EC ਚੋਣ ਪ੍ਰਣਾਲੀ ਦਾ ਅਪਰਾਧੀਕਰਨ ਕਰਨ ਲਈ ‘ਆਪ’ ਖ਼ਿਲਾਫ ਕਰੇ ਕਾਰਵਾਈ : ਡਾ. ਚੀਮਾ

Monday, Jan 10, 2022 - 07:50 PM (IST)

ਚੰਡੀਗੜ੍ਹ (ਬਿਊਰੋ)-ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਮ ਆਦਮੀ ਪਾਰਟੀ ’ਤੇ ਵੱਡੇ ਇਲਜ਼ਾਮ ਲਾਏ ਹਨ। ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਸੂਬੇ ਦੇ ‘ਆਪ’ ਆਗੂਆਂ ਵੱਲੋਂ ਕੀਤੇ ਖੁਲਾਸੇ ਨੇ ਸਾਬਤ ਕਰ ਦਿੱਤਾ ਹੈ ਕਿ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਉਨ੍ਹਾਂ ਦੇ ਹੋਰ ਆਗੂ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੀਆਂ ਟਿਕਟਾਂ ਵੇਚ ਕੇ ਪੈਸੇ ਬਣਾ ਰਹੇ ਹਨ। ਪਾਰਟੀ ਨੇ ਮੰਗ ਕੀਤੀ ਕਿ ਚੋਣ ਕਮਿਸ਼ਨ ਇਸ ਭ੍ਰਿਸ਼ਟ ਗਤੀਵਿਧੀ ਦਾ ਨੋਟਿਸ ਲਵੇ ਅਤੇ ਮਾਮਲੇ ’ਚ ਢੁੱਕਵਾਂ ਕੇਸ ਦਰਜ ਕਰਨ ਦੀ ਹਦਾਇਤ ਦੇਵੇ। ਇਥੇ ਜਾਰੀ ਕੀਤੇ ਇਕ ਬਿਆਨ ’ਚ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ‘ਆਪ’ ਅਤੇ ਕੇਜਰੀਵਾਲ ਇਨ੍ਹਾਂ ਸੀਨੀਅਰ ਆਗੂਆਂ ਦੇ ਖੁਲਾਸੇ ਨਾਲ ਚੰਗੀ ਤਰ੍ਹਾਂ ਬੇਨਕਾਬ ਹੋ ਗਏ ਹਨ। ਇਨ੍ਹਾਂ ਆਗੂਆਂ ਨੇ ਹੀ ਸਬੂਤ ਦਿੱਤੇ ਹਨ ਕਿ 56 ਹਲਕਿਆਂ ’ਚ ਪਾਰਟੀ ਦੀਆਂ ਟਿਕਟਾਂ ਵੇਚੀਆਂ ਗਈਆਂ। ਉਨ੍ਹਾਂ ਕਿਹਾ ਕਿ ਕੇਜਰੀਵਾਲ ਪਹਿਲੇ ਸਿਆਸਤਦਾਨ ਹਨ, ਜਿਨ੍ਹਾਂ ਨੇ ਸ਼ਰੇਆਮ ਰਿਸ਼ਵਤਾਂ ਲੈ ਕੇ ਦੇਸ਼ ਦੀ ਚੋਣ ਪ੍ਰਣਾਲੀ ਦਾ ਅਪਰਾਧੀਕਰਨ ਕੀਤਾ ਹੈ। ਉਨ੍ਹਾਂ ਕਿਹਾ ਕਿ ਹਾਲੇ ਕੱਲ੍ਹ ਹੀ ਪਾਰਟੀ ਨੇ ਪਰਚੇ ਵੰਡ ਕੇ ਲੋਕਾਂ ਨੂੰ ਆਖਿਆ ਸੀ ਕਿ ਉਹ ਹੋਰ ਪਾਰਟੀਆਂ ਤੋਂ ਪੈਸੇ ਲੈ ਲੈਣ ਪਰ ਵੋਟ ‘ਆਪ’ ਨੂੰ ਪਾਉਣ।

ਇਹ ਵੀ ਪੜ੍ਹੋ : ਕੈਪਟਨ ਦੀ ਪਾਰਟੀ ‘ਪੰਜਾਬ ਲੋਕ ਕਾਂਗਰਸ’ ਨੂੰ ਮਿਲਿਆ ਚੋਣ ਨਿਸ਼ਾਨ

ਡਾ. ਚੀਮਾ ਨੇ ਕਿਹਾ ਕਿ ਇਹ ਹੁਣ ਸਪੱਸ਼ਟ ਹੋ ਗਿਆ ਹੈ ਕਿ ਕੇਜਰੀਵਾਲ ਟਿਕਟਾਂ ਵੇਚ ਕੇ ਧਨਾਢ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ‘ਆਪ’ ਹੋਰ ਜਿਨ੍ਹਾਂ ਸੂਬਿਆਂ ’ਚ ਚੋਣਾਂ ਹੋਣੀਆਂ ਹਨ, ਉਥੇ ਹੀ ਵੀ ਇਹੀ ਮਾਡਲ ਅਪਣਾ ਕੇ ਭ੍ਰਿਸ਼ਟ ਗਤੀਵਿਧੀਆਂ ਕਰ ਰਹੇ ਹੋਣੇ ਹਨ। ਉਨ੍ਹਾਂ ਕਿਹਾ ਕਿ ਸਿਰਫ ਉੱਚ ਪੱਧਰੀ ਜਾਂਚ ਹੀ ਇਸ ਸਾਰੇ ਘਪਲੇ ਨੂੰ ਬੇਨਕਾਬ ਕਰ ਸਕਦੀ ਹੈ, ਜੋ ਕਰੋੜਾਂ ਰੁਪਏ ਦਾ ਘਪਲਾ ਹੈ। ਅਕਾਲੀ ਆਗੂ ਨੇ ਜ਼ੋਰ ਦੇ ਕੇ ਕਿਹਾ ਕਿ ਕੇਜਰੀਵਾਲ ਆਪਣੇ ਸਿਆਸੀ ਵਿਰੋਧੀਆਂ ਖ਼ਿਲਾਫ ਝੂਠੇ ਅਤੇ ਸ਼ਰਾਰਤ ਭਰੇ ਦੋਸ਼ ਲਾਉਣ ਵਾਸਤੇ ਤਕਨਾਲੋਜੀ ਦੀ ਦੁਰਵਰਤੋਂ ਕਰ ਕੇ ਗੰਦੀ ਰਾਜਨੀਤੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਜਾਣਦੇ ਹਨ ਕਿ ਉਨ੍ਹਾਂ ਕੋਲ ਪੰਜਾਬ ’ਚ ਲੋਕਾਂ ਨੂੰ ਵਿਖਾਉਣ ਲਈ ਕੁਝ ਨਹੀਂ ਹੈ ਕਿਉਂਕਿ ਉਨ੍ਹਾਂ ਦਾ ਦਿੱਲੀ ਮਾਡਲ ਪੂਰੀ ਤਰ੍ਹਾਂ ਫੇਲ੍ਹ ਹੈ। ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਉਹ ਵਿਧਾਨ ਸਭਾ ਚੋਣਾਂ ਜਿੱਤਣ ਵਾਸਤੇ ਪੈਸੇ ’ਤੇ ਨਿਰਭਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਲਾਜ਼ਮੀ ਤੌਰ ’ਤੇ ਫੇਲ੍ਹ ਹੋ ਜਾਣਗੇ ਕਿਉਂਕਿ ਪੰਜਾਬੀਆਂ ਨੇ ਉਨ੍ਹਾਂ ਦੇ ਝੂਠ ਤੇ ਫਰੇਬ ਫੜ ਲਏ ਹਨ ਤੇ ਉਹ ਕਦੇ ਵੀ ਉਨ੍ਹਾਂ ’ਤੇ ਮੁੜ ਵਿਸਾਹ ਨਹੀਂ ਕਰਨਗੇ।

ਇਹ ਵੀ ਪੜ੍ਹੋ : CM ਨਿਤੀਸ਼ ਕੁਮਾਰ ਹੋਏ ਕੋਰੋਨਾ ਪਾਜ਼ੇਟਿਵ, ਖ਼ੁਦ ਨੂੰ ਕੀਤਾ ਇਕਾਂਤਵਾਸ


Manoj

Content Editor

Related News