ਸੀਵਰੇਜ ਬੋਰਡ ਦੇ ਨੱਕ ਹੇਠ ਹੋ ਰਿਹੈ ਕਰੋੜਾਂ ਨੂੰ ਨੁਕਸਾਨ

Monday, Jan 22, 2018 - 07:21 AM (IST)

ਸੀਵਰੇਜ ਬੋਰਡ ਦੇ ਨੱਕ ਹੇਠ ਹੋ ਰਿਹੈ ਕਰੋੜਾਂ ਨੂੰ ਨੁਕਸਾਨ

ਅੰਮ੍ਰਿਤਸਰ, (ਰਮਨ)- ਸ਼ਹਿਰ ਦੇ ਕਈ ਇਲਾਕਿਆਂ 'ਚ ਸੀਵਰੇਜ ਸਿਸਟਮ ਠੱਪ ਪਿਆ ਹੋਇਆ ਹੈ ਤੇ ਕਈ ਇਲਾਕਿਆਂ 'ਚ ਅਜੇ ਤੱਕ ਸੀਵਰੇਜ ਦੀਆਂ ਪਾਈਪਾਂ ਵੀ ਨਹੀਂ ਪਹੁੰਚੀਆਂ ਹਨ, ਜਿਸ ਨਾਲ ਸੀਵਰੇਜ ਸਬੰਧੀ ਕਈ ਇਲਾਕਿਆਂ 'ਚ ਹਾਹਾਕਾਰ ਮਚੀ ਹੋਈ ਹੈ। ਕੁਝ ਸਾਲਾਂ ਤੋਂ ਸੀਵਰੇਜ ਬੋਰਡ ਦਾ ਕੰਮ ਸ਼ਹਿਰ 'ਚ ਕਈ ਠੇਕੇਦਾਰਾਂ ਤੇ ਕੰਪਨੀਆਂ ਨੂੰ ਦਿੱਤਾ ਹੋਇਆ ਹੈ। ਸੀਵਰੇਜ ਬੋਰਡ ਦੇ ਮੁੱਖ ਦਫਤਰ ਰਣਜੀਤ ਐਵੀਨਿਊ 'ਚ ਹਜ਼ਾਰਾਂ ਟਨ ਸਰੀਆ ਤੇ ਪਾਈਪਾਂ ਪਈਆਂ ਹੋਈਆਂ ਹਨ। ਇਸ ਸਾਰੇ ਸਾਮਾਨ ਦੀ ਕੀਮਤ ਕਰੋੜਾਂ ਰੁਪਏ ਹੈ ਤੇ ਸਾਰਾ ਸਾਮਾਨ ਕਬਾੜ ਦਾ ਰੂਪ ਧਾਰਨ ਕਰ ਰਿਹਾ ਹੈ। ਕਰੋੜਾਂ ਰੁਪਇਆ ਵਿਭਾਗੀ ਅਧਿਕਾਰੀਆਂ ਦੀ ਨਾਲਾਇਕੀ ਕਾਰਨ ਮਿੱਟੀ ਹੋ ਰਿਹਾ ਹੈ। ਸੀਵਰੇਜ ਬੋਰਡ ਦੇ ਅਧਿਕਾਰੀ ਕੁੰਭਕਰਨੀ ਨੀਂਦ 'ਚ ਸੌਂ ਰਹੇ ਹਨ, ਜੇਕਰ ਇਸ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਕਾਫੀ ਨੁਕਸਾਨ ਹੋਵੇਗਾ।
ਪ੍ਰਾਈਵੇਟ ਕੰਪਨੀਆਂ ਨੂੰ ਦਿੱਤੇ ਜਾ ਰਹੇ ਕੰਮ ਕਾਰਨ ਸਰਕਾਰੀ ਸਾਮਾਨ ਹੋ ਰਿਹੈ ਖਰਾਬ
ਸ਼ਹਿਰ 'ਚ ਪਹਿਲਾਂ ਸੀਵਰੇਜ ਬੋਰਡ ਵੱਲੋਂ ਆਪਣੇ-ਆਪ ਕੰਮ ਕੀਤਾ ਜਾਂਦਾ ਰਿਹਾ ਹੈ ਪਰ ਪਿਛਲੇ ਕੁਝ ਸਾਲਾਂ ਤੋਂ ਕੰਪਨੀਆਂ ਵੱਲੋਂ ਸ਼ਹਿਰ 'ਚ ਸੀਵਰੇਜ ਦਾ ਕੰਮ ਕੀਤੇ ਜਾਣ 'ਤੇ ਸਾਰਾ ਸਰਕਾਰੀ ਸਾਮਾਨ ਕਬਾੜ ਹੋ ਰਿਹਾ ਹੈ। ਇਸ ਨੂੰ ਲੈ ਕੇ ਆਰ. ਟੀ. ਆਈ. ਐਕਟੀਵਿਸਟ ਰਜਿੰਦਰ ਸ਼ਰਮਾ ਰਾਜੂ ਨੇ ਕਿਹਾ ਕਿ ਸ਼ਹਿਰ 'ਚ ਸੀਵਰੇਜ ਵਿਵਸਥਾ ਇੰਨੀ ਖਰਾਬ ਹੈ ਅਤੇ ਇਥੇ ਸਾਮਾਨ ਪਿਆ ਬੇਕਾਰ ਹੋ ਰਿਹਾ ਹੈ। ਅਜੋਕੇ ਸਮੇਂ 'ਚ ਇਸ ਸਾਮਾਨ ਨੂੰ ਇਸਤੇਮਾਲ ਕੀਤਾ ਜਾਵੇ ਤਾਂ ਲੋਕਾਂ ਨੂੰ ਸੀਵਰੇਜ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਏ ਪਰ ਵਿਭਾਗ ਵੱਲੋਂ ਠੇਕੇਦਾਰੀ 'ਤੇ ਕੰਮ ਕਰਵਾਇਆ ਜਾ ਰਿਹਾ ਹੈ ਅਤੇ ਮੋਟੀ ਕਮੀਸ਼ਨ ਖਾਧੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਦੀ ਜਾਂਚ ਕਰਵਾਈ ਜਾਵੇ ਤਾਂ ਕਰੋੜਾਂ ਰੁਪਏ ਦੀ ਗੜਬੜੀ ਸਾਹਮਣੇ ਆ ਸਕਦੀ ਹੈ ਕਿ ਕਿਨ੍ਹਾਂ ਅਧਿਕਾਰੀਆਂ ਦੀ ਵਜ੍ਹਾ ਨਾਲ ਸਰਕਾਰੀ ਪੈਸਾ ਬਰਬਾਦ ਹੋ ਰਿਹਾ ਹੈ।
ਰਾਜੂ ਨੇ ਕਿਹਾ ਕਿ ਸੀਵਰੇਜ ਬੋਰਡ ਨੂੰ ਆਰ. ਟੀ. ਆਈ. ਤਹਿਤ ਪੁੱਛਿਆ ਜਾਵੇਗਾ ਕਿ ਕਿਸ ਲਈ ਇਹ ਸਾਮਾਨ ਮੰਗਵਾਇਆ ਗਿਆ ਸੀ ਅਤੇ ਕਿਸ ਅਧਿਕਾਰੀ ਨੇ ਮੰਗਵਾਇਆ ਤੇ ਇਸ ਨੂੰ ਬਾਅਦ 'ਚ ਇਸਤੇਮਾਲ 'ਚ ਕਿਉਂ ਨਹੀਂ ਲਿਆਂਦਾ ਗਿਆ। ਇਸ ਸਾਰੇ ਸਾਮਾਨ ਦੀ ਕੁਲ ਕੀਮਤ ਕਿੰਨੀ ਹੈ ਤੇ ਕਿੰਨਾ ਸਾਮਾਨ ਪਿਆ ਹੈ, ਸਰਕਾਰ ਨੂੰ ਇਸ 'ਤੇ ਕਾਰਵਾਈ ਕਰਨ ਲਈ ਉਹ ਲਿਖਤੀ 'ਚ ਭੇਜਣਗੇ।


Related News