ਕਰਫਿਊ ਦੌਰਾਨ ਖੇਤੀ ਲਈ ਲੋੜੀਦਿਆਂ ਖਾਦਾਂ, ਬੀਜ ਤੇ ਦਵਾਈਆਂ ਕਿਸਾਨਾਂ ਤੱਕ ਪੁੱਜਦੀਆਂ ਕੀਤੀਆਂ ਜਾਣਗੀਆਂ

Friday, Mar 27, 2020 - 03:26 PM (IST)

ਕਰਫਿਊ ਦੌਰਾਨ ਖੇਤੀ ਲਈ ਲੋੜੀਦਿਆਂ ਖਾਦਾਂ, ਬੀਜ ਤੇ ਦਵਾਈਆਂ ਕਿਸਾਨਾਂ ਤੱਕ ਪੁੱਜਦੀਆਂ ਕੀਤੀਆਂ ਜਾਣਗੀਆਂ

ਜਲੰਧਰ-ਡਾ. ਸੁਰਿੰਦਰ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਅਤੇ ਪੂਰੇ ਪੇਂਡੂ ਸਮਾਜ ਨੂੰ ਕੋਰੋਨਾਵਾਇਰਸ ਦੇ ਪ੍ਰਕੋਪ ਤੋਂ ਬਚਾਉਣ ਲਈ ਸਰਕਾਰ ਅਤੇ ਸਿਹਤ ਵਿਭਾਗ ਵੱਲੋ ਜਾਰੀ ਹਦਾਇਤਾ ਦੀ ਪਾਲਣਾ ਕਰਨ ਅਤੇ ਖੇਤੀ ਦੀ ਲੋੜੀਦੀ ਖਾਦ, ਬੀਜ ਅਤੇ ਦਵਾਈ ਆਪਣੇ ਇਲਾਕੇ ਦੇ ਰਜਿਸਟਸਰਡ ਡੀਲਰ ਪਾਸੋ ਟੈਲੀਫੋਨ ਦੇ ਮਾਧਿਅਮ ਰਾਹੀ ਆਪਣੇ ਪਿੰਡ ਘਰ ਬੈਠੇ ਹੀ ਪ੍ਰਾਪਤ ਕਰਨ। ਉਹਨਾਂ ਦੱਸਿਆ ਕਿ ਜਿਲਾ ਪ੍ਰਸ਼ਾਸਨ ਵੱਲੋ ਖੇਤੀ ਦੇ ਕੰਮ ਦੀ ਨਿਰੰਤਰਤਾ ਨੂੰ ਧਿਆਨ 'ਚ ਰੱਖਦੇ ਹੋਏ ਅਜਿਹੀ ਵਿਵਸਥਾ ਬਣਾਈ ਹੈ ਕਿ ਕਿਸਾਨਾਂ ਨੂੰ ਉਹਨਾਂ ਦੀ ਲੋੜ ਅਨੁਸਾਰ ਖੇਤੀ ਲਈ ਲੋੜੀਦਿਆਂ ਖਾਦਾ ਬੀਜ ਅਤੇ ਦਵਾਈਆਂ ਆਦਿ ਕਿਸਾਨਾਂ ਤੱਕ ਪੁੱਜਦੀਆਂ ਕੀਤੀਆਂ ਜਾਣ।ਇਸ ਮਕਸਦ ਲਈ ਜਿਲੇ ਦੇ ਸਮੂਹ ਡੀਲਰ ਸਾਹਿਬਾਨਾਂ ਨੂੰ ਮਾਨਯੋਗ ਡਿਪਟੀ ਕਮਿਸ਼ਨਰ ਜਲੰਧਰ ਜੀ ਵੱਲੋਂ ਹਦਾਇਤਾਂ ਅਨੁਸਾਰ ਮੁੱਖ ਖੇਤੀਬਾੜੀ ਅਫਸਰ ਜਲੰਧਰ ਵੱਲੋ ਕਰਫਿਊ ਪਾਸ ਵੀ ਜਾਰੀ ਕੀਤੇ ਗਏ ਹਨ।

ਡਾ. ਸੁਰਿੰਦਰ ਸਿੰਘ ਨੇ ਕਿਸਾਨਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਪਿੰਡਾਂ 'ਚ ਨਾ ਟਾਲਣਯੋਗ ਖੇਤੀ ਦੇ ਕੰਮ, ਕਰੋਨਾ ਵਾਇਰਸ ਤੋ ਬਚਾਓ ਲਈ ਪੂਰੀਆ ਸਾਵਧਾਨੀਆ ਆਪਣਾਉਂਦੇ ਹੋਏ ਅਤੇ ਦੱਸ ਜਾਂ ਇਸ ਤੋਂ ਘੱਟ ਮਜਦੂਰਾਂ ਨੂੰ ਸ਼ਾਮਿਲ ਕਰਦੇ ਹੋਏ ਪੂਰੇ ਕੀਤੇ ਜਾ ਸਕਦੇ ਹਨ। ਇਸ ਸਬੰਧੀ ਜਿਲਾ ਪ੍ਰਸ਼ਾਸਨ ਵੱਲੋ ਜਾਰੀ ਹਦਾਇਤਾਂ ਅਨੁਸਾਰ ਇਹ ਮਜਦੂਰ ਇਕ ਜਗ੍ਹਾ ਨਾ ਇੱਕਠੇ ਹੋਣ ਅਤੇ ਘੱਟ ਤੋ ਘੱਟ ਇਕ ਦੂਜੇ ਤੋਂ ਇਕ ਮੀਟਰ ਦੀ ਦੂਰੀ ਬਣਾਈ ਰੱਖਣ ਅਤੇ ਪ੍ਰਤੀ ਮਜਦੂਰ ਸੈਨੀਟਾਈਜਰ/ਮਾਸਕ ਦੀ ਵਰਤੋਂ ਵੀ ਯਕੀਨੀ ਬਣਾਈ ਜਾਵੇ।ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਉਹ ਆਪਣੀ ਅਤੇ ਆਪਣੇ ਪਰਿਵਾਰ ਦੀ ਸਿਹਤ ਨਾਲ ਸਬੰਧਤ ਸਾਰੇ ਸਾਧਨ ਅਪਣਾਉਂਦੇ ਹੋਏ ਖੇਤੀ ਦੇ ਕੰਮਾਂ ਨੂੰ ਨੇਪਰੇ ਚਾੜਨ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜਲੰਧਰ ਵੱਲੋ ਕਿਸਾਨਾਂ ਲਈ ਜਾਰੀ ਐਡਵਾਈਜ਼ਰੀ 'ਚ ਬੇਨਤੀ ਕੀਤੀ ਗਈ ਹੈ ਕਿ ਕਣਕ ਦੀ ਫਸਲ 'ਚੋ ਬੀਜ ਰੱਖਣ ਲਈ ਲੋੜੀਦੇ ਯਤਨ ਕਰਨੇ ਚਾਹੀਦੇ ਹਨ।

ਡਾ. ਸੁਰਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ ਜਲੰਧਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕਣਕ ਦੀ ਫਸਲ ਦਾ ਕਿਸਾਨਾਂ ਵੱਲੋ ਹੁਣ ਨਿਰੀਖਣ ਕਰਨ ਦੀ ਜਰੂਰਤ ਹੈ ਤਾਂ ਜੋ ਚੰਗੇ ਖੇਤਾਂ ਦੀ ਉਪਜ ਨੂੰ ਬਤੌਰ ਅਗਲੀ ਫਸਲ ਲਈ ਬੀਜ ਰੱਖਿਆ ਜਾ ਸਕੇ।ਡਾ. ਸੁਰਿੰਦਰ ਸਿੰਘ ਨੇ ਕਿਹਾ ਹੈ ਕਿ ਕਿਸਾਨ ਹਰ ਸੀਜਨ ਤੋਂ ਪਹਿਲਾਂ ਤਸਦੀਕ ਸੁਦਾ ਬੀਜ ਪ੍ਰਾਪਤ ਕਰਨ ਲਈ ਕੋਸ਼ਿਸ਼ਾ ਵੀ ਕਰਦਾ ਹੈ ਅਤੇ ਚੋਖਾ ਪੈਸਾ ਵੀ ਖਰਚ ਕਰਦਾ ਹੈ ਪਰ ਮਾਹਿਰਾਂ ਦਾ ਆਖਣਾ ਹੈ ਕਿ ਕਿਸਾਨਾ ਵੱਲੋ ਬੀਜੇ ਗਏ ਤਸਦੀਕਸੁਦਾ ਬੀਜ ਤੋ ਪ੍ਰਾਪਤ ਉਪਜ ਨੂੰ ਆਪਣੀ ਅਗਲੀ ਫਸਲ ਲਈ ਵੀ ਰੱਖਣਾ ਚਾਹੀਦਾ ਹੈ। ਇਸ ਅਨੁਸਾਰ ਚੰਗੀ ਫਸਲ ਦਾ ਬੀਜ ਰੱਖਣ ਲਈ ਚੋਣ ਕਰਨ ਉਪਰੰਤ ਖੇਤ 'ਚ ਵਾਧੂ ਅਤੇ ਬੀਮਾਰ ਬੂਟੇ ਕੱਢ ਦੇਣੇ ਚਾਹੀਦੇ ਹਨ।

ਡਾ. ਸੁਰਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਮਾਹਿਰਾਂ ਦਾ ਕਹਿਣਾ ਹੈ ਕਿ ਅਨਾਜ ਦਾ ਹਰੇਕ ਬੀਜ ਦਾਣਾ ਤਾਂ ਹੈ ਪਰ ਹਰੇਕ ਦਾਣਾ ਬੀਜ ਨਹੀਂ ਹੋ ਸਕਦਾ। ਬੀਜ ਲਈ ਰੱਖੀ ਫਸਲ ਦੀ ਵਾਢੀ ਵੱਖਰੀ ਕਰਨੀ ਚਾਹੀਦੀ ਹੈ ਅਤੇ ਵੱਖਰੀ ਹੀ ਝਾੜਨੀ ਚਾਹੀਦੀ ਹੈ।ਮਾਹਿਰਾਂ ਅਨੁਸਾਰ ਬੀਜ ਕਣਕ ਦੇ ਦਾਣਿਆਂ ਨੂੰ ਸਟੋਰ ਕਰਨ ਵੇਲੇ ਇਸ 'ਚ 9 ਪ੍ਰਤੀਸ਼ਤ ਤੱਕ ਨਮੀ ਹੋਣੀ ਚਾਹੀਦੀ ਹੈ ਅਤੇ ਬੀਜ ਨੂੰ ਢੋਲਾਂ ਜਾਂ ਬੋਰੀਆ 'ਚ ਸਟੋਰ ਕਰਨਾ ਚਾਹੀਦਾ ਹੈ।ਸਟੋਰ ਕਰਨ ਵਾਲੀਆ ਥਾਵਾਂ ਨੂੰ ਕੀੜਿਆ ਤੋ ਮੁਕਤ ਕਰਨ ਲਈ 100 ਐਮ.ਐਲ ਮੈਲਾਥੀਓਨ ਪ੍ਰਿਮੀਅਮ ਗਰੇਡ 50 ਤਾਕਤ ਨੂੰ 10 ਲੀਟਰ ਪਾਣੀ 'ਚ ਘੋਲ ਕੇ ਛੱਤਾਂ, ਕੰਧਾਂ ਅਤੇ ਫਰਸ਼ਾਂ 'ਤੇ ਛਿੜਕਣ ਉਪਰੰਤ ਹੀ ਦਾਣੇ ਸਟੋਰ ਕਰਨੇ ਚਾਹੀਦੇ ਹਨ।

-ਸੰਪਰਕ ਅਫਸਰ
-ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ
-ਜਿਲ੍ਹਾ ਜਲੰਧਰ


author

Iqbalkaur

Content Editor

Related News