ਚੋਣ ਕਮਿਸ਼ਨ ਦੇ ਹੁਕਮਾਂ ਦੀਆਂ ਉੱਡ ਰਹੀਆਂ ਨੇ ਧੱਜੀਆਂ!
Tuesday, Feb 13, 2018 - 03:53 PM (IST)

ਖਰੜ (ਅਮਰਦੀਪ) : ਇਕ ਪਾਸੇ ਤਾਂ ਚੋਣ ਕਮਿਸ਼ਨ ਨੇ ਚੋਣਾਂ ਵਿਚ ਵੋਟਰਾਂ ਨੂੰ ਭਰਮਾਉਣ ਲਈ ਪੈਸੇ ਤੇ ਹੋਰ ਚੀਜ਼ਾਂ ਵੰਡਣ 'ਤੇ ਪਾਬੰਦੀ ਲਾਈ ਹੋਈ ਹੈ ਪਰ ਦੂਜੇ ਪਾਸੇ ਨਗਰ ਕੌਂਸਲ ਖਰੜ ਦੇ ਵਾਰਡ ਨੰਬਰ-14 ਦੀ ਉਪ ਚੋਣ ਦਰਮਿਆਨ ਚੋਣ ਕਮਿਸ਼ਨਰ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਕੇ ਵਾਰਡ ਵਿਚ ਇਕ ਪਾਰਟੀ ਦਾ ਉਮੀਦਵਾਰ ਸ਼ਰੇਆਮ ਵੋਟਰਾਂ ਨੂੰ ਭਰਮਾਉਣ ਲਈ ਪੈਸੇ ਵੰਡ ਰਿਹਾ ਹੈ, ਜਿਸ ਦੀ ਭਿਣਕ ਜਦੋਂ ਮੀਡੀਆ ਨੂੰ ਲੱਗੀ ਤਾਂ ਉਕਤ ਉਮੀਦਵਾਰ ਨੇ ਮੀਡੀਆ ਨੂੰ ਵੀ ਲਾਲਚ ਦੇਣ ਦੀ ਕੋਸ਼ਿਸ਼ ਕੀਤੀ।
ਪ੍ਰਸ਼ਾਸਨ ਵਲੋਂ ਇਸ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਤੇ ਉਮੀਦਵਾਰ ਸ਼ਰੇਆਮ ਲੋਕਤੰਤਰ ਦੀਆਂ ਧੱਜੀਆਂ ਉਡਾ ਰਿਹਾ ਹੈ। ਖਰੜ ਸਿਟੀਜ਼ਨ ਵੈੱਲਫੇਅਰ ਦੇ ਪ੍ਰਧਾਨ ਐਡਵੋਕੇਟ ਕੇ. ਕੇ. ਸ਼ਰਮਾ, ਖਰੜ ਯੂਥ ਕਲੱਬ ਦੇ ਪ੍ਰਧਾਨ ਅਮਰੀਕ ਸਿੰਘ ਹੈਪੀ, ਸਮਾਜ ਸੇਵੀ ਆਗੂ ਦਲਜੀਤ ਸਿੰਘ ਸੈਣੀ ਨੇ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਅਜਿਹੇ ਉਮੀਦਵਾਰਾਂ ਖਿਲਾਫ ਸਖਤ ਐਕਸ਼ਨ ਲਿਆ ਜਾਵੇ ਤੇ ਪੂਰੀ ਜਾਂਚ ਕਰਕੇ ਇਸਦੀ ਸ਼ਿਕਾਇਤ ਚੋਣ ਕਮਿਸ਼ਨਰ ਕੋਲ ਕੀਤੀ ਜਾਵੇ, ਤਾਂ ਜੋ ਵੋਟਰਾਂ ਨੂੰ ਭਰਮਾਉਣ ਲਈ ਉਪ ਚੋਣ ਵਿਚ ਪੈਸੇ ਨਾ ਵੰਡੇ ਜਾਣ।