ਅਮਰਗੜ੍ਹ ਦੇ ਵਿਧਾਇਕ ਗੱਜਣਮਾਜਰਾ ਦੇ ਟਿਕਾਣਿਆਂ 'ਤੇ ED ਦੀ ਛਾਪੇਮਾਰੀ
Thursday, Sep 08, 2022 - 04:32 PM (IST)
ਮਾਲੇਰਕੋਟਲਾ (ਦਵਿੰਦਰ) : ਅਮਰਗੜ੍ਹ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਦੇ ਕਈ ਕਾਰੋਬਾਰੀ ਟਿਕਾਣਿਆਂ 'ਤੇ ਅੱਜ ED (ਕੇਂਦਰੀ ਏਜੰਸੀ ਐਨਫੋਰਸਮੈਂਟ ਡਾਇਰੈਕਟੋਰੇਟ) ਦੀਆਂ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਗਈ। ਜਾਣਕਾਰੀ ਮੁਤਾਬਕ ਅੱਜ ਸਵੇਰੇ ਈ.ਡੀ. ਨੇ ਗੱਜਣਮਾਜਰਾ ਦੇ ਸਕੂਲਾਂ, ਰੀਅਲ ਅਸਟੇਟ ਅਤੇ ਫੈਕਟਰੀ 'ਚ ਰੇਡ ਕੀਤੀ। ਸੂਤਰਾਂ ਮੁਤਾਬਕ ਵਿਧਾਇਕ ਗੱਜਣਮਾਜਰਾ ਦੇ ਕਰੀਬੀ ਲੋਕਾਂ ਦੇ ਘਰਾਂ 'ਚ ਵੀ ਈ.ਡੀ. ਵੱਲੋਂ ਜਾਂਚ ਕੀਤੀ ਗਈ ਹੈ। ਫਿਲਹਾਲ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਕਿ ਇਹ ਰੇਡ ਕਿਸ ਆਧਾਰ 'ਤੇ ਕੀਤੀ ਗਈ ਹੈ। ਈ.ਡੀ. ਟੀਮਾਂ ਵੱਲੋਂ ਵਿਧਾਇਕ ਦੇ ਕਾਰੋਬਾਰ ਦੇ ਰਿਕਾਰਡ ਵੀ ਖੰਗਾਲੇ ਜਾ ਰਹੇ ਹਨ।
ਇਹ ਵੀ ਪੜ੍ਹੋ- ਫ਼ਿਰੋਜ਼ਪੁਰ ’ਚ ਜ਼ਮੀਨੀ ਵਿਵਾਦ ਨੂੰ ਲੈ ਕੇ ਚੱਲੀਆਂ ਅੰਨ੍ਹੇਵਾਹ ਗੋਲ਼ੀਆਂ, 2 ਦੀ ਹੋਈ ਮੌਤ
ਜ਼ਿਕਰਯੋਗ ਹੈ ਕਿ ਮਈ ਮਹੀਨੇ 'ਚ ਵੀ ਵਿਧਾਇਕ ਗੱਜਣਮਾਜਰਾ ਦੇ ਟਿਕਾਣਿਆਂ 'ਤੇ ਸੀ.ਬੀ.ਆਈ. ਵੱਲੋਂ ਰੇਡ ਕੀਤੀ ਗਈ ਸੀ। ਬੈਂਕ ਫਰਾਡ ਦੇ ਮਾਮਲੇ ਦੀ ਜਾਂਚ ਦੌਰਾਨ ਸੀ.ਬੀ.ਆਈ. ਨੇ ਐਕਸ਼ਨ ਲਿਆ ਸੀ। ਦੱਸ ਦੇਈਏ ਕਿ ਵਿਧਾਇਕ ਗੱਜਣਮਾਜਰਾ ਨੇ 2011 ਤੋਂ 2014 ਦਰਮਿਆਨ ਬੈਂਕ ਆਫ਼ ਇੰਡੀਆ ਤੋਂ ਕਰਜ਼ਾ ਲਿਆ ਸੀ ਅਤੇ ਇਹ ਕਰਜ਼ਾ ਕਰੀਬ 40.92 ਕਰੋੜ ਰੁਪਏ ਦਾ ਦੱਸਿਆ ਗਿਆ ਸੀ। ਬੈਂਕ ਦੀ ਲੁਧਿਆਣਾ ਬ੍ਰਾਂਚ ਨੇ ਇਸ ਸੰਬੰਧੀ ਸੀ.ਬੀ.ਆਈ. ਨੂੰ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਦੇ ਆਧਾਰ 'ਤੇ ਸੀ.ਬੀ.ਆਈ. ਨੇ ਵਿਧਾਇਕ ਦੇ ਘਰ ਰੇਡ ਕੀਤੀ ਸੀ। ਸੀ.ਬੀ.ਆਈ. ਦੀ ਕਾਰਵਾਈ ਤੋਂ ਬਾਅਦ ਹੁਣ ਈ.ਡੀ. ਵਿਧਾਇਕ ਨੂੰ ਲੈ ਕੇ ਸਖ਼ਤ ਨਜ਼ਰ ਆ ਰਹੀ ਹੈ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।