ਜ਼ਿਲਾ ਸਿੱਖਿਆ ਅਧਿਕਾਰੀਆਂ ਵੱਲੋਂ ਘੱਟ ਨਤੀਜੇ ਵਾਲੇ ਸਕੂਲਾਂ ਦਾ ਅਚਨਚੇਤ ਨਿਰੀਖਣ
Tuesday, Sep 12, 2017 - 01:23 PM (IST)
ਫਿਰੋਜ਼ਪੁਰ (ਪਰਮਜੀਤ, ਸ਼ੈਰੀ) — ਸਰਕਾਰੀ ਸਕੂਲਾਂ ਵਿਚ ਸਿੱਖਿਆ ਸੁਧਾਰ ਲਈ ਚਲਾਏ ਜਾ ਰਹੇ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਪ੍ਰਾਜੈਕਟ ਦੇ ਤਹਿਤ ਜ਼ਿਲਾ ਸਿੱਖਿਆ ਅਫਸਰ (ਐ. ਸਿ.) ਪ੍ਰਦੀਪ ਕੁਮਾਰ ਸ਼ਰਮਾ ਅਤੇ ਉੱਪ ਜ਼ਿਲਾ ਸਿੱਖਿਆ ਅਫਸਰ (ਐ. ਸਿ.) ਸੁੱਖਵਿੰਦਰ ਸਿੰਘ ਵੱਲੋਂ ਅੱਜ ਵਿਸ਼ੇਸ਼ ਤੌਰ 'ਤੇ ਘੱਟ ਨਤੀਜੇ ਵਾਲੇ ਸਰਕਾਰੀ ਪ੍ਰਾਇਮਰੀ ਸਕੂਲਾਂ ਦਾ ਅਚਨਚੇਤ ਨਿਰੀਖਣ ਕੀਤਾ ਗਿਆ। ਉਨ੍ਹਾਂ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਭੂਰੇ ਕਲਾਂ, ਮਹਿਲ ਸਿੰਘ ਵਾਲਾ ਤੇ ਝੋਕ ਨੋਧ ਸਿੰਘ ਦਾ ਨਿਰੀਖਣ ਕੀਤਾ ਗਿਆ। ਜ਼ਿਲਾ ਸਿੱਖਿਆ ਅਫਸਰ ਵੱਲੋਂ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸਿਲੇਬਸ ਸਬੰਧੀ ਪ੍ਰਸ਼ਨ ਆਪਣੀ ਹਾਜ਼ਰੀ ਵਿਚ ਹਲ ਕਰਵਾਉਂਦੇ ਹੋਏ ਪੜ੍ਹਾਈ ਦੇ ਪੱਧਰ ਨੂੰ ਜਾਂਚਿਆ ਗਿਆ। ਇਸ ਤੋਂ ਇਲਾਵਾ ਅਧਿਆਪਕਾਂ ਰਾਹੀਂ ਸਕੂਲਾਂ ਵਿਚ ਵਿਦਿਆਰਥੀਆਂ ਦੀ ਪੜ੍ਹਾਈ ਦੇ ਪੱਧਰ ਸਬੰਧੀ ਚੱਲ ਰਹੀ ਜਾਂਚ ਦਾ ਵੀ ਬਾਰੀਕੀ ਨਾਲ ਜਾਇਜ਼ਾ ਲਿਆ ਗਿਆ। ਇਸ ਦੇ ਨਾਲ-ਨਾਲ ਉਨ੍ਹਾਂ ਘੱਟ ਨਤੀਜੇ ਵਾਲੇ ਸਕੂਲਾਂ ਦੇ ਅਧਿਆਪਕਾਂ ਨੂੰ ਵਿਦਿਆਰਥੀਆਂ 'ਤੇ ਸਖਤ ਮਿਹਨਤ ਕਰਨ ਦੀ ਹਦਾਇਤ ਕੀਤੀ ਅਤੇ ਵਿਦਿਆਰਥੀਆਂ ਨੂੰ ਸੁੰਦਰ ਲਿਖਾਈ ਵੱਲ ਵਿਸ਼ੇਸ਼ ਧਿਆਨ ਦੇਣ ਲਈ ਕਿਹਾ।
ਇਸ ਸਮੇ ਉੱਪ ਜ਼ਿਲਾ ਸਿੱਖਿਆ ਅਫਸਰ ਸੁਖਵਿੰਦਰ ਸਿੰਘ ਨੇ ਕਿਹਾ ਕਿ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਪ੍ਰਾਜੈਕਟ ਪ੍ਰਾਇਮਰੀ ਸਿੱਖਿਆ ਵਿਚ ਸੁਧਾਰ ਲਿਆਉਣ ਲਈ ਚਲਾਇਆ ਗਿਆ ਹੈ। ਇਸ ਲਈ ਪ੍ਰਾਜੈਕਟ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕਰਨ ਲਈ ਲਗਾਤਾਰ ਸਕੂਲਾਂ ਦੇ ਨਿਰੀਖਣ ਕੀਤੇ ਜਾ ਰਹੇ ਹਨ। ਸਕੂਲਾਂ ਦੇ ਨਾਲ-ਨਾਲ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਪ੍ਰਾਜੈਕਟ ਵਿਚ ਕੰਮ ਕਰ ਰਹੇ ਅਧਿਆਪਕਾਂ ਦੇ ਕੰਮ ਦਾ ਵੀ ਲਗਾਤਾਰ ਮੁਲਾਂਕਣ ਕੀਤਾ ਜਾ ਰਿਹਾ ਹੈ। ਇਸ ਸਬੰਧੀ ਸਮੂਹ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਅਤੇ ਸੈਂਟਰ ਦੇ ਮੁੱਖ ਅਧਿਆਪਕਾਂ ਨੂੰ ਵੀ ਅਪਣੇ ਅਧੀਨ ਆਉਂਦੇ ਸਕੂਲਾਂ ਦੇ ਲਗਾਤਾਰ ਨਿਰੀਖਣ ਕਰ ਕੇ ਰਿਪੋਰਟ ਕਰਨ ਦੀ ਹਦਾਇਤ ਕੀਤੀ ਗਈ ਹੈ।
ਅੰਤ ਵਿਚ ਜ਼ਿਲਾ ਸਿੱਖਿਆ ਅਫਸਰ ਪ੍ਰਦੀਪ ਸ਼ਰਮਾ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਪੜ੍ਹਨ ਵਾਲੇ ਬੱਚੇ ਜ਼ਿਆਦਾਤਰ ਗਰੀਬ ਪਰਿਵਾਰਾਂ ਨਾਲ ਸੰਬੰਧਤ ਹੋਣ ਕਰ ਕੇ ਸਹੂਲਤਾਂ ਤੋਂ ਸਖਣੇ ਹੁੰਦੇ ਹਨ। ਇਸ ਕਰਕੇ ਪੂਰੀ ਲਗਨ ਅਤੇ ਮਿਹਨਤ ਨਾਲ ਇਨ੍ਹਾਂ ਨੂੰ ਪੜ੍ਹਾਇਆ ਜਾਵੇ ਅਤੇ ਉਹ ਸਿੱਖਿਆ ਦੇ ਸੁਧਾਰ ਦੇ ਰਾਹ ਵਿਚ ਕਿਸੇ ਵੀ ਪੱਧਰ ਦੀ ਅਣਗਹਿਲੀ ਬਰਦਾਸ਼ਤ ਨਹੀਂ ਕਰਨਗੇ। ਨਿਰੀਖਣ ਸਮੇਂ ਉਨ੍ਹਾਂ ਨਾਲ ਬਲਜੀਤ ਸਿੰਘ ਜ਼ਿਲਾ ਕੋਆਰਡੀਨੇਟਰ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਪ੍ਰਾਜੈਕਟ 'ਚ ਹਾਜ਼ਰ ਸਨ।
