ਦੁਸਹਿਰੇ ਨੂੰ ਲੈ ਕੇ ਮੋਹਾਲੀ ''ਚ 300 ਟਰੈਫਿਕ ਪੁਲਸ ਨਾਲ ਤਾਇਨਾਤ ਰਹੇਗੀ ਥਾਣਾ ਪੁਲਸ

Tuesday, Oct 08, 2019 - 03:17 PM (IST)

ਮੋਹਾਲੀ (ਰਾਣਾ) : 8 ਅਕਤੂਬਰ ਨੂੰ ਪੂਰੇ ਦੇਸ਼ 'ਚ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾਵੇਗਾ, ਜਿਸ ਕਰ ਕੇ ਮੋਹਾਲੀ ਪੁਲਸ ਵੱਲੋਂ ਵੀ ਇਸ ਨੂੰ ਲੈ ਕੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਹਨ ਤਾਂ ਕਿ ਲੋਕਾਂ ਨੂੰ ਰਾਵਣ ਦਹਿਣ ਦੇ ਸਮੇਂ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਾ ਆਵੇ। ਇਸ ਨੂੰ ਲੈ ਕੇ ਪੂਰੇ ਜ਼ਿਲੇ 'ਚ ਕੁੱਲ 300 ਟਰੈਫਿਕ ਪੁਲਸ ਮੁਲਜ਼ਮਾਂ ਦੀ ਨਿਯੁਕਤੀ ਕੀਤੀ ਗਈ ਹੈ। ਇਸ ਦੇ ਨਾਲ ਹੀ ਪੁਲਸ ਦੀ ਨਜ਼ਰ ਸ਼ਰਾਰਤੀ ਅਨਸਰਾਂ 'ਤੇ ਵੀ ਰਹੇਗੀ।

ਨਹੀਂ ਲੱਗਣ ਦਿੱਤਾ ਜਾਵੇਗਾ ਜਾਮ 
ਐੱਸ. ਪੀ. ਟਰੈਫਿਕ ਕੇਸਰ ਸਿੰਘ ਨੇ ਦੱਸਿਆ ਕਿ ਦੁਸਹਿਰੇ ਦੇ ਤਿਉਹਾਰ ਨੂੰ ਲੈ ਕੇ ਉਨ੍ਹਾਂ ਵੱਲੋਂ ਵੀ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜ਼ਿਲੇ ਦੇ 300 ਟਰੈਫਿਕ ਪੁਲਸ ਕਰਮੀਆਂ ਦੀ ਡਿਊਟੀ ਲਾਈ ਗਈ ਹੈ, ਸ਼ਾਮ ਨੂੰ 4 ਵਜੇ ਤੋਂ ਲੈ ਕੇ ਰਾਵਣ ਦਹਿਣ ਤੱਕ ਟਰੈਫਿਕ ਜਾਮ ਦੀ ਸਮੱਸਿਆ ਬਣੀ ਰਹਿੰਦੀ ਹੈ ਪਰ ਉਨ੍ਹਾਂ ਵੱਲੋਂ ਇਸ ਲਈ ਵੀ ਤਿਆਰੀਆਂ ਕਰ ਲਈਆਂ ਗਈਆਂ ਹਨ, ਜਿਸ ਕਰ ਕੇ ਲੋਕਾਂ ਨੂੰ ਟਰੈਫਿਕ ਦੀ ਸਮੱਸਿਆ ਨਹੀਂ ਆਵੇਗੀ ।

ਨਿਯਮ ਤੋੜਣ ਵਾਲਿਆਂ ਦੀ ਵੀ ਖੈਰ ਨਹੀਂ
ਟਰੈਫਿਕ ਸਮੱਸਿਆ ਦੇ ਨਾਲ-ਨਾਲ ਟਰੈਫਿਕ ਨਿਯਮ ਤੋੜਣ ਵਾਲਿਆਂ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਕਿਉਂਕਿ ਨਿਯਮ ਤੋੜਣ ਵਾਲਿਆਂ ਵਿਚ ਜ਼ਿਆਦਾਤਰ ਟੂ ਵ੍ਹੀਲਰ ਵਾਲੇ ਹੁੰਦੇ ਹਨ। ਉਹ ਖੁਦ ਤਾਂ ਆਪਣੀ ਜਾਨ ਜੋਖਮ ਵਿਚ ਪਾਉਂਦੇ ਹੀ ਹਨ, ਨਾਲ ਹੀ ਸੜਕ 'ਤੇ ਚੱਲ ਰਹੇ ਹੋਰ ਲੋਕਾਂ ਦੀ ਵੀ ਜਾਨ ਨੂੰ ਖਤਰੇ ਵਿਚ ਪਾ ਦਿੰਦੇ ਹਨ, ਜਿਸ ਲਈ ਖਾਸ ਤੌਰ 'ਤੇ ਅਜਿਹੇ ਲੋਕਾਂ ਉੱਤੇ ਪੁਲਸ ਦੀ ਨਜ਼ਰ ਬਣੀ ਰਹੇਗੀ। ਇਸ ਤੋਂ ਇਲਾਵਾ ਹੁੜਦੰਗ ਮਚਾਉਣ ਵਾਲਿਆਂ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।

ਪੁਲਸ ਅਧਿਕਾਰੀਆਂ ਮੁਤਾਬਕ ਟਰੈਫਿਕ ਪੁਲਸ ਦੇ ਨਾਲ-ਨਾਲ ਥਾਣਾ ਪੁਲਸ ਨੂੰ ਵੀ ਗਸ਼ਤ 'ਤੇ ਰਹਿਣ ਦੇ ਆਦੇਸ਼ ਦਿੱਤੇ ਗਏ ਹਨ ਕਿਉਂਕਿ ਅਜਿਹੇ ਤਿਉਹਾਰਾਂ ਵਿਚ ਸ਼ਰਾਰਤੀ ਤੱਤ ਮਾਹੌਲ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਵਿਚ ਲੱਗੇ ਰਹਿੰਦੇ ਹਨ। ਇਸ ਦੌਰਾਨ ਕੁਝ ਪੁਲਸ ਕਰਮੀ ਸਿਵਲ ਡਰੈੱਸ ਵਿਚ ਤਾਇਨਾਤ ਰਹਿਣਗੇ। ਇਸ ਤੋਂ ਇਲਾਵਾ ਮੋਹਾਲੀ ਦੇ ਐੱਸ. ਐੱਸ. ਪੀ. ਕੁਲਦੀਪ ਸਿੰਘ ਚਾਹਲ ਵੀ ਇਸ ਦੌਰਾਨ ਗਸ਼ਤ 'ਤੇ ਰਹਿਣਗੇ।


Anuradha

Content Editor

Related News