ਸਾਵਧਾਨ! ਡਰਾਈਵਿੰਗ ਕਰਦੇ ਬਲੂਟੁੱਥ ਜਾਂ ਈਅਰਫੋਨ ਸੁਣੇ ਤਾਂ ਰਗੜੇ ਜਾਵੋਗੇ

Tuesday, Jul 31, 2018 - 09:59 AM (IST)

ਚੰਡੀਗੜ੍ਹ (ਸੁਸ਼ੀਲ) : ਡਰਾਈਵਿੰਗ ਕਰਦੇ ਸਮੇਂ ਬਲੂਟੁੱਥ ਤੇ ਈਅਰਫੋਨਜ਼ ਦਾ ਇਸਤੇਮਾਲ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ ਹੈ ਕਿਉਂਕਿ ਅਜਿਹੇ ਵਾਹਨ ਚਲਾਉਣ ਵਾਲਿਆਂ ਖਿਲਾਫ ਟ੍ਰੈਫਿਕ ਪੁਲਸ ਸ਼ਿਕੰਜਾ ਕੱਸਣ 'ਚ ਜੁੱਟ ਗਈ ਹੈ। ਟ੍ਰੈਫਿਕ ਪੁਲਸ ਦੇ ਮੁਤਾਬਕ ਫੋਨ ਸੁਣਦੇ ਸਮੇਂ ਡਰਾਈਵਰ ਦਾ ਧਿਆਨ ਡਰਾਈਵਿੰਗ ਤੋਂ ਭਟਕ ਜਾਂਦਾ ਹੈ ਅਤੇ ਹਾਦਸਾ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਇਸੇ ਕਾਰਨ ਅਜਿਹੇ ਲੋਕਾਂ ਦੇ ਟ੍ਰੈਫਿਕ ਪੁਲਸ ਰੋਜ਼ਾਨਾ 25 ਤੋਂ 30 ਚਾਲਕਾਂ ਦੇ ਚਲਾਨ ਕੱਟ ਰਹੀ ਹੈ। 
ਟ੍ਰੈਫਿਕ ਪੁਲਸ ਨੇ ਅਜਿਹੇ ਕਈ ਲੋਕਾਂ ਨੂੰ ਵੀ ਸੀ. ਸੀ. ਟੀ. ਵੀ ਕੈਮਰੇ 'ਚ ਕੈਦ ਕੀਤਾ, ਜੋ ਲਾਈਟ ਪੁਆਇੰਟ 'ਤੇ ਖੜ੍ਹੇ ਹੋ ਕੇ ਮੋਬਾਇਲ 'ਤੇ ਗੱਲ ਕਰਦੇ ਹਨ। ਅਜਿਹੇ ਵਾਹਨ ਚਾਲਕਾਂ ਦੇ ਚਲਾਨ ਪੁਲਸ ਘਰ ਭੇਜ ਰਹੀ ਹੈ। ਪੁਲਸ ਦੀ ਮੰਨੀਏ ਤਾਂ 6 ਮਹੀਨਿਆ 'ਚ 1775 ਚਾਲਕਾਂ ਦੇ ਚਲਾਨ ਕੀਤੇ ਗਏ ਹਨ। ਇਸ ਤੋਂ ਇਲਾਵਾ ਟ੍ਰੈਫਿਕ ਪੁਲਸ ਮੋਬਾਇਲ 'ਤੇ ਗੱਲ ਕਰਨ ਵਾਲੇ ਚਾਲਕਾਂ ਦੇ ਲਾਈਸੈਂਸ ਵੀ ਰੱਦ ਕਰਾਉਣ ਦੀ ਸਿਫਾਰਿਸ਼ 'ਚ ਜੁੱਟ ਗਈ ਹੈ। ਡਰਾਈਵਿੰਗ ਕਰਦੇ ਸਮੇਂ ਮੋਬਾਇਲ ਦਾ ਇਸਤੇਮਾਲ ਕਰਨ ਵਾਲੇ ਅਜਿਹੇ ਵਾਹਨ ਚਾਲਕਾਂ ਦੇ 2015 'ਚ 5063 ਚਲਾਨ ਕੀਤੇ ਸਨ। ਸਾਲ 2016 'ਚ ਟ੍ਰੈਫਿਕ ਪੁਲਸ 3705 ਵਾਹਨ ਚਾਲਕਾਂ ਦੇ ਚਲਾਨ ਕੱਟ ਚੁੱਕੀ ਹੈ। ਇਸ ਤੋਂ ਇਲਾਵਾ ਸਾਲ 2017 'ਚ 1947 ਚਲਾਨ ਅਜਿਹੇ ਚਾਲਕਾਂ ਦੇ ਕੀਤੇ ਗਏ ਹਨ।
ਟ੍ਰੈਫਿਕ ਪੁਲਸ ਨੇ ਦੱਸਿਆ ਕਿ ਮੋਬਾਇਲ ਫੋਨ 'ਤੇ ਬਲੂਟੁੱਥ ਅਤੇ ਈਅਰਫੋਨ ਰਾਹੀਂ ਡਰਾਈਵਿੰਗ ਕਰਦੇ ਸਮੇਂ ਗੱਲ ਕਰਨ ਵਾਲੇ ਚਾਲਕ ਦਾ ਇਕ ਹਜ਼ਾਰ ਰੁਪਏ ਦਾ ਚਲਾਨ ਕੀਤਾ ਜਾ ਰਿਹਾ ਹੈ। ਡੀ. ਐੱਸ. ਪੀ. ਟ੍ਰੈਫਿਕ ਯਸ਼ਪਾਲ ਵਿਨਾਇਕ ਨੇ ਦੱਸਿਆ ਕਿ ਗੱਡੀ ਚਲਾਉਂਦੇ ਹੋਏ ਮੋਬਾਇਲ 'ਤੇ ਗੱਲ ਕਰਨਾ ਹਾਦਸੇ ਦਾ ਖਤਰਾ ਕਾਫੀ ਵਧਾ ਦਿੰਦਾ ਹੈ, ਇਸ ਲਈ ਲੋਕਾਂ ਨੂੰ ਡਰਾਈਵ ਕਰਦੇ ਸਮੇਂ ਅਜਿਹਾ ਕਰਨ ਤੋਂ ਬਚਣਾ ਚਾਹੀਦਾ ਹੈ।


Related News