ਪੰਜਾਬ ’ਚ ਫੈਲਿਆ ਡੰਮੀ ਸਕੂਲਾਂ ਦਾ ਮਾਇਆਜਾਲ, ਬਿਨਾਂ ਹਾਜ਼ਰੀ ਤੋਂ ਮੈਰਿਟ ’ਚ ਆ ਰਹੇ ਵਿਦਿਆਰਥੀ
Friday, Aug 11, 2023 - 09:51 AM (IST)
ਜਲੰਧਰ (ਨਰਿੰਦਰ ਮੋਹਨ) : ਪੰਜਾਬ ’ਚ ਅਤੇ ਰਾਜਧਾਨੀ ਚੰਡੀਗੜ੍ਹ ਦੇ ਆਲੇ-ਦੁਆਲੇ ਡੰਮੀ ਸਕੂਲਾਂ ਅਤੇ ਡੰਮੀ ਵਿਦਿਆਰਥੀਆਂ ਦੀ ਗਿਣਤੀ ਦਿਨ-ਬ-ਦਿਨ ਵਧਦੀ ਜਾ ਰਹੀ ਹੈ। ਪੰਜਾਬ ਤੋਂ ਹਰ ਸਾਲ 50,000 ਤੋਂ ਵੱਧ ਵਿਦਿਆਰਥੀ ਮੈਡੀਕਲ ਅਤੇ ਇੰਜੀਨੀਅਰਿੰਗ ਦਾਖ਼ਲਾ ਟੈਸਟ ਦੀ ਤਿਆਰੀ ਨਿੱਜੀ ਕੋਚਿੰਗ ਸੈਂਟਰਾਂ ’ਚ ਕੰਮ ਕਰਦੇ ਹਨ ਪਰ ਉਨ੍ਹਾਂ ਦਾ ਡੰਮੀ ਦਾਖ਼ਲਾ 11ਵੀਂ ਅਤੇ 12ਵੀਂ ਜਮਾਤ ’ਚ ਨਿੱਜੀ ਸਕੂਲਾਂ ’ਚ ਦਿਖਾਇਆ ਜਾ ਰਿਹਾ ਹੈ। ਅਜਿਹਾ ਕਰਨ ਨਾਲ ਜਿਥੇ ਨਿੱਜੀ ਕੋਚਿੰਗ ਸੈਂਟਰ ਦੋ-ਪਾਸੜ ਕਮਾਈ ਕਰ ਰਹੇ ਹਨ, ਉੱਧਰ ਸਿੱਖਿਆ ਬੋਰਡ ਦੇ ਨਿਯਮਾਂ ਨੂੰ ਵੀ ਛਿੱਕੇ ਟੰਗ ਰਹੇ ਹਨ। ਪੰਜਾਬ ਦੇ ਪ੍ਰਾਈਵੇਟ ਸਕੂਲਾਂ ਨੇ ਡੰਮੀ ਦਾਖ਼ਲੇ ’ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ ਅਤੇ ਇਸ ਨੂੰ ਸਿੱਖਿਆ ਦਾ ਵਪਾਰੀਕਰਨ ਦੱਸਿਆ ਹੈ।
ਇਹ ਵੀ ਪੜ੍ਹੋ : ਕੈਂਸਰ ਨਾਲ ਜੂਝ ਰਹੀ ਪਤਨੀ ਦੀਆਂ ਤਸਵੀਰਾਂ ਸਾਂਝੀਆਂ ਕਰ ਨਵਜੋਤ ਸਿੱਧੂ ਨੇ ਲਿਖੀ ਭਾਵੁਕ ਪੋਸਟ
ਮੈਡੀਕਲ ਅਤੇ ਇੰਜੀਨੀਅਰਿੰਗ ਦੀ ਦਾਖ਼ਲਾ ਪ੍ਰੀਖਿਆ ‘ਨੀਟ’ ਅਤੇ ਜੇ. ਈ. ਈ. ’ਚ ਪੰਜਾਬ ਤੋਂ ਹਰ ਸਾਲ 50, 000 ਤੋਂ ਵੱਧ ਵਿਦਿਆਰਥੀ ਹਿੱਸਾ ਲੈਂਦੇ ਹਨ। ਇਸ ਸਾਲ ‘ਨੀਟ ਟੈਸਟ ’ਚ 18,846 ਜਦਕਿ ਜੇ. ਈ. ਈ. ’ਚ 30,000 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ ਸੀ। ਇਹ ਰੁਝਾਨ ਪਿਛਲੇ ਕੁਝ ਸਾਲਾਂ ਤੋਂ ਵਧਿਆ ਹੈ। ਪੰਜਾਬ ਦੇ ਕੁਝ ਸ਼ਹਿਰਾਂ ਤੋਂ ਇਲਾਵਾ ਚੰਡੀਗੜ੍ਹ ਦੇ ਕੋਚਿੰਗ ਸੈਂਟਰਾਂ ’ਚ ਇਨ੍ਹਾਂ ਟੈਸਟਾਂ ਦੀ ਤਿਆਰੀ ਕਰਵਾਈ ਜਾਂਦੀ ਹੈ। ਚੰਡੀਗੜ੍ਹ ਦੇ ਕੁਝ ਹੋਰ ਸੈਕਟਰਾਂ ਦੇ ਨਾਲ-ਨਾਲ ਸੈਕਟਰ 34 ਅਜਿਹੇ ਕੋਚਿੰਗ ਸੈਂਟਰਾਂ ਦਾ ਗੜ੍ਹ ਹੈ। ਪੰਜਾਬ ਤੋਂ ਹੀ ਇਨ੍ਹਾਂ ਟੈਸਟਾਂ ਦੀ ਤਿਆਰੀ ਲਈ ਵਿਦਿਆਰਥੀ ਦਿੱਲੀ ਅਤੇ ਰਾਜਸਥਾਨ ਦੇ ਸ਼ਹਿਰ ਕੋਟਾ ਵੀ ਜਾਂਦੇ ਹਨ। +1 ਅਤੇ +2 ਜਮਾਤਾਂ ’ਚ ਡੰਮੀ ਦਾਖ਼ਲੇ ਦੀ ਸਾਰੀ ਖੇਡ ਇਥੋਂ ਸ਼ੁਰੂ ਹੁੰਦੀ ਹੈ। ਸਕੂਲੀ ਸਿੱਖਿਆ ’ਚ ਘਾਟ ਨਾ ਰਹੇ, ਇਸ ਲਈ ਡੰਮੀ ਸਕੂਲਾਂ ’ਚ ਡੰਮੀ ਦਾਖ਼ਲਾ ਵੀ ਲਿਆ ਜਾਂਦਾ ਹੈ ਅਤੇ ਕੁਝ ਕੋਚਿੰਗ ਸੈਂਟਰ ਆਪਣੇ ਬਣਾਏ ਨਿੱਜੀ ਸਕੂਲਾਂ ’ਚ ਵਿਦਿਆਰਥੀਆਂ ਨੂੰ ਦਾਖ਼ਲਾ ਵੀ ਦਿਵਾਉਂਦੇ ਹਨ।
ਇਹ ਵੀ ਪੜ੍ਹੋ : ਪੰਜਾਬ ’ਚ ਸੀਟਾਂ ਦੇ ਤਾਲਮੇਲ 'ਚ 'ਆਪ' ਮੰਗ ਰਹੀ 8 ਸੀਟਾਂ, ਜਲੰਧਰ ਸਣੇ ਇਹ ਹਲਕੇ ਨੇ ਸ਼ਾਮਲ
ਇਹ ਸਕੂਲ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਹਾਜ਼ਰੀ ’ਚ ਛੋਟ ਦਿੰਦੇ ਹਨ, ਭਾਵੇਂ ਹੀ ਬੋਰਡ ਦੇ ਪੇਪਰਾਂ ’ਚ ਬੈਠਣ ਲਈ 75 ਫ਼ੀਸਦੀ ਹਾਜ਼ਰੀ ਹੋਣਾ ਜ਼ਰੂਰੀ ਹੈ। ਅਜਿਹੇ ’ਚ ਕੋਚਿੰਗ ਦੀ ਮੋਟੀ ਫ਼ੀਸ ਦੇ ਨਾਲ-ਨਾਲ ਸਕੂਲ ’ਚ ਡੰਮੀ ਦਾਖ਼ਲੇ ਦੀ ਮਨਮਨਜ਼ੀ ਦੀ ਰਕਮ ਵੀ ਵਿਦਿਆਰਥੀਆਂ ਤੋਂ ਲਈ ਜਾਂਦੀ ਹੈ। ਮਜ਼ੇਦਾਰ ਗੱਲ ਇਹ ਵੀ ਹੈ ਕਿ ਅਜਿਹੇ ਡੰਮੀ ਸਕੂਲਾਂ ਦੇ ਨਤੀਜੇ ਵੀ ਸ਼ਾਨਦਾਰ ਆਉਂਦੇ ਹਨ ਅਤੇ ਇਸ ਦਾ ਸਿਹਰਾ ਇਨ੍ਹਾਂ ਡੰਮੀ ਸਕੂਲਾਂ ਨੂੰ ਮਿਲਦਾ ਹੈ। ਦੂਜੇ ਸ਼ਬਦਾਂ ’ਚ ਨਕਲ ਅਤੇ ਸਿੱਖਿਆ ਮਾਫੀਆ ਦੀ ਮਿਲੀਭੁਗਤ ਦੀ ਖੇਡ ਚੱਲਦੀ ਹੈ ਅਤੇ ਬਿਨਾਂ ਸਕੂਲ ਗਏ ਵਿਦਿਆਰਥੀ ਮੈਰਿਟ ’ਚ ਆਉਂਦੇ ਹਨ। ਸਕੂਲਾਂ ’ਚ ਪੇਪਰ ਕਿਵੇਂ ਹੁੰਦੇ ਹਨ, ਇਹ ਗੱਲ ਹੁਣ ਕੋਈ ਰਾਜ਼ ਨਹੀਂ ਰਹਿ ਗਈ। ਇਸ ਖੇਡ ਦਾ ਇਕ ਵੱਡਾ ਨੁਕਸਾਨ ਵਿਦਿਆਰਥੀਆਂ ਦੀ ਬਹੁਪੱਖੀ ਪ੍ਰਤਿਭਾ ’ਤੇ ਪੈ ਰਿਹਾ ਹੈ, ਜਿਸ ’ਚ ਸਕੂਲਾਂ ’ਚ ਹੁੰਦੀਆਂ ਸਰੀਰਕ ਸਰਗਰਮੀਆਂ ਤੇ ਬੌਧਿਕ ਵਿਕਾਸ ਦੀ ਪ੍ਰਕਿਰਿਆ ’ਤੇ ਰੋਕ ਲੱਗ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ਦੀਆਂ 150 ਆਂਗਣਵਾੜੀ ਵਰਕਰਾਂ ਖ਼ਿਲਾਫ਼ ਐਕਸ਼ਨ ਦੀ ਤਿਆਰੀ, ਭੇਜੇ ਨੋਟਿਸ
ਪੰਜਾਬ ਦੀ ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਦੇ ਪ੍ਰਧਾਨ ਜਗਜੀਤ ਸਿੰਘ ਧੂਰੀ ਦਾ ਕਹਿਣਾ ਸੀ ਕਿ ਸਿਰਫ਼ ਰਾਜਧਾਨੀ ਚੰਡੀਗੜ੍ਹ ਦੇ ਆਲੇ-ਦੁਆਲੇ ਮੋਹਾਲੀ, ਖਰੜ ਆਦਿ ’ਚ ਅਜਿਹੇ ਸਕੂਲਾਂ ਦੀ ਗਿਣਤੀ 25 ਤੋਂ ਵੱਧ ਹੈ, ਜਿਥੇ ਡੰਮੀ ਦਾਖ਼ਲੇ ਜ਼ਿਆਦਾਤਰ ਹੁੰਦੇ ਹਨ ਜਦਕਿ ਪੰਜਾਬ ’ਚ ਅਜਿਹੇ ਸਕੂਲਾਂ ਦੀ ਗਿਣਤੀ 70 ਤੋਂ ਵੱਧ ਹੈ। ਕੋਚਿੰਗ ਸੈਂਟਰਾਂ ਦੇ ਵਧ ਰਹੇ ਪ੍ਰਭਾਵ ਅਤੇ ਡੰਮੀ ਦਾਖ਼ਲਿਆਂ ਤੋਂ ਪ੍ਰੇਸ਼ਾਨ ਨਿੱਜੀ ਸਕੂਲ ਸੰਸਥਾ ਦੇ ਪ੍ਰਧਾਨ ਦੀ ਚਿੰਤਾ ਸੀ ਕਿ ਜਿਸ ਤਰ੍ਹਾਂ ਪੰਜਾਬ ’ਚ ਪਾਲੀਟੈਕਨਿਕ ਅਤੇ ਇੰਜੀਨੀਅਰਿੰਗ ਸੰਸਥਾਨ ਇਕ-ਇਕ ਕਰ ਕੇ ਬੰਦ ਹੋਏ, ਉਹੀ ਹਾਲਾਤ ਅਸਲੀ ਸਿੱਖਿਆ ਦੇਣ ਵਾਲੇ ਸਕੂਲਾਂ ਦੀ ਵੀ ਹੋ ਸਕਦੀ ਹੈ। ਉਨ੍ਹਾਂ ਅਨੁਸਾਰ ਸਰਕਾਰ ਕੋਚਿੰਗ ਕੇਂਦਰਾਂ ਨੂੰ ਨਿਰਦੇਸ਼ ਦੇਵੇ ਕਿ ਉਨ੍ਹਾਂ ਦੀ ਕੋਚਿੰਗ ਦਾ ਸਮਾਂ ਦੁਪਹਿਰ ਬਾਅਦ ਦਾ ਹੋਵੇ ਤਾਂ ਕਿ ਸਿੱਖਿਆ ਦਾ ਵੀ ਨੁਕਸਾਨ ਨਾ ਹੋ ਸਕੇ।
ਇਹ ਵੀ ਪੜ੍ਹੋ : ਪੰਜਾਬ ਦੇ ਹਿੰਦੂ ਮੰਦਰਾਂ ਦੀ ਸਰਕਾਰੀ ਕੰਟਰੋਲ ਤੋਂ ਮੁਕਤੀ ਲਈ ਸ਼੍ਰੀ ਹਿੰਦੂ ਤਖ਼ਤ ਦਾ ਵੱਡਾ ਫ਼ੈਸਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8