ਪੰਜਾਬ ਵਿਚ ਈ-ਸਿਗਰਟ ਵੇਚਣ ਵਾਲਿਆਂ ’ਤੇ ਹੋਵੇਗੀ ਸਖ਼ਤੀ

10/11/2018 8:05:33 PM

ਚੰਡੀਗਡ਼੍ਹ (ਸ਼ਰਮਾ)- ਤੰਦਰੁਸਤ ਪੰਜਾਬ ਮਿਸ਼ਨ ਦੇ ਅਧੀਨ ਖੁਰਾਕ ਅਤੇ ਡਰੱਗ ਐਡਮਿਨਸਟ੍ਰੇਸ਼ਨ, ਕਮਿਸ਼ਨਰ, ਪੰਜਾਬ ਕਾਹਨ ਸਿੰਘ ਪੰਨੂੰ ਵਲੋਂ ਈ-ਸਿਗਰਟ ਅਤੇ ਹੀਟ-ਨੌਟ-ਬਰਨ ਉਪਕਰਨਾਂ ਦੀ ਵਿਕਰੀ ’ਤੇ ਮਨ੍ਹਾਹੀ ਸਬੰਧੀ ਅਧਿਸੂਚਨਾ ਮੁਡ਼ ਜਾਰੀ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਰੱਗ ਐਡਮਿਨਸਟ੍ਰੇਸ਼ਨ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ, ਭਾਰਤ ਵਿਚ ਡਰੱਗ ਅਤੇ ਕਾਸਮੈਟਿਕ ਐਕਟ, 2013 ਤਹਿਤ ਈ.ਐਨ.ਡੀ.ਐਸ (ਇਲੈਕਟ੍ਰੋਨਿਕ ਨਿਕੋਨਾਇਨ ਡਲੀਵਰੀ ਸਿਸਟਮ/ਈ-ਸਿਗਰਟ) ’ਤੇ ਮੁਕੰਮਲ ਰੋਕ ਲਗਾਉਣ ਵਾਲਾ ਪਹਿਲਾ ਸੂਬਾ ਹੈ।

ਉਨ੍ਹਾਂ ਦੱਸਿਆ ਕਿ ਪਹਿਲਾਂ ਬਹੁਤ ਘੱਟ ਲੋਕ ਇਨ੍ਹਾਂ ਉਤਪਾਦਾਂ ਦੇ ਹਾਨੀਕਾਰਕ ਪ੍ਰਭਾਵਾਂ ਤੋਂ ਜਾਣੂ ਸਨ, ਪਰ ਹੁਣ ਸਿਹਤ ਵਿਭਾਗ ਵਲੋਂ ਸੂਬਾ ਪੱਧਰ ’ਤੇ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਅਧੀਨ ਲੋਕਾਂ ਨੂੰ ਵੱਡੇ ਪੱਧਰ ’ਤੇ ਜਾਗਰੂਕ ਕੀਤਾ ਗਿਆ ਹੈ ਅਤੇ ਸਾਇਬਰ ਕ੍ਰਾਇਮ ਵਿੰਗ, ਪੰਜਾਬ ਵਲੋਂ ਈ-ਸਿਗਰਟ ਦੀ ਆਨਲਾਇਨ ਵਿਕਰੀ ’ਤੇ ਵੀ ਪਾਬੰਦੀ ਲਗਾਈ ਗਈ ਹੈ। ਹੁਣ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ, ਭਾਰਤ ਸਰਕਾਰ ਵਲੋਂ ਇਲੈਕਟ੍ਰੋਨਿਕ ਨਿਕੋਨਾਇਨ ਡਲਿਵਰੀ ਸਿਸਟਮ/ਈ-ਸਿਗਰਟ (ਈ.ਐਨ.ਡੀ.ਐਸ) ਜਿਸ ਵਿਚ ਈ-ਸਿਗਰਟ, ਹੀਟ-ਨੌਟ-ਬਰਨ (ਐਚ.ਐਨ.ਬੀ.) ਉਪਕਰਨ, ਈ-ਨਿਕੋਟਾਇਨ, ਫਲੇਵਰਡ ਹੁੱਕਾ ਅਤੇ ਅਜਿਹੇ ਹੋਰ ਉਤਪਾਦ ਸ਼ਾਮਲ ਹਨ, ਸਬੰਧੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ।


Related News