ਆਰਥਿਕ ਤੰਗੀ ਦੇ ਚੱਲਦੇ ਟ੍ਰੇਨ ਹੇਠ ਆ ਕੇ ਕੀਤੀ ਖੁਦਕੁਸ਼ੀ
Sunday, Jul 22, 2018 - 06:25 PM (IST)

ਰਾਮਾਂ ਮੰਡੀ (ਪਰਮਜੀਤ) : ਸਥਾਨਕ ਸ਼ਹਿਰ ਦੇ ਸਿਰਸਾ ਬਠਿੰਡਾ ਰੇਲ ਲਾਈਨ 'ਤੇ ਰਾਮਾਂ ਮੰਡੀ ਤੋਂ ਬੰਗੀ ਰੋਡ ਰੇਲਵੇ ਲਾਈਨ 'ਤੇ ਇਕ ਵਿਅਕਤੀ ਨੇ ਰੇਲ ਗੱਡੀ ਹੇਠ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਸ ਦੀ ਸੂਚਨਾ ਮਿਲਦੇ ਹੀ ਜੀ. ਆਰ. ਪੀ. ਰੇਲਵੇ ਸਟੇਸ਼ਨ ਰਾਮਾਂ ਦੇ ਕਾਂਸਟੇਬਲ ਪਵਨ ਕੁਮਾਰ ਅਤੇ ਸਥਾਨਕ ਸ਼ਹਿਰ ਦੀ ਸਮਾਜਸੇਵੀ ਹੈਲਪਲਾਈਨ ਵੈੱਲਫੇਅਰ ਸੋਸਾਇਟੀ ਪ੍ਰਧਾਨ ਬੋਬੀ ਲਹਿਰੀ, ਪ੍ਰਿੰਸ ਮਸੌਣ, ਚੀਨਾ ਮਾਹੀਨੰਗਲ, ਵਿਵੇਕ ਬਾਂਸਲ ਆਪਣੀ ਐਂਬੂਲੈਂਸ ਰਾਹੀਂ ਉਕਤ ਘਟਨਾ ਸਥਾਨ 'ਤੇ ਪੁੱਜੇ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਤਲਵੰਡੀ ਸਾਬੋ ਵਿਖੇ ਭਿਜਵਾਇਆ।
ਬੌਬੀ ਲਹਿਰੀ ਪ੍ਰਧਾਨ ਹੈਲਪਲਾਈਨ ਵੈੱਲਫੇਅਰ ਸੋਸਾਇਟੀ ਰਾਮਾਂ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਪਛਾਣ ਪਵਨ ਕੁਮਾਰ ਸ਼ਰਮਾ (55) ਪੁੱਤਰ ਰਾਮ ਬਿਲਾਸ ਵਾਸੀ ਕੈਂਚੀਆਂ ਰਾਮਾਂ ਮੰਡੀ ਵਜੋਂ ਹੋਈ ਹੈ। ਜੀ.ਆਰ. ਪੀ. ਪੁਲਸ ਚੌਂਕੀ ਰੇਲਵੇ ਸਟੇਸ਼ਨ ਰਾਮਾਂ ਦੇ ਕਾਂਸਟੇਬਲ ਪਵਨ ਕੁਮਾਰ ਅਤੇ ਏ.ਐੱਸ.ਆਈ. ਜਸਵੀਰ ਸਿੰਘ ਨੇ ਦੱਸਿਆ ਕਿ ਪੁਲਸ ਕੋਲ ਦਰਜ ਕਰਵਾਏ ਬਿਆਨਾਂ ਵਿਚ ਮ੍ਰਿਤਕ ਦੇ ਪੁੱਤਰ ਗੋਪਾਲ ਸ਼ਰਮਾ ਨੇ ਦੱਸਿਆ ਕਿ ਉਸਦਾ ਪਿਤਾ ਪਵਨ ਕੁਮਾਰ ਸ਼ਰਮਾ ਆਰਥਿਕ ਤੰਗੀ ਹੋਣ ਕਾਰਨ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ, ਜਿਸਨੇ ਗੱਡੀ ਹੇਠ ਆ ਕੇ ਆਤਮਹੱਤਿਆ ਕਰ ਲਈ। ਜੀ.ਆਰ.ਪੀ. ਪੁਲਸ ਜਾਂਚ ਅਧਿਕਾਰੀ ਏ.ਐੱਸ.ਆਈ. ਇੰਚਾਰਜ ਜਸਵੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪੁੱਤਰ ਦੇ ਬਿਆਨਾਂ ਦੇ ਆਧਾਰ 'ਤੇ 174 ਦੀ ਕਾਰਵਾਈ ਕੀਤੀ ਗਈ ਹੈ ਅਤੇ ਲਾਸ਼ ਦਾ ਪੋਸਟਮਾਰਟਮ ਕਰਕੇ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।