ਪੰਜਾਬ 'ਸਿੱਖਿਆ' ਦੇ ਮਾਮਲੇ 'ਚ ਕਿਵੇਂ ਬਣੇਗਾ ਨੰਬਰ ਇਕ? ਵਿਭਾਗ ਦੇ ਚੋਟੀ ਦੇ ਅਹੁਦੇ ਖ਼ਾਲੀ
Friday, Apr 22, 2022 - 02:56 PM (IST)
ਮੋਹਾਲੀ (ਨਿਆਮੀਆਂ) : ਪੰਜਾਬ ਸਰਕਾਰ ਵੱਲੋਂ ਭਾਵੇਂ ਸਿੱਖਿਆ ਵਿਭਾਗ ਨੂੰ ਚੁਸਤ-ਦਰੁੱਸਤ ਅਤੇ ਨੰਬਰ ਇਕ ਬਣਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਅਸਲੀਅਤ ਇਹ ਹੈ ਕਿ ਸਰਕਾਰ ਦਾ ਧਿਆਨ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਨਿਯੁਕਤੀ ਵੱਲ ਬਿਲਕੁਲ ਵੀ ਨਹੀਂ ਜਾਪਦਾ ਹੈ। ਇਸ ਵੇਲੇ ਸਿੱਖਿਆ ਵਿਭਾਗ ਦੇ ਜੋ ਚੋਟੀ ਦੇ ਅਹੁਦੇ ਹਨ, ਉਨ੍ਹਾਂ ਵਿੱਚੋਂ 100 ਦੇ ਕਰੀਬ ਅਸਾਮੀਆਂ ਖ਼ਾਲੀ ਪਈਆਂ ਹਨ, ਜਦੋਂ ਕਿ ਅਧਿਆਪਕਾਂ ਦੀਆਂ ਵੀ ਹਜ਼ਾਰਾਂ ਹੀ ਅਸਾਮੀਆਂ ਖ਼ਾਲੀ ਹਨ। ਅਜਿਹੇ ਵਿੱਚ ਪੰਜਾਬ ਸਿੱਖਿਆ ਦੇ ਮਾਮਲੇ ਵਿੱਚ ਨੰਬਰ ਇੱਕ ਕਿਵੇਂ ਬਣ ਸਕੇਗਾ, ਇਸ ਬਾਰੇ ਸਰਕਾਰ ਹੀ ਚੰਗੀ ਤਰ੍ਹਾਂ ਉੱਤਰ ਦੇ ਸਕਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਡਾਇਰੈਕਟਰ ਪਬਲਿਕ ਇੰਸਟਰੱਕਸ਼ਨਜ਼ (ਡੀ. ਪੀ. ਆਈ.) ਦੇ ਤਿੰਨੋਂ ਹੀ ਅਹੁਦੇ ਇਸ ਵੇਲੇ ਖ਼ਾਲੀ ਪਏ ਹਨ ਅਤੇ ਉਨ੍ਹਾਂ ਦੇ ਚਾਰਜ ਕਿਸੇ ਹੋਰ ਅਧਿਕਾਰੀਆਂ ਨੂੰ ਦਿੱਤੇ ਗਏ ਹਨ, ਜਿਸ ਕਰਕੇ ਸਿੱਖਿਆ ਵਿਭਾਗ ਦਾ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਡੀ. ਪੀ. ਆਈ. ਪ੍ਰਾਇਮਰੀ ਦਾ ਅਹੁਦਾ ਪਿਛਲੇ 2 ਸਾਲਾਂ ਤੋਂ ਖ਼ਾਲੀ ਪਿਆ ਹੈ ਅਤੇ ਇਸ ਅਹੁਦੇ ਦਾ ਵਧੀਕ ਚਾਰਜ ਜ਼ਿਲ੍ਹਾ ਸਿੱਖਿਆ ਅਫ਼ਸਰ ਪਟਿਆਲਾ ਹਰਿੰਦਰ ਕੌਰ ਨੂੰ ਦਿੱਤਾ ਹੋਇਆ ਹੈ।
ਡੀ. ਪੀ. ਆਈ. ਸੈਕੰਡਰੀ ਦਾ ਅਹੁਦਾ ਵੀ ਪਿਛਲੇ ਇੱਕ ਮਹੀਨੇ ਤੋਂ ਖ਼ਾਲੀ ਪਿਆ ਹੈ ਅਤੇ ਉਸ ਦਾ ਵਧੀਕ ਚਾਰਜ ਪ੍ਰਦੀਪ ਅਗਰਵਾਲ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਵਿਭਾਗ ਨੂੰ ਦਿੱਤਾ ਗਿਆ ਹੈ। ਸਟੇਟ ਕੌਂਸਲ ਫਾਰ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (ਐੱਸ. ਸੀ. ਈ. ਆਰ. ਟੀ.) ਦੇ ਡਾਇਰੈਕਟਰ ਦਾ ਅਹੁਦਾ ਵੀ ਪਿਛਲੇ 2 ਸਾਲਾਂ ਤੋਂ ਖ਼ਾਲੀ ਪਿਆ ਹੈ ਅਤੇ ਇਸ ਦਾ ਵਧੀਕ ਚਾਰਜ ਮਨਿੰਦਰ ਸਰਕਾਰੀਆ ਨੂੰ ਦਿੱਤਾ ਹੋਇਆ ਹੈ, ਜੋ ਕਿ ਸਿੱਖਿਆ ਵਿਭਾਗ ਵਿੱਚ ਸਹਾਇਕ ਡਾਇਰੈਕਟਰ ਵਜੋਂ ਕੰਮ ਕਰ ਰਹੇ ਹਨ। ਇੱਥੇ ਇਹ ਗੱਲ ਖ਼ਾਸ ਤੌਰ 'ਤੇ ਜ਼ਿਕਰਯੋਗ ਹੈ ਕਿ ਐਲੀਮੈਂਟਰੀ ਅਧਿਆਪਕਾਂ ਦੀਆਂ 14953 ਅਸਾਮੀਆਂ ਖ਼ਾਲੀ ਪਈਆਂ ਹਨ। ਇਸੇ ਤਰ੍ਹਾਂ ਪ੍ਰੀ-ਪ੍ਰਾਇਮਰੀ ਅਧਿਆਪਕਾਂ ਦੀਆਂ ਵੀ ਲਗਭਗ 8200 ਅਸਾਮੀਆਂ ਖ਼ਾਲੀ ਪਈਆਂ ਹਨ, ਜਿਨ੍ਹਾਂ ਨੂੰ ਭਰਨ ਬਾਰੇ ਸਰਕਾਰ ਨੇ ਸੋਚਿਆ ਹੀ ਨਹੀਂ।
ਇਹ ਵੀ ਪੜ੍ਹੋ : ਪਿੰਡ ਦੀ ਕੱਚੀ ਨਹਿਰ 'ਚੋਂ ਬਰਾਮਦ ਹੋਈ ਕਤਲ ਕੀਤੇ ਨੌਜਵਾਨ ਦੀ ਲਾਸ਼, ਖ਼ੁਰਦ-ਬੁਰਦ ਕਰਨ ਲਈ ਸਿਰ ਤੋਂ ਧੜ ਕੀਤਾ ਵੱਖ
ਸਿੱਖਿਆ ਵਿਭਾਗ ਵਿੱਚ ਪ੍ਰਸ਼ਾਸਕੀ ਅਫ਼ਸਰ ਅਤੇ ਰਜਿਸਟਰਾਰ ਦੀਆਂ ਅਸਾਮੀਆਂ ਵੀ ਪਿਛਲੇ 2 ਸਾਲਾਂ ਤੋਂ ਖ਼ਾਲੀ ਪਈਆਂ ਹਨ। ਜਿੱਥੋਂ ਤਕ ਸਹਾਇਕ ਰਜਿਸਟਰਾਰ ਦਾ ਸਵਾਲ ਹੈ ਤਾਂ ਇਹ ਅਸਾਮੀ ਵੀ ਪਿਛਲੇ 8 ਮਹੀਨਿਆਂ ਤੋਂ ਖ਼ਾਲੀ ਪਈ ਹੈ। ਇਸੇ ਤਰ੍ਹਾਂ 17 ਸੁਪਰੀਡੈਂਟ, 25 ਸੀਨੀਅਰ ਸਹਾਇਕ ਅਤੇ 50 ਕਲਰਕਾਂ ਦੀਆਂ ਅਸਾਮੀਆਂ ਵੀ ਪਿਛਲੇ ਇਕ ਸਾਲ ਤੋਂ ਖ਼ਾਲੀ ਪਈਆਂ ਹਨ। ਇਸ ਸੰਬੰਧ ਵਿਚ ਡੀ. ਪੀ. ਆਈ. ਦਫ਼ਤਰ ਦੇ ਮਨਿਸਟੀਰੀਅਲ ਸਟਾਫ਼ ਐਸੋਸੀਏਸ਼ਨ ਦੇ ਪ੍ਰਧਾਨ ਰਣਧੀਰ ਸਿੰਘ ਦਾ ਕਹਿਣਾ ਹੈ ਕਿ ਅਸਾਮੀਆਂ ਭਰੀਆਂ ਨਾ ਹੋਣ ਕਰਕੇ ਦਫ਼ਤਰ ਦਾ ਕੰਮ ਚਲਾਉਣਾ ਬਹੁਤ ਮੁਸ਼ਕਿਲ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਇਕ ਮੰਗ ਪੱਤਰ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸੱਤਾ ਪਰਿਵਰਤਨ ਤੋਂ ਬਾਅਦ ਨਵੀਂ ਸਰਕਾਰ ਤੋਂ ਉਨ੍ਹਾਂ ਨੂੰ ਕਾਫ਼ੀ ਉਮੀਦਾਂ ਹਨ, ਜਿਸ ਕਰਕੇ ਉਹ ਛੇਤੀ ਹੀ ਇਹ ਮੰਗ ਪੱਤਰ ਲੈ ਕੇ ਸਿੱਖਿਆ ਮੰਤਰੀ ਨੂੰ ਮਿਲਣਗੇ। ਉਨ੍ਹਾਂ ਆਸ ਪ੍ਰਗਟ ਕੀਤੀ ਹੈ ਕਿ ਨਵੇਂ ਸਿੱਖਿਆ ਮੰਤਰੀ ਉਨ੍ਹਾਂ ਦੇ ਮਸਲੇ ਪਹਿਲ ਦੇ ਆਧਾਰ 'ਤੇ ਹੱਲ ਕਰਨਗੇ। ਇੱਥੇ ਇਹ ਗੱਲ ਖ਼ਾਸ ਤੌਰ 'ਤੇ ਜ਼ਿਕਰਯੋਗ ਹੈ ਕਿ ਇਸ ਵੇਲੇ ਪੰਜਾਬ ਵਿੱਚ ਕੁੱਲ 19262 ਸਕੂਲ ਹਨ, ਜਿਨ੍ਹਾਂ ਵਿੱਚੋਂ 12880 ਪ੍ਰਾਇਮਰੀ, 2670 ਮਿਡਲ, 1740 ਹਾਈ ਅਤੇ 1972 ਸੀਨੀਅਰ ਸੈਕੰਡਰੀ ਸਕੂਲ ਹਨ। ਇਸ ਵੇਲੇ ਸਿੱਖਿਆ ਵਿਭਾਗ ਵਿਚ 3 ਲੱਖ 89 ਹਜ਼ਾਰ ਅਧਿਆਪਕ ਕੰਮ ਕਰ ਰਹੇ ਹਨ, ਜਦਕਿ ਅਜੇ ਵੀ ਹਜ਼ਾਰਾਂ ਅਧਿਆਪਕਾਂ ਦੀ ਘਾਟ ਹੈ। ਇਹ ਕਮੀ ਪੂਰੀ ਕੀਤੇ ਬਿਨਾਂ ਸਿੱਖਿਆ ਵਿਭਾਗ ਪੰਜਾਬ ਵਿਚ ਸਿੱਖਿਆ ਨੂੰ ਲੀਹਾਂ 'ਤੇ ਨਹੀਂ ਲਿਆ ਸਕਦਾ। ਹੁਣ ਦੇਖਣਾ ਇਹ ਹੋਵੇਗਾ ਕਿ ਆਮ ਆਦਮੀ ਪਾਰਟੀ ਦੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਸਿੱਖਿਆ ਦੇ ਖੇਤਰ ਵਿੱਚ ਕਿਹੜੀਆਂ ਤਬਦੀਲੀਆਂ ਕਰਦੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ