ਸ਼ੱਕੀ ਹਾਲਤ ''ਚ ਖੇਤ ''ਚੋਂ ਮਿਲਿਆ ਨੌਜਵਾਨ, ਹਸਪਤਾਲ ''ਚ ਹੋਈ ਮੌਤ

Wednesday, Feb 07, 2018 - 02:59 AM (IST)

ਸ਼ੱਕੀ ਹਾਲਤ ''ਚ ਖੇਤ ''ਚੋਂ ਮਿਲਿਆ ਨੌਜਵਾਨ, ਹਸਪਤਾਲ ''ਚ ਹੋਈ ਮੌਤ

ਬਲਾਚੌਰ, (ਅਸ਼ਵਨੀ)- ਕੱਲ ਸ਼ਾਮ ਕੰਗਣਾ ਪੁਲ ਨੇੜੇ ਸੁੱਜੋਵਾਲ ਦੇ ਕੱਚੇ ਰਸਤੇ 'ਤੇ ਸ਼ੱਕੀ ਹਾਲਤ 'ਚ ਪਿਆ ਨੌਜਵਾਨ ਮਿਲਿਆ, ਜਿਸ ਦੀ ਬਾਅਦ 'ਚ ਨਵਾਂਸ਼ਹਿਰ ਦੇ ਇਕ ਪ੍ਰਾਈਵੇਟ ਹਸਪਤਾਲ 'ਚ ਮੌਤ ਹੋ ਗਈ। 
ਜਾਣਕਾਰੀ ਅਨੁਸਾਰ ਮਹਿੰਦੀਪੁਰ ਨਿਵਾਸੀ ਅਮਰਜੀਤ ਦਾ ਬੇਟਾ ਪ੍ਰਿੰਸ ਜੋ ਇਥੇ ਗੈਸ ਏਜੰਸੀ 'ਚ ਕੰਮ ਕਰਦਾ ਹੈ, ਦਾ ਸ਼ਾਮੀ 3 ਵਜੇ ਦੇ ਕਰੀਬ ਆਪਣੇ ਦਾਦੇ ਸੋਹਣ ਸਿੰਘ ਨੂੰ ਫੋਨ ਆਇਆ ਕਿ ਉਹ ਨੇੜੇ ਕੰਗਣਾ ਪੁਲ ਸੁੱਜੋਵਾਲ ਦੇ ਕੱਚੇ ਰਸਤੇ 'ਤੇ ਪਿਆ ਹੈ ਆ ਕੇ ਮੈਨੂੰ ਲੈ ਜਾਓ। ਫੋਨ ਆਉਣ 'ਤੇ ਪ੍ਰਿੰਸ ਦਾ ਚਾਚਾ ਅਮਰੀਕ ਸਿੰਘ ਅਤੇ ਉਸ ਦਾ ਇਕ ਸਾਥੀ ਕੰਗਣਾ ਪੁਲ ਪੁੱਜੇ। ਉਥੇ ਕੱਚੇ ਰਸਤੇ ਵਿਚ ਪਿਆ ਪ੍ਰਿੰਸ ਪੇਟ ਦਰਦ ਨਾਲ ਤੜਫ ਰਿਹਾ ਸੀ, ਉਸ ਨੂੰ ਤੁਰੰਤ ਬਲਾਚੌਰ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ, ਡਾਕਟਰਾਂ ਨੇ ਉਸ ਨੂੰ ਨਵਾਂਸ਼ਹਿਰ ਹਸਪਤਾਲ ਭੇਜ ਦਿੱਤਾ। ਨਵਾਂਸ਼ਹਿਰ ਵਾਲਿਆਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਪੀ.ਜੀ.ਆਈ. ਲਿਜਾਣ ਲਈ ਕਿਹਾ। ਪ੍ਰਿੰਸ ਦੀ ਵਿਗੜਦੀ ਹਾਲਤ ਨੂੰ ਦੇਖਦਿਆਂ ਉਸ ਨੂੰੰ ਨਵਾਂਸ਼ਹਿਰ ਦੇ ਇਕ ਪ੍ਰਾਈਵੇਟ ਹਸਪਤਾਲ ਦਾਖਲ ਕਰਵਾਇਆ ਗਿਆ। ਜਿਥੇ ਤੜਕਸਾਰ ਪ੍ਰਿੰਸ ਦੀ ਮੌਤ ਹੋ ਗਈ। ਹੁਣ ਤਕ ਇਹ ਪਤਾ ਨਹੀਂ ਲੱਗ ਸਕਿਆ ਕਿ ਪ੍ਰਿੰਸ ਕੰਗਣਾ ਪੁਲ ਦੇ ਕੱਚੇ ਰਸਤੇ ਕਿਵੇਂ ਪੁੱਜਾ ਅਤੇ ਉਸ ਨਾਲ ਕੀ ਭਾਣਾ ਬੀਤਿਆ? ਪ੍ਰਿੰਸ ਦਾ ਹਾਲੇ 6 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਪ੍ਰਿੰਸ ਦੀ ਮ੍ਰਿਤਕ ਦੇਹ ਨੂੰ ਬਲਾਚੌਰ ਹਸਪਤਾਲ ਵਿਚ ਪੋਸਟਮਾਰਟਮ ਲਈ ਰੱਖਿਆ ਗਿਆ ਹੈ। ਪੁਲਸ ਨੂੰ ਇਸ ਘਟਨਾ ਦੀ ਸੂਚਨਾ ਦਿੱਤੀ ਗਈ ਹੈ। ਹੁਣ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕਿਸ ਹਾਲਤ 'ਚ ਪ੍ਰਿੰਸ ਦੀ ਮੌਤ ਹੋਈ। 


Related News