ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿੱਦਿਅਕ ਮੁਕਾਬਲਿਆਂ ਦੀ ਲੜੀ 6 ਤੋਂ

07/05/2020 7:39:20 PM

ਫ਼ਰੀਦਕੋਟ, (ਜਸਬੀਰ ਕੌਰ, ਬਾਂਸਲ)- ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਕੂਲ ਸਿੱਖਿਆ ਵਿਭਾਗ ਵਲੋਂ ਕਰਵਾਏ ਜਾਣ ਵਾਲੇ ਸਮਾਗਮਾਂ ਦੀ ਲੜੀ ’ਚ ਦਫਤਰ ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ/ਸੈਕੰਡਰੀ ਵਲੋਂ ਕਰਵਾਏ ਜਾ ਰਹੇ ਵਿੱਦਿਅਕ ਮੁਕਾਬਲਿਆਂ ਲਈ ਸਾਰੀ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਇਹ ਆਨਲਾਈਨ ਮੁਕਾਬਲੇ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਅਗਵਾਈ ’ਚ 6 ਜੁਲਾਈ ਤੋਂ ਆਰੰਭ ਹੋਣਗੇ ਅਤੇ ਦਸੰਬਰ 2020 ਤੱਕ ਚੱਲਣਗੇ। ਇੰਨ੍ਹਾਂ ਮੁਕਾਬਲਿਆਂ ਦੀ ਸ਼ੁਰੂਆਤ ਸ਼ਬਦ ਗਾਇਨ ਪ੍ਰਤੀਯੋਗਤਾ ਨਾਲ ਹੋਵੇਗੀ। ਉਨ੍ਹਾਂ ਦੱਸਿਆ ਕਿ ਕੋਵਿਡ-19 ਸਬੰਧੀ ਪੰਜਾਬ ਸਰਕਾਰ ਵਲੋਂ ਜਾਰੀ ਹਦਾਇਤਾਂ ਅਨੁਸਾਰ ਇਹ ਮੁਕਾਬਲੇ ਆਨਲਾਈਨ ਅਤੇ ਸੋਲੋ ਆਈਟਮਜ਼ ਦੇ ਰੂਪ ’ਚ ਕਰਵਾਏ ਜਾ ਰਹੇ ਹਨ। ਐੱਸ. ਸੀ. ਈ. ਆਰ. ਟੀ. ਦੀ ਦੇਖ-ਰੇਖ ’ਚ ਕਰਵਾਏ ਜਾਣ ਵਾਲੇ ਇੰਨ੍ਹਾਂ ਮੁਕਾਬਲਿਆਂ ਦਾ ਵਿਸ਼ਾ-ਵਸਤੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਬਾਣੀ, ਫਲਸਫਾ, ਉਪਦੇਸ਼, ਕੁਰਬਾਨੀ ’ਤੇ ਉਸਤਤ ਹੋਵੇਗਾ। ਗੁਰ ਮਰਿਆਦਾ ਨੂੰ ਧਿਆਨ ’ਚ ਰੱਖ ਕੇ ਕਰਵਾਈ ਜਾਣ ਵਾਲੀ ਇਸ ਪ੍ਰਤੀਯੋਗਤਾ ’ਚ ਸ਼ਬਦ ਗਾਇਨ, ਕਵਿਤਾ, ਭਾਸ਼ਨ, ਸੁੰਦਰ ਲਿਖਾਈ, ਗੀਤ, ਸੰਗੀਤਕ ਸਾਜ਼ ਵਜਾਉਣ, ਪੇਂਟਿੰਗ, ਪੋਸਟਰ ਮੇਕਿੰਗ, ਸਲੋਗਨ ਲਿਖਣੇ, ਪੀ. ਪੀ. ਟੀ. ਮੇਕਿੰਗ ਅਤੇ ਦਸਤਾਰਬੰਦੀ ਮੁਕਾਬਲੇ ਸ਼ਾਮਲ ਹਨ। ਇਹ ਮੁਕਾਬਲੇ ਪ੍ਰਾਇਮਰੀ, ਮਿਡਲ ਅਤੇ ਸੈਕੰਡਰੀ ਪੱਧਰ ’ਤੇ ਕਰਵਾਏ ਜਾਣਗੇ ਅਤੇ ਨਾਲ ਹੀ ਇੰਨ੍ਹਾਂ ਤਿੰਨਾਂ ਵਰਗਾਂ ਦੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਵੱਖਰੇ ਮੁਕਾਬਲੇ ਵੀ ਕਰਵਾਏ ਜਾਣਗੇ। ਦੋਹਾਂ ਜ਼ਿਲਾ ਸਿੱਖਿਆ ਅਫਸਰ ਨੇ ਦੱਸਿਆ ਕਿ ਇੰਨ੍ਹਾਂ 11 ਮੁਕਾਬਲਿਆਂ ਵਾਲੀ ਪ੍ਰਤੀਯੋਗਤਾ ਦੀ ਸ਼ੁਰੂਆਤ ਸਕੂਲ ਪੱਧਰ ਤੋਂ ਹੋਵੇਗੀ ਅਤੇ ਰਾਜ ਪੱਧਰ ਤੱਕ ਚੱਲੇਗੀ। ਇੰਨ੍ਹਾ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਦੇਣ ਦੇ ਨਾਲ-ਨਾਲ ਬਿਹਤਰੀਨ ਕਾਰਗੁਜ਼ਾਰੀ ਵਾਲੇ ਸਕੂਲ ਮੁਖੀਆਂ, ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਅਤੇ ਬੱਚਿਆਂ ਨੂੰ ਅਗਵਾਈ ਦੇਣ ਵਾਲੇ ਅਧਿਆਪਕਾਂ ਦਾ ਵਿਭਾਗ ਵਲੋਂ ਸਨਮਾਨ ਕੀਤਾ ਜਾਵੇਗਾ। ਇਨ੍ਹਾਂ ਮੁਕਾਬਲਿਆਂ ਦੇ ਸੰਚਾਲਨ ਲਈ ਜ਼ਿਲੇ ਪੱਧਰ ’ਤੇ ਅਧਿਕਾਰੀਆਂ/ਕਰਮਚਾਰੀਆਂ ਦੀ ਇਕ ਕਮੇਟੀ ਬਣਾਈ ਗਈ ਹੈ।


Bharat Thapa

Content Editor

Related News