ਸਿੱਖਿਆ ਮੰਤਰੀ ਸਿੰਗਲਾ ਨੇ ਸਕੂਲ ਖੁੱਲਣ ਸਬੰਧੀ ਅਗਾਊਂ ਪ੍ਰਬੰਧਾਂ ਦਾ ਲਿਆ ਜਾਇਜ਼ਾ

Friday, Oct 16, 2020 - 08:22 PM (IST)

ਸਿੱਖਿਆ ਮੰਤਰੀ ਸਿੰਗਲਾ ਨੇ ਸਕੂਲ ਖੁੱਲਣ ਸਬੰਧੀ ਅਗਾਊਂ ਪ੍ਰਬੰਧਾਂ ਦਾ ਲਿਆ ਜਾਇਜ਼ਾ

ਚੰਡੀਗੜ੍ਹ : ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ 19 ਅਕਤੂਬਰ ਤੋਂ ਖੁੱਲ ਰਹੇ ਸਰਕਾਰੀ ਸਕੂਲਾਂ 'ਚ ਕੋਵਿਡ-19 ਸਬੰਧੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਦੀ ਜਾਂਚ ਲਈ ਅੱਜ ਪਟਿਆਲਾ ਸ਼ਹਿਰ ਦੇ ਦੋ ਸਰਕਾਰੀ ਸਕੂਲਾਂ ਵਿੱਚ ਅਗਾਊਂ ਪ੍ਰਬੰਧਾਂ ਸਬੰਧੀ ਮੁਆਇਨਾ ਕੀਤਾ। ਉਨ੍ਹਾਂ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਅਤੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸਿਵਲ ਲਾਈਨਜ਼ ਦਾ ਦੌਰਾ ਕੀਤਾ, ਜਿੱਥੇ ਉਨਾਂ ਜਮਾਤਾਂ ਵਾਲੇ ਕਮਰਿਆਂ, ਪਖਾਨਿਆਂ, ਪੀਣ ਵਾਲੇ ਪਾਣੀ ਅਤੇ ਵਿਸ਼ਾਣੂ ਰਹਿਤ ਕਰਨ ਦੀ ਪ੍ਰਕਿਰਿਆ ਦਾ ਬਹੁਤ ਹੀ ਬਾਰੀਕੀ ਨਾਲ ਨਿਰੀਖਣ ਕੀਤਾ। ਇਸ ਮੌਕੇ ਉਨਾਂ ਨਾਲ ਜ਼ਿਲਾ ਸਿੱਖਿਆ ਅਫਸਰ (ਸੈ.) ਹਰਿੰਦਰ ਕੌਰ, ਪ੍ਰਿੰ. ਤੋਤਾ ਸਿੰਘ ਚਹਿਲ ਨੈਸ਼ਨਲ ਐਵਾਰਡੀ , ਪ੍ਰਿੰ. ਵਰਿੰਦਰ ਬਾਤਿਸ਼, ਸੁਰਿੰਦਰ ਸਿੰਘ ਭਰੂਰ ਅਤੇ ਸਕੂਲਾਂ ਦੇ ਅਧਿਆਪਕ ਹਾਜ਼ਰ ਸਨ।

ਵਿਜੈ ਇੰਦਰ ਸਿੰਗਲਾ ਨੇ ਕੋਵਿਡ-19 ਸਬੰਧੀ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਹਿੱਤ ਅਧਿਆਪਕਾਂ ਨੂੰ ਕਿਹਾ ਕਿ ਅਧਿਆਪਕਾਂ ਦਾ ਕੋਵਿਡ-19 ਦੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨ ਸਭ ਤੋਂ ਲਾਜ਼ਮੀ ਹੈ, ਜਿਸ ਤਹਿਤ ਮਾਸਕ ਦੀ ਲਾਜ਼ਮੀ ਵਰਤੋਂ, ਹੱਥਾਂ ਨੂੰ ਵਿਸ਼ਾਣੂ ਰਹਿਤ ਕਰਨਾ ਤੇ ਸਮਾਜਿਕ ਦੂਰੀ ਬਣਾ ਕੇ ਰੱਖਣਾ ਆਦਿ ਸਾਵਧਾਨੀਆਂ ਅਹਿਮ ਹਨ। ਉਨਾਂ ਕਿਹਾ ਕਿ ਅਧਿਆਪਕਾਂ ਨੂੰ ਕੋਵਿਡ-19 ਦੌਰਾਨ ਸਕੂਲ ਖੁੱਲਣ ਵਿਦਿਆਰਥੀਆਂ ਲਈ ਆਦਰਸ਼ ਬਣਕੇ ਵਿਚਰਨਾ ਪਵੇਗਾ ਜਿਸ ਸਦਕਾ ਹੀ ਵਿਦਿਆਰਥੀ ਕੋਵਿਡ ਸਬੰਧੀ ਸਾਵਧਾਨੀਆਂ ਵਰਤਣਗੇ। ਸ੍ਰੀ ਸਿੰਗਲਾ ਨੇ ਕਿਹਾ ਕਿ ਮਾਪਿਆਂ ਵੱਲੋਂ ਲਿਖਤੀ ਰੂਪ 'ਚ ਦਿੱਤਾ ਗਿਆ ਸਹਿਮਤੀ ਪੱਤਰ ਹਰੇਕ ਵਿਦਿਆਰਥੀ ਕੋਲ ਹੋਣਾ ਲਾਜ਼ਮੀ ਹੈ। ਇਸ ਦੇ ਨਾਲ ਹੀ ਵਿਦਿਆਰਥੀਆਂ ਦੇ ਸਕੂਲ 'ਚ ਆਉਣ ਸਬੰਧੀ ਗਰੁੱਪ ਵਾਰ ਬੁਲਾਇਆ ਜਾਵੇ ਤਾਂ ਜੋ ਸਮਾਜਿਕ ਦੂਰੀ ਬਰਾਬਰ ਰੱਖੀ ਜਾ ਸਕੇ।

ਸਿੱਖਿਆ ਮੰਤਰੀ ਨੇ ਕਿਹਾ ਕਿ ਰਾਜ ਦੇ ਸਕੂਲਾਂ ਵੱਲੋਂ 19 ਅਕਤੂਬਰ ਨੂੰ ਸਕੂਲ ਖੋਲਣ ਸਬੰਧੀ ਵਿਆਪਕ ਸਫਾਈ ਤੇ ਸੈਂਟਾਈਜੇਸ਼ਨ ਮੁਹਿੰਮ ਚਲਾਈ ਜਾ ਰਹੀ ਹੈ। ਉਮੀਦ ਹੈ ਕਿ ਬਾਕੀ ਰਹਿੰਦੇ ਦੋ ਦਿਨਾਂ ਦੌਰਾਨ ਇਹ ਮੁਹਿੰਮ ਨੇਪਰੇ ਚੜ ਜਾਵੇਗੀ। ਸਿੱਖਿਆ ਮੰਤਰੀ ਸਕੂਲਾਂ ਦੇ ਸਫਾਈ ਕਰਮਚਾਰੀਆਂ ਨੂੰ ਸੈਂਟਾਈਜੇਸ਼ਨ ਸਬੰਧੀ ਦਿਸ਼ਾ-ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ ਦੋਨਾਂ ਸਕੂਲਾਂ ਦੇ ਸਟਾਫ ਨਾਲ ਮੀਟਿੰਗਾਂ ਕੀਤੀਆਂ। ਉਨਾਂ ਦੋਹਾਂ ਸਕੂਲਾਂ 'ਚ ਚੱਲ ਰਹੇ ਵਿਕਾਸ ਕਾਰਜਾਂ ਸਬੰਧੀ ਪ੍ਰਿੰਸੀਪਲਾਂ ਤੋਂ ਜਾਣਕਾਰੀ ਹਾਸਿਲ ਕੀਤੀ ਅਤੇ ਹੋਰ ਜਰੂਰਤਾਂ ਸਬੰਧੀ ਚਰਚਾ ਕੀਤੀ।
 


author

Deepak Kumar

Content Editor

Related News