ਦੇਸ਼ ’ਚ ਰਾਤੋ-ਰਾਤ ਵੱਧ ਗਏ ਖਾਣ ਵਾਲੇ ਤੇਲ ਦੇ ਮੁੱਲ, ਜਾਣੋ ਵਜ੍ਹਾ

Monday, Apr 25, 2022 - 11:27 AM (IST)

ਦੇਸ਼ ’ਚ ਰਾਤੋ-ਰਾਤ ਵੱਧ ਗਏ ਖਾਣ ਵਾਲੇ ਤੇਲ ਦੇ ਮੁੱਲ, ਜਾਣੋ ਵਜ੍ਹਾ

ਜਲੰਧਰ (ਵਿਸ਼ੇਸ਼) - ਦੁਨੀਆ ’ਚ ਪਾਮ ਆਇਲ ਦੇ ਸਭ ਤੋਂ ਵੱਡੇ ਉਤਪਾਦਕਾਂ ’ਚੋਂ ਇਕ ਇੰਡੋਨੇਸ਼ੀਆ ਜੇਕਰ ਆਪਣੇ ਐਲਾਨ ਮੁਤਾਬਕ 28 ਅਪ੍ਰੈਲ ਤੋਂ ਇਸ ਦੀ ਬਰਾਮਦ ’ਤੇ ਰੋਕ ਲਾ ਦਿੰਦਾ ਹੈ ਤਾਂ ਭਾਰਤੀ ਬਾਜ਼ਾਰ ’ਚ ਖਾਣ ਵਾਲੇ ਤੇਲ ਦੀਆਂ ਕੀਮਤਾਂ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਜਾਣਗੀਆਂ। ਇੰਡੋਨੇਸ਼ੀਆ ਦੇ ਸਿਰਫ ਐਲਾਨ ਨਾਲ ਹੀ ਭਾਰਤੀ ਬਾਜ਼ਾਰ ’ਚ ਥੋਕ ਰੇਟ ਵਧਣ ਲੱਗਾ ਹੈ। ਇੰਡੋਨੇਸ਼ੀਆ ਭਾਰਤ ’ਚ ਸਾਲਾਨਾ ਸਪਲਾਈ ਕੀਤੇ ਜਾਣ ਵਾਲੇ ਕੁੱਲ ਪਾਮ ਤੇਲ ਦਾ ਲਗਭਗ 45 ਫ਼ੀਸਦੀ ਪੂਰਾ ਕਰਦਾ ਹੈ।

ਕਣਕ, ਚੌਲ ਤੇ ਹੋਰ ਅਨਾਜਾਂ ਦੀ ਭਾਰਤ ਤੋਂ ਰਿਕਾਰਡ ਬਰਾਮਦ ਵਿਚਾਲੇ ਦਰਾਮਦ ਦੇ ਮੋਰਚੇ ’ਤੇ ਦੇਸ਼ ਦੇ ਸਾਹਮਣੇ ਇਕ ਵੱਡੀ ਪ੍ਰੇਸ਼ਾਨੀ ਖੜ੍ਹੀ ਹੋ ਗਈ ਹੈ। ਇੰਡੋਨੇਸ਼ੀਆ 28 ਅਪ੍ਰੈਲ ਤੋਂ ਪਾਮ ਆਇਲ ’ਤੇ ਪੂਰੀ ਤਰ੍ਹਾਂ ਨਾਲ ਰੋਕ ਲਗਾ ਦੇਵੇਗਾ। ਸਰਬ ਭਾਰਤੀ ਖਾਣ ਵਾਲੇ ਤੇਲ ਵਪਾਰੀ ਮਹਾਸੰਘ ਦੇ ਪ੍ਰਧਾਨ ਸ਼ੰਕਰ ਠੱਕਰ ਨੇ ਦੱਸਿਆ ਕਿ ਇੰਡੋਨੇਸ਼ੀਆ ਦੇ ਬਰਾਮਦ ’ਤੇ ਰੋਕ ਲਾਉਣ ਦੇ ਐਲਾਨ ਤੋਂ ਬਾਅਦ ਭਾਰਤੀ ਬਾਜ਼ਾਰ ’ਚ ਤੇਲ ਮਹਿੰਗਾ ਹੋਣ ਲੱਗਾ ਹੈ। ਐਲਾਨ ਤੋਂ ਪਹਿਲਾਂ ਪ੍ਰਤੀ 10 ਕਿਲੋ ਪਾਮੋਲਿਨ ਦਾ ਥੋਕ ਭਾਵ 1470 ਰੁਪਏ ਸੀ, ਜੋ ਇਕ ਰਾਤ ’ਚ ਵਧ ਕੇ 1500 ਰੁਪਏ ਤੋਂ ਪਾਰ ਹੋ ਗਿਆ ਸੀ।

ਇਹ ਵੀ ਪੜ੍ਹੋ : ਟਾਟਾ ਦੇ ਖ਼ਰੀਦਦਾਰਾਂ ਨੂੰ ਝਟਕਾ, 4 ਮਹੀਨਿਆਂ 'ਚ ਦੂਸਰੀ ਵਾਰ ਮਹਿੰਗੀਆਂ ਹੋਈਆਂ ਕਾਰਾਂ ਅਤੇ SUV

ਸਪਲਾਈ ਬੰਦ ਹੋਣ ਨਾਲ ਕਿਵੇਂ ਹੋਵੇਗਾ ਅਸਰ?

ਭਾਰਤ ਹਰ ਸਾਲ ਲਗਭਗ 13-13.5 ਮਿਲੀਅਨ ਟਨ ਖਾਣ ਵਾਲੇ ਤੇਲਾਂ ਦੀ ਦਰਾਮਦ ਕਰਦਾ ਹੈ, ਜਿਸ ’ਚੋਂ ਲਗਭਗ 8-8.5 ਮਿਲੀਅਨ ਟਨ (ਲਗਭਗ 63 ਫ਼ੀਸਦੀ) ਪਾਮ ਆਇਲ ਹੈ। ਇਸ ’ਚੋਂ 8.85 ਲੱਖ ਟਨ ਪਾਮ ਆਇਲ, ਲਗਭਗ 45 ਫ਼ੀਸਦੀ ਇੰਡੋਨੇਸ਼ੀਆ ਤੋਂ ਤੇ ਬਾਕੀ ਗੁਆਂਢੀ ਮਲੇਸ਼ੀਆ ਤੋਂ ਆਉਂਦਾ ਹੈ। ਵਪਾਰ ਸੂਤਰਾਂ ਨੇ ਕਿਹਾ ਕਿ ਜੇਕਰ ਅਚਾਨਕ ਮਈ ਤੋਂ ਲਗਭਗ 300,000-325,000 ਟਨ ਪਾਮ ਦੇ ਤੇਲ ਦੀ ਮਾਸਿਕ ਸਪਲਾਈ ਬੰਦ ਹੋ ਜਾਂਦੀ ਹੈ ਤਾਂ ਇਸ ਨਾਲ ਖਾਣ ਵਾਲੇ ਤੇਲ ਦੀਆਂ ਕੀਮਤਾਂ ’ਚ ਤੇਜ਼ ਵਾਧਾ ਹੋਵੇਗਾ, ਜੋ ਕਿ ਰੂਸ-ਯੂਕ੍ਰੇਨ ਸੰਕਟ ਕਾਰਨ ਪਹਿਲਾਂ ਤੋਂ ਹੀ ਉਬਾਲ ’ਤੇ ਹੈ। ਖਾਣ ਵਾਲੇ ਤੇਲਾਂ ਦੇ ਕਾਰੋਬਾਰ ’ਤੇ ਬਾਰੀਕ ਨਜ਼ਰ ਰੱਖਣ ਵਾਲੇ ਠੱਕਰ ਨੇ ਦੱਸਿਆ ਕਿ ਭਾਰਤ ਕੱਚਾ ਪਾਮੋਲਿਨ ਇੰਡੋਨੇਸ਼ੀਆ ਤੋਂ ਜਦਕਿ ਤਿਆਰ ਪਾਮੋਲਿਨ ਯਾਨੀ ਰਿਫਾਇੰਡ ਮਲੇਸ਼ੀਆ ਤੋਂ ਦਰਾਮਦ ਕਰਦਾ ਹੈ। ਇਸ ਲਈ ਉੱਥੇ ਤੋਂ ਬਰਾਮਦ ਬੰਦ ਹੋਣਾ ਸਾਡੇ ਖਪਤਕਾਰਾਂ ਲਈ ਚਿੰਤਾ ਦਾ ਵਿਸ਼ਾ ਹੈ। ਇਸ ਤੋਂ ਬਾਅਦ ਸਰੋਂ ਦਾ ਮੁੱਲ ਅਾਸਮਾਨ ਛੂਹੇਗਾ, ਜੋ ਪਹਿਲਾਂ ਤੋਂ ਹੀ ਐੱਮ. ਐੱਸ. ਪੀ. ਤੋਂ ਵੱਧ ਰੇਟ ’ਤੇ ਵਿਕ ਰਿਹਾ ਹੈ।

ਇਹ ਵੀ ਪੜ੍ਹੋ : ਹੋਰ ਮਹਿੰਗਾ ਹੋਵੇਗਾ ਖਾਣ ਵਾਲਾ ਤੇਲ, ਇੰਡੋਨੇਸ਼ੀਆ ਨੇ ਪਾਮ ਆਇਲ ਦੇ ਨਿਰਯਾਤ 'ਤੇ ਲਗਾਈ ਪਾਬੰਦੀ

ਸੂਰਜਮੁਖੀ ਦਾ ਤੇਲ ਵੀ ਹੋਵੇਗਾ ਮਹਿੰਗਾ

ਇਸ ਤੋਂ ਇਲਾਵਾ ਮੂੰਗਫਲੀ, ਸੋਇਆਬੀਨ ਤੇ ਸੂਰਜਮੁਖੀ ਦਾ ਤੇਲ ਵੀ ਮਹਿੰਗਾ ਹੋ ਜਾਵੇਗਾ। ਹੁਣ ਮਲੇਸ਼ੀਆ ਵੀ ਮੁੱਲ ਨੂੰ ਲੈ ਕੇ ਮਨਮਾਨੀ ਕਰੇਗਾ । ਸਾਲਵੇਂਟ ਐਕਸਟ੍ਰੈਕਟਰਸ ਐਸੋਸੀਏਸ਼ਨ ਆਫ ਇੰਡੀਆ (ਐੱਸ.ਈ.ਏ.) ਦੇ ਮਹਾਨਿਰਦੇਸ਼ਕ ਬੀ. ਵੀ. ਮਹਿਤਾ ਨੇ ਕਿਹਾ ਹੈ ਕਿ ਰੂਸ-ਯੂਕ੍ਰੇਨ ਸੰਕਟ ਤੋਂ ਬਾਅਦ ਭਾਰਤ ਦੀ ਸੂਰਜਮੁਖੀ ਤੇਲ ਦੀ ਸਪਲਾਈ 200,00-250,000 ਪ੍ਰਤੀ ਮਹੀਨਾ ਤੋਂ ਘੱਟ ਕੇ 100,000 ਟਨ ਪ੍ਰਤੀ ਮਹੀਨਾ ਤੋਂ ਘੱਟ ਹੋ ਗਈ ਹੈ, ਜਿਸ ਨਾਲ ਕੀਮਤਾਂ ’ਚ ਤੇਜ਼ ਵਾਧਾ ਹੋਇਆ ਹੈ।

ਇਸ ਦੇ ਟਾਪ ’ਤੇ ਜੇਕਰ ਹੁਣ ਇੰਡੋਨੇਸ਼ੀਆ ਪਾਮ ਆਇਲ ਦੀ ਬਰਾਮਦ ਨੂੰ ਰੱਦ ਕਰਨ ਦਾ ਫੈਸਲਾ ਕਰਦਾ ਹੈ ਤਾਂ ਇਹ ਸਾਡੇ ਲਏ ਗੰਭੀਰ ਸੰਕਟ ਪੈਦਾ ਕਰੇਗਾ। ਮਾਹਿਰਾਂ ਨੇ ਕਿਹਾ ਹੈ ਕਿ ਸੰਗਠਨ ਨੇ ਸਰਕਾਰ ਤੋਂ ਕਣਕ, ਚੌਲ ਵਾਂਗ ਖਾਣ ਵਾਲੇ ਤੇਲਾਂ ਦਾ ਵੀ ਬਫਰ ਸਟਾਕ ਰੱਖਣ ਦਾ ਸੁਝਾਅ ਦਿੱਤਾ ਸੀ। ਸਮਾਂ ਰਹਿੰਦੇ ਇਸ ’ਤੇ ਅਮਲ ਕੀਤਾ ਗਿਆ ਹੁੰਦਾ ਤਾਂ ਇੰਡੋਨੇਸ਼ੀਆ ਦੇ ਫੈਸਲੇ ਦਾ ਜ਼ਿਆਦਾ ਅਸਰ ਨਾ ਪੈਂਦਾ।

ਇਹ ਵੀ ਪੜ੍ਹੋ : ਜਾਂਚ ਦਰਮਿਆਨ ਸਾਹਮਣੇ ਆਏ ਹੈਰਾਨੀਜਨਕ ਤੱਥ, ਰਾਣਾ ਕਪੂਰ ਤੇ ਵਧਾਵਨ ਭਰਾਵਾਂ ਨੇ ਕੀਤਾ 5,050 ਕਰੋੜ ਦਾ ਗਬਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News