ਈਦ ਮੌਕੇ ਇਕ-ਦੂਜੇ ਨਾਲ ਗਲੇ ਮਿਲਕੇ ਦਿੱਤਾ ਆਪਸੀ ਭਾਈਚਾਰੇ ਦਾ ਸੰਦੇਸ਼
Sunday, Jun 17, 2018 - 03:00 AM (IST)
ਮਾਨਸਾ(ਮਨਜੀਤ ਕੌਰ)-ਅੱਜ ਜ਼ਿਲਾ ਮਾਨਸਾ ਈਦਗਾਹ ਵਿਖੇ ਆਪਸੀ ਭਾਈਚਾਰੇ ਮਿਲਵਰਤਨ ਅਤੇ ਖੁਸ਼ੀਆਂ ਦੇ ਤਿਉਹਾਰ ਈਦ-ਉਲ-ਫ਼ਿਤਰ ਦੀ ਨਮਾਜ ਜ਼ਿਲਾ ਇਮਾਮ ਹਾਜੀ ਹਾਫਿਜ ਉਮਰਦੀਨ ਦੀ ਰਹਿਨਮਾਈ ਹੇਠ ਅਦਾ ਕੀਤੀ ਗਈ। ਇਸ ਮੌਕੇ ਦੂਰ-ਦੁਰਾਡੇ ਪਿੰਡਾਂ ਤੋਂ ਚੱਲ ਕੇ ਆਏ ਹਜ਼ਾਰਾਂ ਦੀ ਗਿਣਤੀ 'ਚ ਮੁਸਲਿਮ ਭਾਈਚਾਰੇ ਨੇ ਈਦ ਦੀ ਨਮਾਜ ਅਦਾ ਕੀਤੀ। ਇਸ ਮੌਕੇ ਹਾਫਿਜ ਉਮਰਦੀਨ ਦੁਆਰਾ ਆਏ ਹੋਏ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਇਸਲਾਮ ਆਪਸੀ ਪਿਆਰ, ਮੁਹੱਬਤ, ਮਿਲਵਰਤਨ ਅਤੇ ਸ਼ਾਂਤੀ ਦਾ ਸੰਦੇਸ਼ ਦਿੰਦਾ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਮਿਲ ਜੁਲ ਕੇ ਰਹਿਣਾ ਚਾਹੀਦਾ ਹੈ। ਇਸਲਾਮ 'ਚ ਵਿਆਜ, ਹੰਕਾਰ, ਈਰਖਾ ਅਤੇ ਊਚ-ਨੀਚ ਲਈ ਕੋਈ ਥਾਂ ਨਹੀਂ ਹੈ। ਇਥੇ ਸਾਰੇ ਲੋਕ ਬਰਾਬਰ ਹਨ ਤੇ ਇਸਲਾਮ ਯਤੀਮ, ਗਰੀਬਾਂ ਅਤੇ ਮਜਬੂਰਾਂ ਦੀ ਮਦਦ ਕਰਨਾ ਸਿਖਾਉਂਦਾ ਹੈ। ਸੋ ਸਾਨੂੰ ਸਾਰਿਆਂ ਨੂੰ ਇਕ ਦੂਜੇ ਦਾ ਖਿਆਲ ਰੱਖਣਾ ਚਾਹੀਦਾ ਹੈ। ਇਸ ਮੌਕੇ ਉÎਘੇ ਗੀਤਕਾਰ ਤੇ ਗਾਇਕ ਬਲਜਿੰਦਰ ਸੰਗੀਲਾ ਅਤੇ ਮੁਸਲਿਮ ਫਰੰਟ ਪੰਜਾਬ ਵੱਲੋਂ ਐੱਚ.ਆਰ. ਮੋਫਰ ਨੇ ਸਾਰਿਆਂ ਨੂੰ ਗਲੇ ਮਿਲ ਕੇ ਈਦ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਮੁਸਲਿਮ ਕਮੇਟੀ ਮਾਨਸਾ ਦੇ ਪ੍ਰਧਾਨ ਹਬੀਬ ਖਾਨ, ਸਕੱਤਰ ਸ਼ਹਿਨਾਜ ਅਲੀ, ਮੁਹੰਮਦ ਹਸਨ, ਗੋਰਾ ਖਾਨ, ਜਾਕਰ ਹੁਸੈਨ, ਫਿਰੋਜ਼ ਖਾਨ, ਰਵੀ ਖਾਨ, ਬਾਰੀ ਖਾਨ, ਦਾਰਾ ਖਾਨ, ਸਲੀਮ ਖਾਨ, ਗੱਗੀ ਖਾਨ, ਸਾਹਿਲ ਖਾਨ, ਰਾਜ ਖਾਨ, ਛੰਮੀ ਖਾਨ, ਮਕਬੂਲ ਅਹਿਮਦ ਵੀ ਹਾਜ਼ਰ ਸਨ। ਪੁਲਸ ਪ੍ਰਸ਼ਾਸਨ ਵਲੋਂ ਬਹੁਤ ਹੀ ਸਹਿਯੋਗ ਦਿੱਤਾ ਗਿਆ।
