ਸਿੱਖਿਆ ਵਿਭਾਗ ਨੂੰ ਸੁਧਾਰਨ ਦੇ ਬਾਵਜੂਦ ਕੈਬਨਿਟ ਮੰਤਰੀ ਸੋਨੀ ਨੂੰ ਨਹੀਂ ਮਿਲਿਆ ਇਨਾਮ

06/18/2019 9:37:00 AM

ਜਲੰਧਰ (ਪੁਨੀਤ)— ਪੰਜਾਬ ਦੇ ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਪਿਛਲੇ ਇਕ ਸਾਲ ਦੌਰਾਨ ਸਿੱਖਿਆ ਵਿਭਾਗ ਨੂੰ ਸੁਧਾਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਸੀ। ਸਿੱਖਿਆ ਵਿਭਾਗ ਵਿਚ ਸੁਧਾਰਾਂ ਨੂੰ ਲਾਗੂ ਕੀਤਾ ਗਿਆ, ਜਿਸ ਦਾ ਨਤੀਜਾ ਇਹ ਹੋਇਆ ਕਿ ਦਸਵੀਂ ਤੇ 12ਵੀਂ ਕਲਾਸਾਂ ਦੇ ਨਤੀਜੇ ਸ਼ਾਨਦਾਰ ਆਏ। ਪਿਛਲੇ ਕਈ ਸਾਲਾਂ ਦੇ ਰਿਕਾਰਡ ਟੁੱਟ ਗਏ। 10ਵੀਂ ਕਲਾਸ ਵਿਚ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਨਤੀਜਾ 86 ਫੀਸਦੀ ਅਤੇ 12ਵੀਂ ਦਾ ਨਤੀਜਾ 88 ਫੀਸਦੀ ਰਿਹਾ। ਪੰਜਾਬ ਮੰਤਰੀ ਮੰਡਲ ਵਿਚ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਹੋਏ ਫੇਰਬਦਲ ਦੌਰਾਨ ਸਭ ਤੋਂ ਜ਼ਿਆਦਾ ਘਾਟਾ ਸੋਨੀ ਨੂੰ ਉਠਾਉਣਾ ਪਿਆ ਕਿਉਂਕਿ ਅਫਸਰਸ਼ਾਹੀ ਸੋਨੀ ਦੇ ਖਿਲਾਫ ਸੀ। ਸੋਨੀ ਅਫਸਰਸ਼ਾਹੀ ਵਲੋਂ ਲਏ ਜਾਣ ਵਾਲੇ ਫੈਸਲਿਆਂ ਨੂੰ ਪਲਟ ਦਿੰਦੇ ਸੀ।

ਸੋਨੀ ਨੇ ਸਿੱਖਿਆ ਮੰਤਰੀ ਰਹਿੰਦੇ ਹੋਏ 8886 ਕੱਚੇ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿਚ ਰੈਗੂਲਰ ਕਰਨ ਦਾ ਇਤਿਹਾਸਕ ਫੈਸਲਾ ਲਿਆ। ਇਸ ਤੋਂ ਇਲਾਵਾ 3178 ਮਾਸਟਰ ਕੇਡਰ, 1337 ਈ. ਟੀ. ਟੀ. ਕੇਡਰ, 60 ਸੀ. ਐਂਡ ਵੀ. ਕੇਡਰ, 61 ਕਲਰਕ, 7 ਲਾਇਬਰੇਰੀ ਰਿਸਟੋਰਲ, 3 ਐੱਮ. ਐੱਲ. ਏ. ਅਤੇ 156 ਅਧਿਆਪਕਾਂ ਦੀ ਭਰਤੀ ਵੀ ਕੀਤੀ। 5178 ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿਚ ਰੈਗੂਲਰ ਕੀਤਾ ਗਿਆ। ਸੋਨੀ ਨੇ ਸਿੱਖਿਆ ਵਿਭਾਗ ਵਿਚ ਸਿੱਧੀ ਧਰਤੀ ਦੇ ਤਹਿਤ ਪ੍ਰਿੰਸੀਪਲ, ਮੁੱਖ ਅਧਿਆਪਕ, ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਦੀਆਂ ਭਰਤੀਆਂ ਵੀ ਕੀਤੀਆਂ। ਉਨ੍ਹਾਂ ਨੇ ਸਿੱਖਿਆ ਮੰਤਰੀ ਰਹਿੰਦੇ 2575 ਮਾਸਟਰ ਕੇਡਰ, 101 ਬਲਾਕ ਪ੍ਰਾਇਮਰੀ ਸਿੱਖਿਆ ਅਫਸਰ, 296 ਸੈਂਟਰ ਹੈੱਡ ਟੀਚਰਾਂ, 781 ਹੈੱਡ ਟੀਚਰਾਂ ਨੂੰ ਤਰੱਕੀਆਂ ਦਿੱਤੀਆਂ। 12921 ਸਕੂਲਾਂ ਵਿਚ ਪ੍ਰੀ-ਪ੍ਰਾਇਮਰੀ ਕਲਾਸਾਂ ਦੀ ਸ਼ੁਰੂਆਤ ਕਰਵਾਈ। ਪਹਿਲੀ ਤੋਂ ਦਸਵੀਂ ਤਕ ਈ ਕਾਂਟੈਕਟ ਤਕ ਪੜ੍ਹਾਈ ਕਰਵਾਉਣ ਲਈ 21000 ਸਮਾਰਟ ਕਲਾਸ ਰੂਮ ਬਣਾਏ ਗਏ। ਸਰਹੱਦੀ ਖੇਤਰਾਂ ਵਿਚ 3582 ਅਧਿਆਪਕਾਂ ਦੀ ਭਰਤੀ ਕੀਤੀ ਗਈ ਜਿਸ ਨਾਲ ਸਰਹੱਦੀ ਡਿਸਟ੍ਰਿਕਟ ਅੰਮ੍ਰਿਤਸਰ, ਫਿਰੋਜ਼ਪੁਰ, ਗੁਰਦਾਸਪੁਰ, ਪਠਾਨਕੋਟ, ਫਾਜ਼ਿਲਕਾ ਤੇ ਤਰਨਤਾਰਨ ਜ਼ਿਲਿਆਂ ਵਿਚ ਅਧਿਆਪਕਾਂ ਦੇ ਅਹੁਦਿਆਂ ਨੂੰ ਭਰਿਆ ਗਿਆ। ਇਹੀ ਨਹੀਂ ਉਨ੍ਹਾਂ ਨੇ 15628 ਸਰਕਾਰੀ ਸਕੂਲਾਂ ਵਿਚ ਲਾਇਬਰੇਰੀ ਦੀਆਂ ਕਿਤਾਬਾਂ ਲਈ 5.22 ਕਰੋੜ ਦੀ ਰਾਸ਼ੀ ਵੀ ਜਾਰੀ ਕਰਵਾਈ। ਸਰਕਾਰੀ ਸਕੂਲਾਂ ਦੇ 5000 ਮਿਹਨਤੀ ਟੀਚਰਾਂ ਨੂੰ ਪ੍ਰਸ਼ੰਸਾ ਪੱਤਰ ਦਿੱਤੇ ਗਏ।

ਸਿੱਖਿਆ ਮੰਤਰੀ ਰਹਿੰਦਿਆਂ ਸੋਨੀ ਨੇ ਮਿੱਡ-ਡੇ ਮੀਲ ਲਈ 300 ਕਰੋੜ ਰੁਪਏ ਦੀ ਰਕਮ ਜਾਰੀ ਕਰਵਾਈ। ਸਰਕਾਰੀ ਸਕੂਲਾਂ ਤੋਂ ਇਲਾਵਾ ਕਮਰਿਆਂ ਦੇ ਨਿਰਮਾਣ ਲਈ 78 ਕਰੋੜ, 880 ਸਰਕਾਰੀ ਸੀ. ਸੈ. ਸਕੂਲਾਂ ਵਿਚ ਸੋਲਰ ਪਲਾਂਟ ਲਾਉਣ ਲਈ 20 ਕਰੋੜ, ਬੱਚਿਆਂ ਦੀਆਂ ਵਰਦੀਆਂ ਲਈ 76.57 ਕਰੋੜ ਤੇ ਮੁਫਤ ਕਿਤਾਬਾਂ ਲਈ 23.48 ਕਰੋੜ ਦੀ ਰਕਮ ਜਾਰੀ ਕਰਵਾਈ ਗਈ। ਸਰਕਾਰੀ ਸਕੂਲਾਂ ਵਿਚ ਲੜਕੀਆਂ ਨੂੰ ਸੈਨੇਟਰੀ ਨੈਪਕਿਨ ਮੁਹੱਈਆ ਕਰਵਾਉਣ ਲਈ 18 ਕਰੋੜ ਦੀ ਗ੍ਰਾਂਟ ਜਾਰੀ ਕੀਤੀ ਤੇ ਸਕੂਲਾਂ ਵਿਚ ਬਾਇਓਮੈਟ੍ਰਿਕ ਹਾਜ਼ਰੀ ਸਿਸਟਮ ਸ਼ੁਰੂ ਕੀਤਾ ਗਿਆ।

ਇੰੰਨਾ ਸਭ ਕੁਝ ਹੋਣ ਤੋਂ ਬਾਅਦ ਵੀ ਸੋਨੀ ਨੇ ਜਨਤਕ ਤੌਰ 'ਤੇ ਸਟੇਟਮੈਂਟ ਿਦੱਤੀ ਕਿ ਅਫਸਰਸ਼ਾਹੀ ਦਾ ਉਹ ਸਿੱਧੇ ਤੌਰ 'ਤੇ ਨਿਸ਼ਾਨਾ ਬਣੇ ਹਨ। ਉਨ੍ਹਾਂ ਇਹ ਮਾਮਲਾ ਮੁੱਖ ਮੰਤਰੀ ਅਮਰਿੰਦਰ ਸਿੰਘ ਤੱਕ ਵੀ ਪਹੁੰਚਾ ਦਿੱਤਾ। ਸੋਨੀ ਨੂੰ ਇਹ ਵੀ ਸਮਝ ਨਹੀਂ ਆਇਆ ਕਿ ਆਖਿਰ ਉਨ੍ਹਾਂ ਕੋਲੋਂ ਸਿੱਖਿਆ ਵਿਭਾਗ ਕਿਉਂ ਵਾਪਸ ਲਿਆ ਗਿਆ ਹੈ। ਸੋਨੀ ਦੀ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨਾਲ ਸਿੱਧੀ ਜੰਗ ਚੱਲ ਰਹੀ ਸੀ। ਕ੍ਰਿਸ਼ਨ ਕੁਮਾਰ ਵੱਲੋਂ ਪਿਛਲੇ ਸਮੇਂ ਵਿਚ ਕੀਤੇ ਗਏ ਟੀਚਰਾਂ ਦੇ ਤਬਾਦਲਿਆਂ ਨੂੰ ਸੋਨੀ ਨੇ ਰੱਦ ਕਰ ਦਿੱਤਾ ਸੀ। ਇਸ ਨਾਲ ਦੋਵਾਂ ਵਿਚ ਲੜਾਈ ਖੁੱਲ੍ਹ ਕੇ ਸਾਹਮਣੇ ਆ ਗਈ ਸੀ। ਇਸ ਲਈ ਸੋਨੀ ਵਾਰ-ਵਾਰ ਕਹਿ ਰਹੇ ਹਨ ਕਿ ਉਨ੍ਹਾਂ ਦਾ ਵਿਭਾਗ ਬਦਲਾਉਣ ਪਿੱਛੇ ਕ੍ਰਿਸ਼ਨ ਕੁਮਾਰ ਤੇ ਹੋਰ ਅਧਿਕਾਰੀਆਂ ਦਾ ਹੱਥ ਹੈ।


Shyna

Content Editor

Related News