ਡੀ. ਸੀ. ਜੋਤੀ ਬਾਲਾ ਨੂੰ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਫਰੀਦਕੋਟ 'ਚ ਵਾਪਰੀ ਵੱਡੀ ਘਟਨਾ, ਮਾਮੂਲੀ ਕਲੇਸ਼ ਨੇ ਲਈ ਪਤੀ-ਪਤਨੀ ਦੀ ਜਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Shivani Bassan

Content Editor

Related News