ਸਿੱਖਿਆ ਵਿਭਾਗ ਦੇ ਅਧਿਆਪਕ ਸਰਕਾਰ ਤੋਂ ਔਖੇ

Monday, Sep 04, 2017 - 06:42 AM (IST)

ਅੰਮ੍ਰਿਤਸਰ,   (ਦਲਜੀਤ ਸ਼ਰਮਾ)-  ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਵੱਲੋਂ ਅੱਜ ਸਿੰਚਾਈ ਵਿਭਾਗ ਦਫਤਰ ਦੇ ਪਾਰਕ 'ਚ ਅਧਿਆਪਕ ਦਿਵਸ ਸਬੰਧੀ ਪੰਜਾਬ ਸਰਕਾਰ ਨੂੰ ਕੋਸਿਆ ਗਿਆ। ਯੂਨੀਅਨ ਦੀ ਅਗਵਾਈ 'ਚ ਇਕੱਠੇ ਹੋਏ ਸੈਂਕੜੇ ਅਧਿਆਪਕਾਂ ਨੇ ਸਰਕਾਰ ਖਿਲਾਫ ਰੋਸ ਜ਼ਾਹਿਰ ਕਰਦਿਆਂ ਸਰਕਾਰ 'ਤੇ ਵਾਅਦਾਖਿਲਾਫੀ ਦਾ ਦੋਸ਼ ਲਾਇਆ।
ਇਸ ਮੌਕੇ ਸੰਬੋਧਨ ਕਰਦਿਆਂ ਯੂਨੀਅਨ ਦੇ ਆਗੂ ਬਲਕਾਰ ਸਿੰਘ ਵਲਟੋਹਾ ਨੇ ਕਿਹਾ ਕਿ ਅਧਿਆਪਕ ਦਿਵਸ ਦੀ ਮਹੱਤਤਾ ਤਾਂ ਹੀ ਬਣਦੀ ਹੈ ਜੇ ਸਮਾਜ ਵਿਚ ਕੰਮ ਕਰਦਾ ਹਰੇਕ ਅਧਿਆਪਕ ਆਰਥਿਕ ਤੇ ਵਿੱਦਿਅਕ ਮਾਹੌਲ ਪੱਖੋਂ ਪੂਰੀ ਤਰ੍ਹਾਂ ਸੰਤੁਸ਼ਟ ਹੋਵੇ। ਸਰਕਾਰ ਦੀ ਢਿੱਲਮੱਠ ਕਾਰਨ ਐੱਸ. ਐੱਸ. ਏ./ਰਮਸਾ ਪ੍ਰਾਜੈਕਟ ਅਧੀਨ ਭਰਤੀ ਕੀਤੇ ਕਈ ਕਿਸਮਾਂ ਦੇ ਪ੍ਰਾਇਮਰੀ ਤੇ ਸੈਕੰਡਰੀ ਅਧਿਆਪਕ ਭਾਵੇਂ ਉਹ ਸੁਸਾਇਟੀਆਂ ਜਾਂ ਕੰਪਨੀਆਂ ਅਧੀਨ ਹੀ ਕਿਉਂ ਨਾ ਹੋਣ, ਨੂੰ ਸਖ਼ਤ ਮਿਹਨਤ ਕਰਨ ਦੇ ਬਾਵਜੂਦ ਵਿਭਾਗ ਵੱਲੋਂ ਰੈਗੂਲਰ ਨਹੀਂ ਕੀਤਾ ਗਿਆ ਤੇ ਗਲਤ ਨੀਤੀਆਂ ਕਾਰਨ ਅਧਿਆਪਕਾਂ 'ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਨਹੀਂ ਕੀਤੀ ਜਾ ਰਹੀ।
ਇਕ ਪਾਸੇ ਸਰਕਾਰ ਅਧਿਆਪਕ ਦਿਵਸ 'ਤੇ ਅਧਿਆਪਕਾਂ ਨੂੰ ਸਨਮਾਨ ਦੇਣ ਦੀ ਗੱਲ ਕਰ ਰਹੀ ਹੈ, ਦੂਜੇ ਪਾਸੇ ਉਨ੍ਹਾਂ ਦਾ ਆਰਥਿਕ ਅਤੇ ਮਾਨਸਿਕ ਸ਼ੋਸ਼ਣ ਕਰ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ 6ਵੇਂ ਪੇ-ਕਮਿਸ਼ਨ ਦੀ ਕਾਰਵਾਈ ਮੁਕੰਮਲ ਕਰ ਕੇ ਪੇ-ਸਕੇਲ ਸੋਧੇ ਜਾਣ, ਰੈਸ਼ਨੇਲਾਈਜ਼ੇਸ਼ਨ 2011 ਦੀ ਨੀਤੀ ਅਨੁਸਾਰ ਕੀਤੀ ਜਾਵੇ, ਹਰੇਕ ਵਿਭਾਗ ਦੇ ਡੀ. ਡੀ. ਓਜ਼ ਨੂੰ ਦਿੱਤੀਆਂ ਵਿੱਤੀ ਤੇ ਹੋਰ ਪਾਵਰਾਂ ਜਾਰੀ ਰੱਖੀਆਂ ਜਾਣ, ਹੈੱਡ ਮਾਸਟਰ, ਬਲਾਕ ਸਿੱਖਿਆ ਅਫਸਰ ਤੇ ਪਿੰ੍ਰਸੀਪਲ ਸਮੇਤ ਬਣਦੀਆਂ ਸਾਰੀਆਂ ਤਰੱਕੀਆਂ ਤੁਰੰਤ ਕੀਤੀਆਂ ਜਾਣ ਤੇ ਡੀ. ਏ. ਦੀ ਕਿਸ਼ਤ ਜਾਰੀ ਕੀਤੀ ਜਾਵੇ।  ਇਸ ਮੌਕੇ ਡਿਪਟੀ ਜਨਰਲ ਸਕੱਤਰ ਕੇਵਲ ਸਿੰਘ ਰੰਧਾਵਾ, ਮੀਤ ਪ੍ਰਧਾਨ ਹਰਦੇਵ ਭਕਨਾ ਤੇ ਮਾਝਾ ਜ਼ੋਨ ਦੇ ਜ਼ਿਲਿਆਂ ਦੇ ਆਗੂ ਕਾਰਜ ਕੈਰੋਂ, ਕਰਮਜੀਤ ਸਿੰਘ, ਜਗਜੀਤ ਬੇਦੀ, ਲਵਲੀਨਪਾਲ, ਨਰਿੰਦਰ ਨੂਰ, ਮਲਕੀਤ ਕੱਦਗਿੱਲ, ਕਰਮਜੀਤ ਕੌਰ, ਸਵਰਨ ਕੌਰ ਤੇ ਵਰਿੰਦਰ ਵੋਹਰਾ ਆਈ. ਆਰ. ਈ. ਟੀ., ਪਰਮਿੰਦਰ ਸਿੰਘ ਕੰਪਿਊਟਰ ਟੀਚਰ, ਦਿਲਬਾਗ ਸਿੰਘ, ਊਧਮ ਸਿੰਘ, ਕੁਲਦੀਪ ਕੁਮਾਰ, ਸੱਤਿਆਪਾਲ ਗੁਪਤਾ, ਜਸਵੰਤ ਰਾਏ ਛੇਹਰਟਾ ਤੇ ਮਨਜੀਤ ਵਿਰਕ ਨੇ ਕਿਹਾ ਕਿ ਪ੍ਰਾਈਵੇਟ ਸਕੂਲਾਂ 'ਚ ਕੰਮ ਕਰਦੇ ਅਧਿਆਪਕਾਂ ਦੀ ਆਰਥਿਕ ਲੁੱਟ ਤਾਂ ਪਹਿਲਾਂ ਹੀ ਹੁੰਦੀ ਸੀ, ਹੁਣ ਸਰਕਾਰੀ ਸਕੂਲਾਂ 'ਚ ਵੀ ਉਹੋ ਕੁਝ ਹੋ ਰਿਹਾ ਹੈ। ਅੱਜ ਸਾਰੀ ਸਿੱਖਿਆ ਵਪਾਰ ਦੀ ਵਸਤੂ ਬਣਾ ਦਿੱਤੀ ਗਈ ਹੈ। ਮੁੱਖ ਮੰਤਰੀ ਅਧਿਆਪਕਾਂ ਨੂੰ ਰੈਗੂਲਰ ਕਰਨ ਦੇ ਵਾਅਦੇ ਤੋਂ ਭੱਜ ਰਹੇ ਹਨ।
ਪ੍ਰਾਇਮਰੀ ਤੇ ਮਿਡਲ ਸਕੂਲਾਂ 'ਚ ਕੋਈ ਦਰਜਾ-4 ਕਰਮਚਾਰੀ ਤੇ ਕੰਪਿਊਟਰ ਆਪ੍ਰੇਟਰ ਨਾ ਹੋਣ ਕਾਰਨ ਸਥਿਤੀ ਹਾਸੋਹੀਣੀ ਬਣੀ ਰਹਿੰਦੀ ਹੈ। ਸਰਕਾਰੀ ਸਕੂਲਾਂ ਨੂੰ ਅਤਿ-ਗਰੀਬ ਤੇ ਪੱਛੜੇ ਪਰਿਵਾਰਾਂ ਦੇ ਬੱਚਿਆਂ ਦੀ ਸਥਿਤੀ ਨੂੰ ਸਮਝਣ ਦੀ ਬਜਾਏ ਹਰ ਗੱਲ ਦੇ ਦੋਸ਼ੀ ਬਣਾਇਆ ਜਾ ਰਿਹਾ ਹੈ, ਇਸ ਕਰ ਕੇ ਅਧਿਆਪਕ ਦਿਵਸ ਤੋਂ ਪਹਿਲਾਂ ਅੱਜ ਯੂਨੀਅਨ ਵੱਲੋਂ 4 ਜ਼ੋਨਲ ਕਨਵੈਨਸ਼ਨਾਂ ਰਾਹੀਂ ਸਰਕਾਰ ਦੇ ਬੋਲ਼ੇ ਕੰਨਾਂ ਨੂੰ ਸੁਣਾਇਆ ਜਾ ਰਿਹਾ ਹੈ। ਯੂਨੀਅਨ ਵੱਲੋਂ ਫੈਸਲਾ ਕੀਤਾ ਗਿਆ ਕਿ 8 ਸਤੰਬਰ ਦੇ ਪ. ਸ. ਸ. ਫ. ਵੱਲੋਂ ਅਰਥੀ ਫੂਕ ਮੁਜ਼ਾਹਰਿਆਂ ਵਿਚ ਸ਼ਾਮਿਲ ਹੋਵਾਂਗੇ। ਇਸ ਮੌਕੇ ਮੁਖਤਾਰ ਨਾਰਲੀ, ਪ੍ਰਿਤਪਾਲ ਝਬਾਲ ਤੇ ਜੋਗਿੰਦਰ ਸਿੰਘ ਨੇ ਵੀ ਵਿਚਾਰ ਰੱਖੇ।


Related News