ਗਿਆਨ ਦਾ ਉਜਾਲਾ ਕਰਨ ਵਾਲੀ ਵਿੱਦਿਆ ਖੁਦ ਹੀ ਹੋਣ ਲੱਗੀ ਗੋਰਖ ਧੰਦੇ ਦਾ ਸ਼ਿਕਾਰ

Wednesday, Apr 04, 2018 - 01:09 AM (IST)

ਮਮਦੋਟ(ਸੰਜੀਵ, ਧਵਨ)—ਸਕੂਲਾਂ 'ਚ ਸਾਲਾਨਾ ਪ੍ਰੀਖਿਆਵਾਂ ਸਮਾਪਤ ਹੋਣ ਸਾਰ ਹੀ ਜਿਥੇ ਕਿਤਾਬਾਂ ਦੇ ਵਿਕਰੇਤਾਵਾਂ ਅਤੇ ਪ੍ਰਕਾਸ਼ਕਾਂ ਦੀ ਚਾਂਦੀ ਹੋ ਰਹੀ ਰਹੀ ਹੈ, ਉਥੇ ਹੀ 'ਵਿੱਦਿਆ ਵਿਚਾਰੀ ਪਰਉਪਕਾਰੀ' ਗੋਰਖ ਧੰਦੇ ਦਾ ਸ਼ਿਕਾਰ ਹੋ ਗਈ, ਜਿਸ ਕਰਕੇ ਭੋਲੇ-ਭਾਲੇ ਲੋਕਾਂ ਦੀ ਵੱਡੇ ਪੱਧਰ 'ਤੇ ਆਰਥਕ ਲੁੱਟ ਕੀਤੀ ਜਾ ਰਹੀ ਹੈ। ਐੱਨ. ਸੀ. ਆਰ. ਟੀ. ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਕਿਤਾਬਾਂ ਉਪਰ ਤੈਅ ਰੇਟਾਂ ਨਾਲ ਛੇੜ-ਛਾੜ ਕਰ ਕੇ ਦੁਕਾਨਦਾਰ ਭਾਰੀ ਮੁਨਾਫਾਖੋਰੀ ਕਰ ਰਹੇ ਹਨ, ਜਿਸ ਨਾਲ ਬੋਰਡ ਦੀਆਂ ਹਦਾਇਤਾਂ ਦੀ ਉਲੰਘਣਾ ਹੁੰਦੀ ਸਪੱਸ਼ਟ ਦਿਖਾਈ ਦੇ ਰਹੀ ਹੈ ਅਤੇ ਇਸ ਤੋਂ ਇਲਾਵਾ ਦੁਕਾਨਦਾਰ ਗਾਹਕਾਂ ਨੂੰ ਬਿਨਾਂ ਪੱਕੇ ਬਿੱਲਾਂ ਤੋਂ ਕਿਤਾਬਾਂ ਵੇਚ ਕੇ ਨਿੱਜੀ ਸਕੂਲਾਂ ਦੀ ਬਰਾਬਰ ਹਿੱਸੇਦਾਰੀ ਦੱਸ ਕੇ ਪੱਲਾ ਝਾੜ ਰਹੇ ਹਨ। ਇਲਾਕੇ ਦੇ ਸਮੂਹ ਮਾਪਿਆਂ ਨੇ ਜ਼ਿਲਾ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਕਾਪੀਆਂ-ਕਿਤਾਬਾਂ ਦੇ ਮਨਮਰਜ਼ੀ ਵਾਲੇ ਰੇਟਾਂ ਉੱਪਰ ਨੱਥ ਪਾਈ ਜਾਵੇ ਤਾਂ ਜੋ ਦੁਕਾਨਦਾਰਾਂ ਦੀ ਮੁਨਾਫਖੋਰੀ ਆਮ ਜਨਤਾ ਦੀ ਲੁੱਟ ਦਾ ਕਾਰਨ ਨਾ ਬਣ ਸਕੇ।
ਕਿਵੇਂ ਹੋ ਰਹੀ ਹੈ ਲੋਕਾਂ ਦੀ ਲੁੱਟ?  
ਸੁਖਦੀਪ ਸਿੰਘ ਜਤਾਲਾ, ਰਣਜੀਤ ਡੀ. ਸੀ., ਰਣਧੀਰ ਸਿੰਘ, ਪ੍ਰਗਟ ਸਿੰਘ, ਕਾਲਾ, ਹਰਜਿੰਦਰ ਸਿੰਘ ਜਿੰਦੂ, ਮਦਨ ਲਾਲ, ਅਸ਼ਵਨੀ ਅਸ਼ੂ, ਦੀਪੂ ਜੋਧਪੁਰਾ, ਤਰਲੋਕ ਚੰਦ ਸਵਾਮੀ, ਗੁਰਪ੍ਰੀਤ ਸਿੰਘ, ਵਿਨੋਦ ਕੁਮਾਰ, ਲਛਮਣ ਸਿੰਘ ਅਤੇ ਹਰਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਦੁਕਾਨਦਾਰ ਬੋਰਡ ਦੇ ਹੁਕਮਾਂ ਦੀਆਂ ਵੀ ਧੱਜੀਆਂ ਉਡਾ ਰਹੇ ਹਨ ਕਿਉਂਕਿ ਬੋਰਡ ਦੀਆਂ ਕਿਤਾਬਾਂ ਉੱਪਰ ਮਨਮਰਜ਼ੀ ਦੇ ਰੇਟ ਵਧਾ ਕੇ ਵੇਚ ਰਹੇ ਹਨ ਅਤੇ ਧੱਕੇਸ਼ਾਹੀ ਨਾਲ ਜਿਲਦਸਾਜ਼ੀ ਕਰ ਕੇ ਵਧ ਪੈਸੇ ਵਸੂਲ ਰਹੇ ਹਨ। ਕਿਸਾਨੀ ਨਾਲ ਸਬੰਧਤ ਮਾਪਿਆਂ ਦਾ ਕਹਿਣਾ ਹੈ ਕਿ ਕਣਕ ਦੀ ਫਸਲ ਹਾਲੇ ਪੱਕ ਕੇ ਤਿਆਰ ਨਹੀਂ ਹੋਈ ਅਤੇ ਪੈਸੇ ਦੀ ਕਮੀ ਹੋਣ ਕਰਕੇ ਇੰਨੀ ਮੋਟੀ ਕਮਾਈ ਵਾਲੀਆਂ ਕਿਤਾਬਾਂ ਦੇ ਬਿੱਲ ਦੇਣ 'ਚ ਅਸਮਰੱਥ ਹਨ। ਉਨ੍ਹਾਂ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿਤਾਬਾਂ ਦੇ ਮੁੱਲ ਸੀਮਤ ਕਰਨ ਲਈ ਉਡਣ ਦਸਤੇ ਕਾਇਮ ਕੀਤੇ ਜਾਣ ਤਾਂ ਜੋ ਕਿਤਾਬ ਵਿਕਰੇਤਾਵਾਂ ਵੱਲੋਂ ਕੀਤੀ ਜਾ ਰਹੀ ਆਰਥਕ ਲੁੱਟ ਤੋਂ ਬਚਾਇਆ ਜਾ ਸਕੇ।
ਕੀ ਕਹਿੰਦੇ ਨੇ ਬੱਚਿਆਂ ਦੇ ਮਾਪੇ 
ਸੁਖਦੀਪ ਸਿੰਘ ਜਤਾਲਾ : ਲਾਲਚੀ ਦੁਕਾਨਦਾਰ ਆਪਣੀਆਂ ਜੇਬਾਂ ਭਰਨ ਲਈ ਤੈਅ ਭਾਅ 'ਤੇ ਮਿਲਣ ਵਾਲੀਆਂ ਬੋਰਡ ਦੀਆਂ ਕਿਤਾਬਾਂ ਦੇ ਰੇਟਾਂ ਨਾਲ ਛੇੜ-ਛਾੜ ਅਤੇ ਧੱਕੇਸ਼ਾਹੀ ਨਾਲ ਜਿਲਦਸਾਜ਼ੀ ਕਰ ਕੇ ਗਰੀਬ ਜਨਤਾ ਨੂੰ ਲੁੱਟ ਰਹੇ ਹਨ। ਕਿਤਾਬਾਂ ਹੋਰ ਮਹਿੰਗੀਆਂ ਹੋ ਜਾਣ ਨਾਲ ਵਿੱਦਿਆ ਗਰੀਬ ਵਿਦਿਆਰਥੀਆਂ ਦੀ ਪਹੁੰਚ ਤੋਂ ਹੋਰ ਦੂਰ ਹੋ ਰਹੀ ਹੈ। ਬੋਰਡ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਵਾਲੇ ਦੁਕਾਨਦਾਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। 
ਤਰਲੋਕ ਚੰਦ ਛਾਬੜਾ : ਸਸਤੀਆਂ ਵਿੱਦਿਅਕ ਅਤੇ ਸਿਹਤ ਸਹੂਲਤਾਂ ਹੀ ਹਰ ਨਾਗਰਿਕ ਦੀਆਂ ਮੁੱਢਲੀਆਂ ਲੋੜਾਂ ਹਨ। ਜੇਕਰ ਇਹੀ ਲੋੜਾਂ ਦਿਨੋ-ਦਿਨੀ ਮਹਿੰਗੀਆਂ ਹੋਣਗੀਆਂ ਤਾਂ ਸਮਾਜਕ ਪਾੜਾ ਵਧੇਗਾ। ਵਿੱਦਿਆ ਨੂੰ ਵਿਕੇਂਦਰਣੀਕਰਨ ਤੋਂ ਬਚਾਉਣ ਲਈ ਸਰਕਾਰ ਨੂੰ ਕਾਪੀਆਂ-ਕਿਤਾਬਾਂ ਦੇ ਰੇਟਾਂ ਨੂੰ ਕੰਟਰੋਲ ਕਰਨ ਲਈ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਮਹਿੰਗੀਆਂ ਕਿਤਾਬਾਂ ਦੀ ਖਰੀਦ ਗਰੀਬ ਬੱਚਿਆਂ ਦੀ ਪਹੁੰਚ ਤੋਂ ਬਾਹਰ ਹੋ ਜਾਵੇਗੀ ਅਤੇ ਵਿੱਦਿਅਕ ਅਸਮਾਨਤਾ ਇਕ ਹੀਣਤਾ ਵੀ ਪੈਦਾ ਕਰੇਗੀ।  
ਸਮਾਜ-ਸੇਵੀ ਬਲਰਾਜ ਸਿੰਘ : ਸ਼ਹੀਦ ਆਰ. ਕੇ. ਵਧਵਾ ਯੂਥ ਕਲੱਬ ਦੇ ਪ੍ਰਧਾਨ ਅਤੇ ਸਮਾਜ-ਸੇਵੀ ਬਲਰਾਜ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਸਸਤੀ ਵਿੱਦਿਆ ਨੂੰ ਉਪਰ ਚੁੱਕਣ ਲਈ ਭਾਵੇਂ ਕਈ ਯਤਨ ਕਰ ਰਹੀ ਹੈ ਪਰ ਕੁਝ ਦੁਕਾਨਦਾਰਾਂ ਵੱਲੋਂ ਕਿਤਾਬਾਂ ਦੇ ਨਿੱਜੀ ਤੌਰ 'ਤੇ ਰੇਟ ਵਧਾ ਕੇ ਵਿੱਦਿਆ ਨੂੰ ਹੋਰ ਮਹਿੰਗਾ ਕੀਤਾ ਜਾ ਰਿਹਾ ਹੈ ਅਤੇ ਗਰੀਬ ਵਰਗ ਅਜਿਹੀ ਮਹਿੰਗੀ ਵਿੱਦਿਆ ਤੋਂ ਵਾਂਝਾ ਹੋ ਜਾਵੇਗਾ। ਉਨ੍ਹਾਂ ਪ੍ਰਸ਼ਾਸਨ ਅਤੇ ਸਿੱਖਿਆ ਬੋਰਡ ਤੋਂ ਮੰਗ ਕੀਤੀ ਹੈ ਕਿਤਾਬਾਂ ਦੇ ਰੇਟਾਂ ਨਾਲ ਛੇੜ-ਛਾੜ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।


Related News