ਸਿੱਖਿਆ ਮੰਤਰੀ ਵਲੋਂ ਹੁਕਮਾਂ ਦੀ ਅਣਦੇਖੀ ਕਰਨ ਵਾਲੇ ਅਧਿਕਾਰੀਆਂ ਦੀ ਜਵਾਬ-ਤਲਬੀ ਦੇ ਨਿਰਦੇਸ਼
Wednesday, Jul 11, 2018 - 06:51 AM (IST)

ਚੰਡੀਗੜ੍ਹ (ਭੁੱਲਰ) - ਪਿਛਲੇ ਸਮੇਂ 'ਚ ਅਧਿਆਪਕ ਆਗੂਆਂ ਨਾਲ ਹੋਈਆਂ ਮੀਟਿੰਗਾਂ ਦੌਰਾਨ ਕੀਤੇ ਗਏ ਵਾਅਦਿਆਂ ਸਬੰਧੀ ਦਿੱਤੇ ਗਏ ਹੁਕਮਾਂ ਦੀ ਅਣਦੇਖੀ ਕਰਨ ਵਾਲੇ ਅਧਿਕਾਰੀਆਂ ਦੀ ਸਿੱਖਿਆ ਮੰਤਰੀ ਨੇ ਜਵਾਬ-ਤਲਬੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਹ ਮਾਮਲਾ ਅੱਜ ਇਥੇ ਸਰਕਾਰੀ ਸਕੂਲ ਸਿੱਖਿਆ ਬਚਾਓ ਮੰਚ ਨਾਲ ਸਬੰਧਤ ਅਧਿਆਪਕ ਆਗੂਆਂ ਦੀ ਪੰਜਾਬ ਭਵਨ ਵਿਖੇ ਸਿੱਖਿਆ ਮੰਤਰੀ ਓ. ਪੀ. ਸੋਨੀ ਨਾਲ ਹੋਈ ਮੀਟਿੰਗ ਦੌਰਾਨ ਉਠਾਇਆ ਗਿਆ ਸੀ । ਇਸ ਦਾ ਸਖ਼ਤ ਨੋਟਿਸ ਲੈਂਦਿਆਂ ਸੋਨੀ ਨੇ ਤੁਰੰਤ ਹੀ ਮੀਟਿੰਗ 'ਚ ਮੌਜੂਦ ਵਿਭਾਗ ਦੇ ਵਿਸ਼ੇਸ਼ ਸਕੱਤਰ ਨੂੰ ਨਿਰਦੇਸ਼ ਦਿੱਤੇ ਕਿ ਉਨ੍ਹਾਂ ਦੇ ਹੁਕਮਾਂ ਦੀ ਅਣਦੇਖੀ ਕਰਨ ਵਾਲੇ ਅਧਿਕਾਰੀਆਂ ਦੀ ਜਵਾਬ-ਤਲਬੀ ਕੀਤੀ ਜਾਵੇ ।
ਆਗੂਆਂ ਨੇ ਮੰਤਰੀ ਦੇ ਧਿਆਨ 'ਚ ਲਿਆਂਦਾ ਕਿ ਸੰਘਰਸ਼ ਦੌਰਾਨ ਜਾਰੀ ਹੋਏ ਕਾਰਨ ਦੱਸੋ ਨੋਟਿਸ, ਦਰਜ ਹੋਏ ਪਰਚੇ, ਬਦਲੀਆਂ ਰੱਦ ਕਰਨ ਤੇ ਈ. ਜੀ. ਐੱਸ. ਅਧਿਆਪਕਾਂ ਤੋਂ ਇਲਾਵਾ ਮਾਸਟਰ ਕੇਡਰ ਤੇ ਲੈਕਚਰਰਾਂ ਦੀ ਪ੍ਰਮੋਸ਼ਨ ਸਬੰਧੀ ਪਿਛਲੀ ਮੀਟਿੰਗ ਵਿਚ ਅਧਿਕਾਰੀਆਂ ਨੂੰ ਦਿੱਤੇ ਗਏ ਨਿਰਦੇਸ਼ਾਂ 'ਤੇ ਕਾਰਵਾਈ ਨਹੀਂ ਕੀਤੀ ਗਈ ।
ਮੀਟਿੰਗ ਦੌਰਾਨ ਅਧਿਆਪਕ ਆਗੂਆਂ ਨੇ ਮੰਗ ਰੱਖੀ ਕਿ ਠੇਕੇ 'ਤੇ ਕੰਮ ਕਰਦੇ ਸਿੱਖਿਆ ਪ੍ਰੋਵਾਈਡਰ ਈ. ਜੀ. ਐੱਸ. ਐੱਸ. ਟੀ. ਆਰ. ਏ. ਈ. ਆਈ. ਅੰਗਹੀਣ ਬੱਚਿਆਂ ਨੂੰ ਪੜ੍ਹਾਉੁਣ ਵਾਲੇ ਅਧਿਆਪਕਾਂ ਨੂੰ ਪੱਕੇ ਕਰਨ ਪ੍ਰਤੀ ਸਰਕਾਰ ਦੀ ਕੀ ਨੀਤੀ ਹੈ, ਸਪੱਸ਼ਟ ਕੀਤਾ ਜਾਵੇ। ਅਧਿਆਪਕ ਆਗੂਆਂ ਨਾਲ ਗੱਲਬਾਤ ਦੌਰਾਨ ਮੰਤਰੀ ਨੇ ਮੁੜ ਭਰੋਸਾ ਦਿੰਦਿਆਂ ਕਿਹਾ ਕਿ ਜੋ ਵਾਅਦੇ ਉਨ੍ਹਾਂ ਨੇ ਕੀਤੇ ਹਨ, ਹਰ ਹਾਲ ਪੂਰੇ ਹੋਣਗੇ ਤੇ ਮੁੱਖ ਮੰਤਰੀ ਨਾਲ ਮੀਟਿੰਗ ਕਰਵਾ ਕੇ ਸਾਰੇ ਅਹਿਮ ਮਾਮਲੇ ਛੇਤੀ ਨਿਪਟਾਏ ਜਾਣਗੇ।
ਮੀਟਿੰਗ ਵਿਚ ਮੰਚ ਨਾਲ ਸਬੰਧਤ ਅਧਿਆਪਕ ਆਗੂਆਂ ਦੇ ਵਫ਼ਦ ਵਿਚ ਜਸਵਿੰਦਰ ਸਿੰਘ ਸਿੱਧੂ, ਹਰਜਿੰਦਰਪਾਲ ਸਿੰਘ ਪਨੂੰ, ਪ੍ਰਗਟਜੀਤ ਸਿੰਘ ਕ੍ਰਿਸ਼ਨਪੁਰਾ, ਜਸਵੀਰ ਸਿੰਘ ਮੋਗਾ, ਸੁਖਚੈਨ ਸਿੰਘ ਮਾਨਸਾ ਵਸ਼ਿੰਗਟਨ ਸਿੰਘ, ਈਸ਼ਰ ਸਿੰਘ ਮੰਝਪੁਰ, ਦਵਿੰਦਰ ਸਿੰਘ ਮੁਕਤਸਰ, ਹਰਜੀਤ ਸਿੰਘ ਸੈਣੀ, ਹਰਜਿੰਦਰ ਸਿੰਘ ਹਾਂਡਾ, ਗੁਰਪ੍ਰੀਤ ਸਿੰਘ ਗੁਰੀ ਪਟਿਆਲਾ, ਤਜਿੰਦਰ ਸਿੰਘ, ਹਰਮਿੰਦਰ ਸਿੰਘ, ਪਿਸ਼ੌਰਾ ਸਿੰਘ, ਤਜਿੰਦਰ ਕੌਰ, ਕਰਮਜੀਤ ਕੌਰ ਪਾਤੜਾਂ ਆਦਿ ਆਗੂ ਸ਼ਾਮਲ ਸਨ।