ਸਮੇਂ ਦੇ ਨਾਲ ਮਹਾਤਮਾ ਰਾਵਣ ਦੇ ਬਦਲਦੇ ਪ੍ਰਤੀਕਾਂ ਨਾਲ ਉਸਰ ਰਿਹੈ ਸਮਾਜ ਤੇ ਬਦਲ ਰਿਹੈ ‘ਦੁਸਹਿਰਾ’

Sunday, Oct 25, 2020 - 03:55 PM (IST)

ਸਮੇਂ ਦੇ ਨਾਲ ਮਹਾਤਮਾ ਰਾਵਣ ਦੇ ਬਦਲਦੇ ਪ੍ਰਤੀਕਾਂ ਨਾਲ ਉਸਰ ਰਿਹੈ ਸਮਾਜ ਤੇ ਬਦਲ ਰਿਹੈ ‘ਦੁਸਹਿਰਾ’

(ਹਰਪ੍ਰੀਤ ਸਿੰਘ ਕਾਹਲੋਂ ਦੀ ਰਿਪੋਰਟ)

ਰਾਵਣ ਸਾਹਬ ਕਰੇ ਪੁਕਾਰ
ਸ਼ਿਖਸ਼ਤ ਹੋ ਪੂਰਾ ਪਰਿਵਾਰ

****
ਜੋ ਬੋਲੇ ਸੋ ਨਿਰਭੈ
ਸ਼੍ਰਿਸ਼ਟੀਕਰਤਾ ਵਾਲਮੀਕੀ
ਦਯਾਵਾਨ ਕੀ ਜੈ

ਇਨ੍ਹਾਂ ਜੈਕਾਰਿਆਂ ਨਾਲ ਵਾਲਮੀਕੀ ਸਮਾਜ ਨੇ ਆਪਣੀ ਪਛਾਣ ਨੂੰ ਮਹਾਤਮਾ ਰਾਵਣ ਦੇ ਪ੍ਰਤੀਕਾਂ ’ਚੋਂ ਨਵੀਂ ਦਿਸ਼ਾ ਦਿੱਤੀ ਹੈ। ਬੁਰਾਈ ਉੱਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਦੁਸਹਿਰੇ ਨੂੰ ਭਾਰਤ ਦੇ ਕਈ ਹਿੱਸਿਆਂ ’ਚ ਨਵੇਕਲੇ ਢੰਗ ਨਾਲ ਮਨਾਇਆ ਗਿਆ ਹੈ। ਝਾਰਖੰਡ ਦੀ ਸ਼ਿਬੂ ਸ਼ੁਰੇਨ ਸਰਕਾਰ ਨੇ ਦੁਸਹਿਰੇ ਮੌਕੇ ਰਾਵਣ ਦਹਿਣ ਨੂੰ ਬੰਦ ਕਰ ਦਿੱਤਾ ਸੀ। ਤਮਿਲਨਾਡੂ ਵਿਖੇ ਈ. ਵੀ. ਰਾਮਾਸਵਾਮੀ ਪੇਰੀਆਰ ਨੇ ਦ੍ਰਵਿੜ ਕਡਗਮ ਅੰਦੋਲਨ ਦੀ ਨੀਂਹ ਵਿਚ ਦ੍ਰਵਿੜ ਹੋਂਦ ਨੂੰ ਮੂਲ ਰੂਪ ਵਿਚ ਉਭਾਰਿਆ। ਅੱਗੇ ਚੱਲਕੇ ਡੀ. ਐੱਮ. ਕੇ. ਪਾਰਟੀ ਦੇ ਐੱਮ. ਕਰੁਣਾਨਿਧੀ ਨੇ ਕਿਸੇ ਵੇਲੇ ਇਹ ਬਿਆਨ ਦਿੱਤਾ ਸੀ : ਜੋ ਰਾਵਣ ਨੂੰ ਗਾਲ੍ਹ ਕੱਢੇਗਾ ਸਮਝੋ ਉਹ ਮੈਨੂੰ ਗਾਲ੍ਹ ਕੱਢੇਗਾ!

ਪਾਇਲ ਦਾ ਰਾਵਣ ਮੰਦਰ

PunjabKesari
ਲੁਧਿਆਣਾ ਦੇ ਨੇੜੇ ਪਾਇਲ ਦਾ ਰਾਵਣ ਮੰਦਰ ਵਾਲਮੀਕੀ ਸਮਾਜ ਨੇ ਆਪਣੇ ਸੰਘਰਸ਼ ਤੇ ਪਛਾਣ ਨੂੰ ਮੁੱਖ ਰੱਖਦਿਆਂ 20ਵੀਂ ਸਦੀ ਦੇ ਅੰਤ ’ਚ ਬਣਾਇਆ ਸੀ। ਇਥੇ ਦੁਸਹਿਰੇ ਮੌਕੇ ਹਰ ਸਾਲ ਸ਼ਾਮ ਨੂੰ 7 ਵਜੇ ਰਾਵਣ ਪੂਜਾ ਹੁੰਦੀ ਹੈ। ਪੰਜਾਬ ’ਚ ਇਹ ਇਕਲੌਤਾ ਰਾਵਣ ਮੰਦਰ ਹੈ। ਕਪੂਰਥਲੇ ਤੋਂ ‘ਮਹਾਤਮਾ ਰਾਵਣ ਸੈਨਾ’ ਦੇ ਲਖਬੀਰ ਲੰਕੇਸ਼ ਦੱਸਦੇ ਹਨ ਕਿ ਉਹ ਕਪੂਰਥਲੇ ’ਚ ਵੀ ਛੇਤੀ ਮਹਾਤਮਾ ਰਾਵਣ ਦਾ ਮੰਦਰ ਉਸਾਰਨਗੇ। ਲਖਬੀਰ ਲੰਕੇਸ਼ ਮੁਤਾਬਕ ਅਸੀਂ 2019 ’ਚ ਪੰਜਾਬ ਹਰਿਆਣਾ ਹਾਈਕੋਰਟ ’ਚ ਪਟੀਸ਼ਨ ਵੀ ਪਾਈ ਸੀ ਕਿ ਦੁਸਹਿਰੇ ਮੌਕੇ ਰਾਵਣ ਦਹਿਣ ਬੰਦ ਕੀਤਾ ਜਾਵੇ। ਉਨ੍ਹਾਂ ਮੁਤਾਬਕ ਸਾਡੀ ਆਸਥਾ ਨਫਰਤ ਦੀ ਨਹੀਂ ਹੈ। ਅਸੀਂ ਆਪਣੇ ਵਾਲਮੀਕੀ ਭਾਈਚਾਰੇ ਦੇ ਵਿਕਾਸ ਦੀ ਗੱਲ ਕਰਦੇ ਹਾਂ। ਲਖਬੀਰ ਲੰਕੇਸ਼ ਮੁਤਾਬਕ ਭਾਰਤ ’ਚ 200 ਤੋਂ ਵੱਧ ਰਮਾਇਣ ਰਚੀਆਂ ਗਈਆਂ ਹਨ। ਰਾਮਾਸਵਾਮੀ ਪੇਰੀਅਰ ਨੇ ਸਾਰੀਆਂ ਰਮਾਇਣਾਂ ਦਾ ਅਧਿਐਨ ਕਰ ਕੇ ‘ਸੱਚੀ ਰਮਾਇਣ’ ਦੀ ਰਚਨਾ ਕੀਤੀ। ਵਾਲਮੀਕੀ ਭਾਈਚਾਰੇ ਨੇ ਆਪਣੀ ਪਛਾਣ ਨੂੰ ਦ੍ਰਵਿੜ ਵਿਚਾਰਧਾਰਾ ਨਾਲ ਉਭਾਰਣ ਲਈ ਪਿਛਲੇ 35 ਸਾਲਾਂ ਤੋਂ ਕਈ ਕਾਰਜ ਕੀਤੇ ਹਨ। ਇਸ ਲਈ ਬਕਾਇਦਾ ਉਨ੍ਹਾਂ ਆਪਣੇ ਨਾਂ ਨਾਲ ਸ਼ੂਦਰ, ਅਨਾਰਿਆ, ਅਸੁਰ, ਰਾਵਣ ਅਤੇ ਲੰਕੇਸ਼ ਪਿਛੇਤਰ ਲਾਉਣੇ ਸ਼ੁਰੂ ਕੀਤੇ। ਅਮਰਜੀਤ ਅਨਾਰਿਆ, ਲਖਬੀਰ ਲੰਕੇਸ਼ ਅਤੇ ਦਰਸ਼ਨ ਰਾਵਣ ਨਾਂ ਇਸੇ ਸਿਲਸਿਲੇ ਦਾ ਰੂਪ ਹਨ।

1986 ਅਤੇ ਦੋ ਵਿਚਾਰਧਾਰਾਵਾਂ ਦਾ ਸਫ਼ਰ
ਇਹ ਦੌਰ ਇਕ ਪਾਸੇ ਹਿੰਦੂ ਚੇਤਨਾ ਦਾ ਦੌਰ ਸੀ, ਜਦੋਂ ਅਯੁੱਧਿਆ ਰਾਮਮੰਦਰ ਦਾ ਸੰਘਰਸ਼ ਆਪਣੇ ਸਿਖਰ ’ਤੇ ਪਹੁੰਚਿਆ ਸੀ। ਇਸ ਤੋਂ ਬਾਅਦ 6 ਦਸੰਬਰ 1992 ਨੂੰ ਬਾਬਰੀ ਮਸਜ਼ਿਦ ਢਾਹੀ ਗਈ। ਦੂਜੇ ਪਾਸੇ ‘ਆਦਿ ਧਰਮ ਸਮਾਜ’ ਦੀ ਨੀਂਹ ਉਸਰੀ। ਆਦਿ ਧਰਮ ਸਮਾਜ ਨੇ ਦਲਿਤ ਸਮਾਜ ’ਚ ਬੁਰੇ ਰਾਵਣ ਦੇ ਪ੍ਰਤੀਕ ਨੂੰ ਕੱਢਕੇ ਮਹਾਤਮਾ ਰਾਵਣ ਦਾ ਪ੍ਰਤੀਕ ਉਭਾਰਿਆ। ਆਦਿ ਧਰਮ ਸਮਾਜ 1994 ਨੂੰ ਬਣਿਆ ਪਰ ਇਸ ਤੋਂ ਪਹਿਲਾਂ 1986 ’ਚ ਇਸਦੇ ਸੰਸਥਾਪਕ ਦਰਸ਼ਨ ਰਾਵਣ ਨੇ ਆਪਣੇ ਨਾਂ ਪਿੱਛੇ ਤਖ਼ੱਲਸ ‘ਰਾਵਣ’ ਜੋੜਿਆ ਅਤੇ ਹੋਰਾਂ ਨੂੰ ਇੰਝ ਕਰਨ ਲਈ ਪ੍ਰੇਰਿਆ। ਇਹ ‘ਰਾਮ ਰਾਜ’ ਅਤੇ ‘ਰਾਵਣ ਰਾਜ’ ਦੀਆਂ ਆਪੋ-ਆਪਣੀਆਂ ਖੂਬੀਆਂ ਨਾਲ ਤੁਰਦਾ ਦੌਰ ਸੀ। ਦਰਸ਼ਨ ਰਾਵਣ ਮੁਤਾਬਕ ਵਾਲਮੀਕੀ ਸਮਾਜ ਨੂੰ ਸਦਾ ‘ਕੂੜੇ ਦੀ ਟੋਕਰੀ’ ਚੁਕਾਈ ਗਈ। ਇਸ ਸ਼ੈਲੀ ਕਰ ਕੇ ਉਹ ਮਹਾਤਮਾ ਗਾਂਧੀ ਦੇ ਵੀ ਆਲੋਚਕ ਰਹੇ ਹਨ।

PunjabKesari

ਉਨ੍ਹਾਂ ਮੁਤਾਬਕ ਸਾਨੂੰ ਅਜਿਹੀ ਚੇਤਨਾ ਦੀ ਲੋੜ ਹੈ, ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਤਿਆਰ ਕਰਦਿਆਂ ਸਭ ਤੋਂ ਪਹਿਲਾਂ ਦਲਿਤ ਨੂੰ ਅੰਮ੍ਰਿਤ ਛਕਾਇਆ ਅਤੇ ਫਿਰ ਆਪ ਛਕਿਆ। ਇੰਝ ਹੀ ਜਿਹੜੀ ਤਲਵਾਰ ਛੱਤਰੀ ਦੇ ਅਧਿਕਾਰ ਵਿਚ ਸੀ, ਉਹ ਤਲਵਾਰ ਵੀ ਉਨ੍ਹਾਂ ਸਭ ਤੋਂ ਪਹਿਲਾਂ ਦਲਿਤ ਨੂੰ ਫੜ੍ਹਾਈ। ਦਰਸ਼ਨ ਰਾਵਣ ਮੁਤਾਬਕ ਧਰਮ ਬਦਲਣ ਨਾਲ ਜਾਤ ਨਹੀਂ ਬਦਲਦੀ। ਇਹ ਸਮੇਂ ਦੀ ਲੋੜ ਹੈ ਕਿ ਅਸੀਂ ਕਹਿੰਦੀ ਕਹਾਉਂਦੀ ਨੀਵੀਂ ਜਾਤ ਨੂੰ ਹੀ ਮਾਣ ’ਚ ਬਦਲ ਦਈਏ। ਸਮਾਜ ’ਚ ਇਹ ਕਾਰਜ਼ ਬਹੁਤ ਜ਼ਰੂਰੀ ਹੈ ਕਿ ਰੰਗ, ਨਸਲ, ਰੂਪ, ਸਰੀਰ ਤੋਂ ਕੋਈ ਉੱਚਾ ਜਾਂ ਨੀਵਾਂ ਨਹੀਂ ਹੁੰਦਾ।

ਭਾਰਤ ਵਿਚ ਮਹਾਤਮਾ ਰਾਵਣ
ਲੁਧਿਆਣੇ ਦੇ ਪਾਇਲ ਵਿਖੇ ਰਾਵਣ ਮੰਦਰ ਤੋਂ ਇਲਾਵਾ ਭਾਰਤ ’ਚ ਫਰੀਦਾਬਾਦ, ਇੰਦੌਰ, ਜੰਮੂ ਵਿਖੇ ਵੀ ਮਹਾਤਮਾ ਰਾਵਣ ਦੇ ਮੰਦਰ ਹਨ। ਦਲਿਤ ਸਮਾਜ ਦੇ ਜਾਣਕਾਰ ਦੇਸਰਾਜ ਕਾਲੀ ਮੁਤਾਬਕ ਜਲੰਧਰ ਵਿਚ ਹੀ ਰਾਮਲੀਲਾ ਦੋ ਤਰ੍ਹਾਂ ਖੇਡੀ ਜਾਂਦੀ ਸੀ। ਇਥੇ ਇਕ ਪਾਸੇ ਰਾਮਲੀਲਾ ਰਾਵਣ ਵਧ ਤੋਂ ਅਯੁੱਧਿਆ ਵਾਪਸੀ ਤੱਕ ਖੇਡੀ ਜਾਂਦੀ ਸੀ ਪਰ ਵਾਲਮੀਕੀ ਮੰਦਰਾਂ ’ਚ ਰਾਮਲੀਲਾ ਅਯੁੱਧਿਆ ਵਾਪਸੀ ਤੋਂ ਬਾਅਦ ਸੀਤਾ ਬਨਵਾਸ ਅਤੇ ਲਵ-ਕੁਸ਼ ਪ੍ਰਸੰਗ ਤੱਕ ਖੇਡੀ ਜਾਂਦੀ ਸੀ। ਇਸ ਦੌਰ ਦੇ ਸਮਾਜ ’ਚ ਇਕ ਪਾਸੇ ਇਤਿਹਾਸ ਮੁੜ ਲਿਖਿਆ ਜਾ ਰਿਹਾ ਹੈ। ਇਕ ਪਾਸੇ ਅਮੀਸ਼ ਦੀ ਕਿਤਾਬ ਇਮੋਰਟਲ ਇੰਡੀਆ ਤੋਂ ਲੈਕੇ ਵੱਖ-ਵੱਖ ਥਾਵਾਂ ’ਤੇ ਆਰੀਅਨ ਇਥੋਂ ਦੇ ਹੀ ਮੂਲ ਨਿਵਾਸੀ ਵਾਂਗ ਪ੍ਰਚਾਰ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਦਲਿਤ ਚੇਤਨਾ ਵੀ ਆਪਣੀ ਹੋਂਦ ਨੂੰ ਲੈਕੇ ਸਰਗਰਮ ਹੰਭਲੇ ਮਾਰ ਰਹੀ ਹੈ।

ਨੈਣ ਸੁੱਖ ਦੀ ਕਿਤਾਬ ਧਰਤੀ ਪੰਜ ਦਰਿਆਈ ਦ੍ਰਵਿੜ ਚੇਤਨਾ ਬਾਰੇ ਮਨੁੱਖੀ ਪੱਖ ਨੂੰ ਬਿਹਤਰ ਉਭਾਰਦੀ ਹੈ। ਆਧੁਨਿਕ ਪੰਜਾਬੀ ਸਾਹਿਤ ਵਿਚ ਸਭ ਤੋਂ ਪਹਿਲੀ ਵਾਰ ਲਾਲ ਸਿੰਘ ਦਿਲ ਨੇ ਰਾਵਣ ਨੂੰ ‘ਮਹਾਤਮਾ ਰੌਣ’ ਲਿਖਿਆ ਸੀ। ਇਹ ਕਵਿਤਾ 80ਵਿਆਂ ’ਚ ਲਿਖੀ ਅਤੇ ਉਹਨੇ ਆਪਣੀ ਕਿਤਾਬ ਬੋਧੀਆਂ ਨੂੰ ਸਮਰਪਿਤ ਕੀਤੀ।

ਆਦਿ ਧਰਮ ਸਮਾਜ
1996 ’ਚ ਦਰਸ਼ਨ ਰਾਵਣ ਨੇ ਬਤੌਰ ਸੰਸਥਾਪਕ ਆਦਿ ਧਰਮ ਸਮਾਜ ਬਣਾਇਆ। ਦਰਸ਼ਨ ਕਹਿੰਦੇ ਹਨ ਕਿ ਇਹਦੀ ਸ਼ੁਰੂਆਤ 1986 ਤੋਂ ਹੋਈ ਜਦੋਂ ਉਨ੍ਹਾਂ ਦਰਸ਼ਨ ਨਾਂ ਨਾਲ ਰਾਵਣ ਤਖ਼ੱਲਸ ਲਾਕੇ ਅੰਮ੍ਰਿਤਸਰ ਵਾਲਮੀਕੀ ਮੰਦਰ ਦੇ ਦਰਸ਼ਨ ਕੀਤੇ। ਉਸ ਸਮੇਂ ਸਾਨੂੰ ਹਿੰਸਾ ਫੈਲਾਉਣ ਵਾਲੇ ਅਨਸਰ ਤੱਕ ਐਲਾਨਿਆ ਗਿਆ। 9 ਨਵੰਬਰ 1986 ਨੂੰ ਅਸੀਂ ਦੂਜੀ ਸਾਈਕਲ ਯਾਤਰਾ ਕੱਢੀ ਜਿਸ ’ਚ 25000 ਸੱਜਣ ਸ਼ਾਮਲ ਹੋਏ। ਇਹ ਲੜਾਈ ਉੱਕਾ ਸੌਖੀ ਨਹੀਂ ਸੀ ਪਰ ਹੁਣ ਨਵੀਂ ਪੀੜ੍ਹੀ ’ਚ ਚੇਤਨਾ ਵਧੇਰੇ ਹੈ।

ਸਮਾਜ ’ਚ ਚੰਗਾ-ਮਾੜਾ ਨਾਲੋਂ ਨਾਲ ਚੱਲਦਾ ਹੈ। ਇਸ ਵਿਚ ਅਸੀਂ ਸਿਰਫ ਇਹੋ ਚਾਹੁੰਦੇ ਸੀ ਕਿ ਸੱਤਾ ’ਤੇ ਕਬਜ਼ਾ ਧਰਮ ਅਧਾਰ ਨਹੀਂ ਹੋਣਾ ਚਾਹੀਦਾ ਅਤੇ ਮਨੁੱਖੀ ਜਾਤੀ ਵਜੋਂ ਸਭ ਦੀ ਇੱਜ਼ਤ ਹੋਏ। ਕੋਰੋਨਾ ਦੇ ਦੌਰ ਵਿਚ ਵੀ ਸਫਾਈ ਕਰਮਚਾਰੀ ਯੌਧੇ ਵਜੋਂ ਲੜੇ। ਸਿਆਸਤ ਦੀ ਇਸ ਸਮਝ ਨੂੰ ਨੰਗਾ ਕਰਨ ਦੀ ਲੋੜ ਹੈ। ਦਰਸ਼ਨ ਰਾਵਣ ਇਸ ਗੱਲ ’ਤੇ ਜ਼ੋਰ ਦਿੰਦੇ ਹਨ ਕਿ ਜਦੋਂ ਅਸੀਂ ਧਰਮ ਹਿੱਤ ਵੱਡੇ ਧਰੁਵੀਕਰਨ ਹੋਣ ਦਾ ਹਿੱਸਾ ਐਲਾਨ ਕਰ ਦਿੰਦੇ ਹਾਂ, ਤਾਂ ਉਸ ਸਮੇਂ ਜਦੋਂ ਰਾਖਵਾਂਕਰਨ ਦੀ ਗੱਲ ਹੋਵੇ ਜਾਂ ਸਫਾਈ ਕਰਮਚਾਰੀਆਂ ਦੀ ਗੱਲ ਆਵੇ ਤਾਂ ਸਾਨੂੰ ਦਲਿਤ ਸਮਾਜ ਕਹਿ ਵੱਖਰੇ ਮੰਨਿਆ ਜਾਂਦਾ ਹੈ।

ਦਰਸ਼ਨ ਰਾਵਣ ਕਹਿੰਦੇ ਹਨ ਕਿ ਵਾਲਮੀਕੀ ਰਮਾਇਣ ਜਿਵੇਂ ਮਹਾਤਮਾ ਰਾਵਣ ਨੂੰ ਪੇਸ਼ ਕਰਦੀ ਹੈ ਹੋਰਾਂ ਹਵਾਲਿਆਂ ’ਚ ਰਾਵਣ ਨੂੰ ਉਸੇ ਤਰਤੀਬ ਵਿਚ ਪੇਸ਼ ਨਹੀਂ ਕੀਤਾ ਗਿਆ। ਵਾਲਮੀਕੀ ਰਮਾਇਣ ’ਚ ਰਾਵਣ ਨੂੰ ਬਹੁਤ ਥਾਵਾਂ ’ਤੇ ਮਹਾਤਮਾ ਰਾਵਣ ਉਚਾਰਿਆ ਹੈ। ਮਹਾਤਮਾ ਰਾਵਣ ਦੇ ਸਮਾਜ ’ਚ ਤੀਵੀਂਆਂ ਦੀ ਬਹੁਤ ਇੱਜ਼ਤ ਸੀ। ਲੰਕੇਸ਼ ਰਾਜ ’ਚ ਰਾਵਣ ਦੀ ਪਤਨੀ ਮੰਧੋਦਰੀ ਰਾਵਣ ਬਰਾਬਰ ਬੈਠ ਰਾਜ ਭਾਗ ਚਲਾਉਂਦੇ ਸਨ। ਪੌਰਾਣਿਕ ਕਥਾਵਾਂ ’ਚ ਇੰਝ ਬਰਾਬਰ ਤੀਵੀਂਆਂ ਦੇ ਬੈਠਣ ਦੀ ਮਿਸਾਲ ਹੀ ਆਪਣੇ ਆਪ ’ਚ ਖਾਸ ਹੈ।

ਮਹੁੱਬਤੀ ਰੌਸ਼ਨੀ ਜ਼ਰੂਰੀ
‘‘ਜਾਕੈ ਈਦਿ ਬਕਰੀਦਿ ਕੁਲ ਗਊ ਰੇ ਬਧੁ ਕਰਹਿ’’ ਇਹ ਭਗਤ ਰਵੀਦਾਸ ਜੀ ਦੇ ਸ਼ਬਦ ਦੀ ਤੁਕ ਹੈ ਜੋ ਉਸ ਸਮੇਂ ਬਕਰੀਦ ਮਨਾਉਣ ਵੇਲੇ ਗਾਂ ਦੀ ਬਲੀ ਦੇਣ ਦਾ ਇਤਿਹਾਸਕ ਹਵਾਲਾ ਦਿੰਦੀ ਹੈ। ਬਕਰੀਦ ਮੌਕੇ ਗਾਂ ਦੀ ਬਲੀ ਹਿੰਦੂ ਭਾਵਨਾ ਨੂੰ ਧਿਆਨ ’ਚ ਰੱਖਦਿਆਂ ਬਾਬਰ ਨੇ ਬੰਦ ਕੀਤੀ ਅਤੇ ਬਾਦਸ਼ਾਹ ਅਕਬਰ ਨੇ ਪੂਰਨ ਪਾਬੰਦੀ ਲਾਈ। ਭਾਰਤੀ ਸਮਾਜ ਬਾਰੇ ਜਾਣਕਾਰ ਗੰਗਵੀਰ ਰਾਠੌੜ ਇਹ ਟਿੱਪਣੀ ਕਰਦਿਆਂ ਸਮਝਾਉਂਦੇ ਹਨ ਕਿ ਸਮੇਂ ਦੇ ਨਾਲ ਸਾਨੂੰ ਇੰਝ ਹੀ ਸਮਾਜ ’ਚ ਇਕ-ਦੂਜੇ ਦੀਆਂ ਭਾਵਨਾ ਲਈ ਬਦਲਣਾ ਚਾਹੀਦਾ ਹੈ। ਗੰਗਵੀਰ ਮੁਤਾਬਕ ਦੁਸਹਿਰਾ ਨੇਕੀ ਦੀ ਰੌਸ਼ਨੀ ਦਾ ਪ੍ਰਤੀਕ ਹੈ ਪਰ ਇਹ ਰਾਵਣ ਨੂੰ ਸਾੜਣ ਦਾ ਰੂਪ ਨਹੀਂ ਬਣਾਉਣਾ ਚਾਹੀਦਾ। ਪੁਤਲਾ ਫੂਕਣਾ ਸਮਾਜ ਦੇ ਹਾਸ਼ੀਏ ’ਤੇ ਪਏ ਹਿੱਸੇ ਲਈ ਉਨ੍ਹਾਂ ਦੇ ਨਾਇਕ ਦਾ ਅਪਮਾਨ ਵਜੋਂ ਵੀ ਮੰਨਿਆ ਜਾਂਦਾ ਹੈ। ਸੋ ਅਜੋਕੇ ਦੌਰ ’ਚ ਸਾਨੂੰ ਖੁੱਲਦਿਲੀ ਨਾਲ ਅੱਗੇ ਆਕੇ ਪੁਤਲਾ ਫੁੱਕਣ ਦੇ ਰਿਵਾਜ਼ ’ਤੇ ਰੋਕ ਲਵਾਉਣੀ ਚਾਹੀਦੀ ਹੈ ਤਾਂ ਜੋ ਹਾਸ਼ੀਏ ’ਤੇ ਪਏ ਸਮਾਜ ਦੇ ਇਕ ਵੱਡੇ ਹਿੱਸੇ ਨੂੰ ਇਸ ਮੁਲਕ ਵਿਚ ਬਰਾਬਰੀ ਦੇ ਸਿਧਾਂਤ ’ਤੇ ਵਿਚਰਣ ਦਾ ਮੌਕਾ ਮਿਲ ਸਕੇ।


author

rajwinder kaur

Content Editor

Related News