ਇਸ ਨੂੰ ਕਹਿੰਦੇ ‘ਜਾ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ’, ਚਮਤਕਾਰ ਤੋਂ ਘੱਟ ਨਹੀਂ ਬਜ਼ੁਰਗ ਨਾਲ ਵਾਪਰੀ ਘਟਨਾ (ਵੀਡੀਓ)

Saturday, Aug 20, 2022 - 06:30 PM (IST)

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ) : ‘ਜਾ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ’ ਗੱਲ ਉਸ ਸਮੇਂ ਸੱਚ ਹੁੰਦੀ ਨਜ਼ਰ ਆਈ ਜਦੋਂ ਫ਼ਰੀਦਕੋਟ ਤੋਂ ਨਹਿਰ ਵਿਚ ਡਿੱਗਿਆ ਇਕ ਬਜ਼ੁਰਗ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਗਿੱਦੜਬਾਹਾ ਵਿਖੇ ਨੌਜਵਾਨਾਂ ਨੇ ਜਿਊਂਦਾ ਬਾਹਰ ਕੱਢ ਲਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ ’ਤੇ ਥਾਣਾ ਕੋਟਭਾਈ ਦੀ ਪੁਲਸ ਪਹੁੰਚੀ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਕੋਟਭਾਈ ਦੇ ਐੱਸ. ਐੱਚ. ਓ. ਰਮਨ ਕੰਬੋਜ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਗਿੱਦੜਬਾਹਾ ਦੇ ਪਿੰਡ ਗਿਲਜੇਵਾਲਾ ਨਹਿਰ ਵਿਚ ਇਕ ਬਜ਼ੁਰਗ ਵਿਅਕਤੀ ਰੁੜ੍ਹਿਆ ਆ ਰਿਹਾ। ਪਿੰਡ ਦੇ ਨੌਜਵਾਨਾਂ ਨੇ ਤੁਰੰਤ ਬਜ਼ੁਰਗ ਨੂੰ ਕੱਢਣ ਲਈ ਉਪਰਾਲਾ ਕੀਤਾ ਅਤੇ ਬਜ਼ੁਰਗ ਨੂੰ ਬਾਹਰ ਕੱਢ ਲਿਆ ਗਿਆ। ਜਦੋਂ ਬਜ਼ੁਰਗ ਨੂੰ ਨਹਿਰ ’ਚੋਂ ਕੱਢਿਆ ਗਿਆ ਤਾਂ ਉਸ ਦੇ ਸਾਹ ਚੱਲ ਰਹੇ ਸਨ।  ਮੌਕੇ ’ਤੇ ਹੀ ਉਸ ਨੂੰ ਫਸਟ ਏਡ ਲਈ ਦੋਦਾ ਹਸਪਤਾਲ ਵਿਖੇ ਭਰਤੀ ਕਰਾਇਆ ਗਿਆ ਅਤੇ ਫਸਟ ਏਡ ਤੋਂ ਬਾਅਦ ਵਿਅਕਤੀ ਬਿਲਕੁਲ ਠੀਕ ਹੈ। 

ਇਹ ਵੀ ਪੜ੍ਹੋ : ਮੋਗਾ ਦੇ ਉੱਘੇ ਕਾਰੋਬਾਰੀ ਤੇ ਆਰਬਿਟ ਮਲਟੀਪਲੈਕਸ ਦੇ ਮਾਲਕ ਨੇ ਕੀਤੀ ਖ਼ੁਦਕੁਸ਼ੀ

 

ਜਾਣਕਾਰੀ ਮੁਤਾਬਕ ਬਜ਼ੁਰਗ ਦੇ ਪਰਿਵਾਰਕ ਮੈਂਬਰਾਂ ਨੂੰ ਉਸ ਦੀ ਸੂਚਨਾ ਦੇ ਦਿੱਤੀ ਗਈ ਹੈ। ਸੂਚਨਾ ਮਿਲਣ ਤੋਂ ਬਾਅਦ ਪਰਿਵਾਰਕ ਮੈਂਬਰ ਵੀ ਮੌਕੇ ’ਤੇ ਪਹੁੰਚ ਗਏ ਅਤੇ ਉਨ੍ਹਾਂ ਨੇ ਦੱਸਿਆ ਕਿ ਬਜ਼ੁਰਗ ਮੋਗਾ ਜ਼ਿਲ੍ਹੇ ਨਾਲ ਸਬੰਧਤ ਹੈ ਅਤੇ ਫ਼ਰੀਦਕੋਟ ਦਵਾਈ ਲੈਣ ਗਿਆ ਸੀ। ਉਸ ਸਮੇਂ ਤੋਂ ਹੀ ਉਹ ਘਰ ਵਾਪਸ ਨਹੀਂ ਆਏ। ਬਾਅਦ ਵਿਚ ਪਤਾ ਲੱਗਾ ਕਿ ਉਹ ਫ਼ਰੀਦਕੋਟ ਵਿਖੇ ਨਹਿਰ ਵਿਚ ਰੁੜ੍ਹ ਗਏ ਹਨ, ਫ਼ਰੀਦਕੋਟ ਤੋਂ ਲਗਭਗ 100 ਕਿਲੋਮੀਟਰ ਦੀ ਦੂਰੀ ’ਤੇ ਉਕਤ ਬਜ਼ੁਰਗ ਨੂੰ ਪਿੰਡ ਗਿਲਜੇਵਾਲਾ ਨੇੜਿਓਂ ਨਹਿਰ ’ਚੋ ਬਿਲਕੁਲ ਠੀਕ ਠਾਕ ਜਿਊਂਦਿਆਂ ਮਿਲਣ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ।  ਹਰ ਇਕ ਦੇ ਮੂੰਹੋਂ ਇਹੋ ਨਿਕਲ ਰਿਹਾ ਹੈ ਕਿ ਜਾ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ। 

ਇਹ ਵੀ ਪੜ੍ਹੋ : ਸ਼ਮਸ਼ਾਨਘਾਟ ’ਚ ਅੱਧੀ ਰਾਤ ਨੂੰ ਕਰ ਰਹੇ ਸੀ ਜਾਦੂ-ਟੋਣਾ, ਮੌਕੇ ’ਤੇ ਪਹੁੰਚਿਆ ਪੂਰਾ ਪਿੰਡ ਤਾਂ ਉੱਡ ਗਏ ਹੋਸ਼ (ਵੀਡੀਓ)

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Gurminder Singh

Content Editor

Related News