ਪੰਜਾਬ ਦੇ 3 ਜ਼ਿਲਿਆਂ ''ਚ ''ਅਰਲੀ ਇੰਟਰਵੈਂਸ਼ਨ ਸੈਂਟਰ'' ਸਥਾਪਿਤ ਕਰਨ ਦੀ ਮਨਜ਼ੂਰੀ
Thursday, Jan 09, 2020 - 08:43 AM (IST)
ਚੰਡੀਗੜ੍ਹ : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨੇ ਪਟਿਆਲਾ, ਗੁਰਦਾਸਪੁਰ ਤੇ ਫਿਰੋਜ਼ਪੁਰ ਵਿਖੇ ਬੱਚਿਆਂ ਲਈ ਤਿੰਨ ਜ਼ਿਲ੍ਹਾ ਅਰਲੀ ਇੰਟਰਵੈਂਸ਼ਨ ਸੈਂਟਰ ਸਥਾਪਤ ਕਰਨ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਡੀ. ਈ. ਆਈ. ਸੀ (ਜ਼ਿਲ੍ਹਾ ਅਰਲੀ ਇੰਟਰਵੈਂਸ਼ਨ ਸੈਂਟਰ) ਦਾ ਮਕਸਦ ਜਨਮ ਸਮੇਂ ਹੋਣ ਵਾਲੇ 4 ਡੀ-ਡਿਫੈਕਟਸ ਜਿਵੇਂ ਬਿਮਾਰੀਆਂ, ਘਾਟ ਅਤੇ ਵਿਕਾਸ 'ਚ ਦੇਰੀ ਹੋਣ ਬਾਰੇ ਜ਼ਰੂਰੀ ਜਾਣਕਾਰੀ ਦੇ ਨਾਲ-ਨਾਲ ਇਲਾਜ ਦੀਆਂ ਸੇਵਾਵਾਂ ਪ੍ਰਦਾਨ ਕਰਨਾ ਹੈ। ਇਨ੍ਹਾਂ 'ਚ 31 ਅਪੰਗਤਾ ਰੋਗ ਵੀ ਸ਼ਾਮਲ ਹਨ। ਇਹ ਪ੍ਰਗਟਾਵਾ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਇੱਥੇ ਇੱਕ ਪ੍ਰੈਸ ਬਿਆਨ ਵਿੱਚ ਕੀਤਾ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਮੰਤਰੀ ਨੇ ਦੱਸਿਆ ਕਿ ਇਸ ਵੇਲੇ ਜ਼ਿਲ੍ਹਾ ਬਠਿੰਡਾ, ਹੁਸ਼ਿਆਰਪੁਰ, ਲੁਧਿਆਣਾ, ਰੋਪੜ ਅਤੇ ਤਰਨਤਰਨ 'ਚ ਪੰਜ ਡੀ. ਈ. ਆਈ. ਸੀ. ਮੌਜੂਦ ਹਨ ਅਤੇ ਹਰੇਕ ਡੀ. ਈ. ਆਈ. ਸੀ. 'ਚ ਮੈਡੀਕਲ ਅਫਸਰ (ਐਮ. ਬੀ. ਬੀ. ਐੱਸ.), ਦੰਦਾਂ ਦਾ ਡਾਕਟਰ, ਅਰੰਭਕ ਇੰਟਰਵੈਂਸ਼ਨ ਵਾਲਾ ਵਿਸ਼ੇਸ਼ ਐਜੂਕੇਟਰ, ਫਿਜ਼ੀਓਥੈਰੇਪਿਸਟ, ਆਪਟੋਮੈਟ੍ਰਿਸਟ, ਸਮਾਜ ਸੇਵਕ, ਮਨੋਵਿਗਿਆਨੀ, ਲੈਬ ਟੈਕਨੀਸ਼ੀਅਨ, ਸਟਾਫ ਨਰਸ, ਡੀ. ਈ. ਆਈ. ਸੀ ਪ੍ਰਬੰਧਕਾਂ ਦੇ ਨਾਲ ਦੰਦਾਂ ਦੇ ਟੈਕਨੀਸ਼ੀਅਨ ਮੌਜੂਦ ਹਨ। ਉਨ੍ਹਾਂ ਦੱਸਿਆ ਕਿ ਹੁਣ, ਗੁਰਦਾਸਪੁਰ, ਪਟਿਆਲਾ ਅਤੇ ਫਿਰੋਜ਼ਪੁਰ ਵਿਖੇ 3 ਨਵੇਂ ਡੀ. ਈ. ਆਈ. ਸੀ ਨੂੰ ਮਨਜ਼ੂਰੀ ਮਿਲ ਗਈ ਹੈ।