ਅਕਾਲੀ-ਭਾਜਪਾ ਗਠਜੋੜ ਨੂੰ ਲੈ ਕੇ ਕੋਸ਼ਿਸ਼ਾਂ ਤੇਜ਼, ਦਰਸ਼ਨ ਸਿੰਘ ਧਾਲੀਵਾਲ ਤੇ ਸੁਖਬੀਰ ਬਾਦਲ ਵਿਚਾਲੇ ਚੱਲੀ ਲੰਬੀ ਮੀਟਿੰਗ

Thursday, Mar 07, 2024 - 05:41 AM (IST)

ਅਕਾਲੀ-ਭਾਜਪਾ ਗਠਜੋੜ ਨੂੰ ਲੈ ਕੇ ਕੋਸ਼ਿਸ਼ਾਂ ਤੇਜ਼, ਦਰਸ਼ਨ ਸਿੰਘ ਧਾਲੀਵਾਲ ਤੇ ਸੁਖਬੀਰ ਬਾਦਲ ਵਿਚਾਲੇ ਚੱਲੀ ਲੰਬੀ ਮੀਟਿੰਗ

ਪਟਿਆਲਾ (ਮਨਦੀਪ ਜੋਸਨ)– ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਗਠਜੋੜ ਨੂੰ ਲੈ ਕੇ ਇਕ ਵਾਰ ਮੁੜ ਯਤਨ ਤੇਜ਼ ਹੋ ਗਏ ਹਨ। ਬੀਤੀ ਦੇਰ ਰਾਤ ਪ੍ਰਸਿੱਧ ਐੱਨ. ਆਰ. ਆਈ. ਡਾ. ਦਰਸ਼ਨ ਸਿੰਘ ਧਾਲੀਵਾਲ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਚਾਲੇ ਗਠਜੋੜ ਸਬੰਧੀ ਡੇਢ ਘੰਟਾ ਲੰਬੀ ਬੈਠਕ ਕਰਤਾਰ ਵਿਲਾ ’ਚ ਚੱਲੀ। ਇਸ ’ਚ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਚਰਨਜੀਤ ਸਿੰਘ ਰੱਖੜਾ ਤੇ ਹੋਰ ਸੀਨੀਅਰ ਨੇਤਾ ਮੌਜੂਦ ਰਹੇ।

ਹਾਲਾਂਕਿ ਕਿਸਾਨ ਸੰਘਰਸ਼ ਦੇ ਚੱਲਦਿਆਂ ਅਕਾਲੀ-ਭਾਜਪਾ ਗਠਜੋੜ ਨਾ ਹੋਣ ਸਬੰਧੀ ਅਫ਼ਵਾਹਾਂ ਦਾ ਬਾਜ਼ਾਰ ਗਰਮ ਹੈ ਪਰ ਇਸ ਸਭ ਦੇ ਚੱਲਦਿਆਂ ਇਹ ਲੰਬੀ ਮੀਟਿੰਗ ਬੇਹੱਦ ਮਹੱਤਵਪੂਰਨ ਹੈ ਕਿਉਂਕਿ ਡਾ. ਦਰਸ਼ਨ ਸਿੰਘ ਧਾਲੀਵਾਲ ਬੀਤੇ ਦਿਨ ਹੀ ਵਿਸ਼ੇਸ਼ ਤੌਰ ’ਤੇ ਅਮਰੀਕਾ ਤੋਂ ਇਥੇ ਪੁੱਜੇ ਹਨ। ਉਨ੍ਹਾਂ ਨੇ ਪਿਛਲੇ ਹਫ਼ਤੇ ਹੀ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਗਠਜੋੜ ਸਬੰਧੀ ਲੰਬੀ ਬੈਠਕ ਕੀਤੀ ਸੀ।

ਇਹ ਖ਼ਬਰ ਵੀ ਪੜ੍ਹੋ : ਪੰਜਾਬੀਆਂ ਲਈ ਅਹਿਮ ਖ਼ਬਰ, ਪੰਜਾਬ ਦੇ ਇਕ ਹੋਰ ਜ਼ਿਲੇ ਨੂੰ ਮਿਲਿਆ ਵੰਦੇ ਭਾਰਤ ਦਾ ਸਟਾਪੇਜ

ਜਾਣਕਾਰੀ ਅਨੁਸਾਰ ਇਸ ਗਠਜੋੜ ਦੇ ਚੱਲਦਿਆਂ ਹੀ ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ (ਢੀਂਡਸਾ ਗਰੁੱਪ) ਅਕਾਲੀ ਦਲ ਬਾਦਲ ’ਚ ਸ਼ਾਮਲ ਹੋ ਗਿਆ ਹੈ। ਜਲਦ ਹੀ ਬੀਬੀ ਜਗੀਰ ਕੌਰ ਦਾ ਵੀ ਅਕਾਲੀ ਦਲ ਦੇ ਨਾਲ ਸਮਝੌਤਾ ਹੋਣਾ ਲਗਭਗ ਤੈਅ ਮੰਨਿਆ ਜਾ ਰਿਹਾ ਹੈ। ਸੂਤਰਾਂ ਅਨੁਸਾਰ ਸਿਰਫ਼ ਇਕ ਸੀਟ ਨੂੰ ਲੈ ਕੇ ਹੀ ਥੋੜ੍ਹ ਬਹੁਤਾ ਫਰਕ ਹੈ। ਇਹ ਫਰਕ ਵੀ ਅਾਗਾਮੀ ਸਮੇਂ ’ਚ ਇਕ-ਦੋ ਮੀਟਿੰਗਾਂ ਤੋਂ ਬਾਅਦ ਮਿਟ ਸਕਦਾ ਹੈ। ਇਸ ਸਬੰਧੀ ਜਦੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਾਰਟੀ ਕਿਸਾਨਾਂ ਦੇ ਨਾਲ ਡੱਟ ਕੇ ਖੜ੍ਹੀ ਹੈ। ਕੇਂਦਰ ਸਰਕਾਰ ਨੂੰ ਤੁਰੰਤ ਕਿਸਾਨਾਂ ਦੀਆਂ ਮੰਗਾਂ ਨੂੰ ਪੂਰਾ ਕਰਨਾ ਚਾਹੀਦਾ ਹੈ। ਸੁਖਬੀਰ ਬਾਦਲ ਨੇ ਗਠਜੋੜ ਸਬੰਧੀ ਅਜੇ ਚੁੱਪੀ ਧਾਰਨ ਕੀਤੀ ਹੋਈ ਹੈ।

ਇਸ ਮੌਕੇ ਸਿਕੰਦਰ ਸਿੰਘ ਮਲੂਕਾ, ਡਾ. ਦਲਜੀਤ ਸਿੰਘ ਚੀਮਾ, ਇਕਬਾਲ ਸਿੰਘ ਝੂੰਦਾ, ਐੱਨ. ਕੇ. ਸ਼ਰਮਾ, ਜਸਪਾਲ ਸਿੰਘ ਬਿੱਟੂ ਚੱਠਾ ਇੰਚਾਰਜ ਹਲਕਾ ਪਟਿਆਲਾ ਦਿਹਾਤੀ, ਗੁਰਪ੍ਰੀਤ ਸਿੰਘ ਰਾਜੂ ਖੰਨਾ, ਮਨਤਾਰ ਬਰਾੜ, ਮੱਖਣ ਸਿੰਘ ਲਾਲਕਾ, ਹਰੀ ਸਿੰਘ ਐੱਮ. ਡੀ. ਪ੍ਰੀਤ ਐਗਰੋ, ਜ਼ਿਲਾ ਸ਼ਹਿਰੀ ਦੇ ਪ੍ਰਧਾਨ ਅਮਿਤ ਸਿੰਘ ਰਾਠੀ, ਸਤਵਿੰਦਰ ਸਿੰਘ ਟੌਹੜਾ, ਬਾਬੂ ਕਬੀਰ ਦਾਸ, ਰਣਧੀਰ ਸਿੰਘ ਰੱਖੜਾ, ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ, ਬਾਬਾ ਭੁਪਿੰਦਰ ਸਿੰਘ, ਇੰਦਰਜੀਤ ਸਿੰਘ ਰੱਖੜਾ, ਡਾ. ਹਰਵਿੰਦਰ ਸਿੰਘ ਬੱਬੂ, ਮਾਲਵਿੰਦਰ ਸਿੰਘ ਝਿਲ, ਪਰਮਜੀਤ ਸਿੰਘ ਪੰਮਾ, ਸ਼ਿਵਰਾਜ ਵਿਰਕ, ਸਰਬਜੀਤ ਸਿੰਘ ਝਿੰਜਰ ਆਦਿ ਵੀ ਮੌਜੂਦ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News