ਮੀਂਹ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਦਾ ਡੁੱਬਣਾ ਜਾਰੀ

Thursday, Jul 19, 2018 - 06:15 AM (IST)

ਮੀਂਹ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਦਾ ਡੁੱਬਣਾ ਜਾਰੀ

ਮਾਛੀਵਾਡ਼ਾ ਸਾਹਿਬ, (ਟੱਕਰ, ਸਚਦੇਵਾ)-  ਅੱਜ ਤੀਜੇ ਦਿਨ ਵੀ ਮੀਂਹ ਪੈਣ ਕਾਰਨ ਹਲਕਾ ਸਾਹਨੇਵਾਲ ਦੇ ਬੇਟ ਖੇਤਰ ਦੇ ਅਨੇਕਾਂ ਪਿੰਡਾਂ ’ਚ ਝੋਨੇ ਦੀ ਲਾਈ ਨਵੀਂ ਫਸਲ ਡੁੱਬ ਗਈ, ਜਿਸ ਕਾਰਨ ਕਿਸਾਨਾਂ ਦਾ ਭਾਰੀ ਆਰਥਿਕ ਨੁਕਸਾਨ ਹੋ ਗਿਆ ਹੈ। ਜਾਣਕਾਰੀ ਅਨੁਸਾਰ ਪਹਿਲਾਂ ਦੋ ਦਿਨ ਪਏ ਮੀਂਹ ਕਾਰਨ ਬੇਟ ਖੇਤਰ ਦੇ ਕਰੀਬ 10 ਪਿੰਡਾਂ ’ਚ ਝੋਨੇ ਦੀ ਫਸਲ ਪ੍ਰਭਾਵਿਤ ਹੋਈ ਸੀ ਪਰ ਅੱਜ ਤੀਜੇ ਦਿਨ ਫਿਰ ਮੀਂਹ ਜਾਰੀ ਰਹਿਣ ਕਾਰਨ ਹੋਰ ਅਨੇਕਾਂ ਪਿੰਡਾਂ ਵਿਚ ਫਸਲ ਪਾਣੀ ਦੀ ਲਪੇਟ ਵਿਚ ਆ ਗਈ ਹੈ। ਬੇਟ ਖੇਤਰ ਦੇ ਪਿੰਡ ਪੰਜ ਭੈਣੀਆਂ, ਕੀਮਾ ਭੈਣੀ, ਸ਼ਾਲੂ ਭੈਣੀ, ਮਿਓਂਵਾਲ, ਰਤਨਗਡ਼੍ਹ, ਬਲੀਏਵਾਲ ਦੇ ਕਿਸਾਨਾਂ ਨੇ ਦੱਸਿਆ ਕਿ ਇਸ ਵਾਰ ਡਰੇਨਾਂ ਦੀ ਸਫ਼ਾਈ ਬਿਲਕੁਲ ਵੀ ਨਹੀਂ ਹੋਈ, ਜਿਸ ਕਾਰਨ ਉਨ੍ਹਾਂ ਦੀ ਫਸਲ ਤਬਾਹ ਹੋ ਗਈ ਹੈ।
 ਕਿਸਾਨ ਅਮਰਨਾਥ ਕੂੰਮਕਲਾਂ, ਸਾਬਕਾ ਸਰਪੰਚ ਸੁਖਵਿੰਦਰ ਸਿੰਘ, ਮਨਜੀਤ ਸਿੰਘ, ਨਿਰਮਲ ਸਿੰਘ, ਸਤਪਾਲ ਸਿੰਘ, ਹਰਪ੍ਰੀਤ ਸਿੰਘ, ਹਰਮੇਲ ਸਿੰਘ, ਬਲਦੇਵ ਸਿੰਘ, ਗੁਰਸੇਵਕ ਸਿੰਘ, ਭੁਪਿੰਦਰ ਸਿੰਘ, ਅਮਰੀਕ ਸਿੰਘ, ਅਮਨਦੀਪ ਸਿੰਘ, ਤਲਵਿੰਦਰ ਸਿੰਘ, ਕਮਲਪ੍ਰੀਤ ਸਿੰਘ, ਸੁਖਜਿੰਦਰ ਸਿੰਘ, ਗੁਰਦੀਪ ਸਿੰਘ, ਜੀਤ ਸਿੰਘ, ਜਸਵੀਰ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਪਏ ਮੀਂਹ ਕਾਰਨ ਪਹਿਲਾਂ ਵੀ ਉਨ੍ਹਾਂ ਦੀ ਝੋਨੇ ਦੀ ਫਸਲ ਡੁੱਬ ਗਈ ਸੀ ਪਰ ਫਿਰ ਵੀ ਉਨ੍ਹਾਂ ਨੇ ਬਡ਼ੀ ਮੁਸ਼ਕਲ ਨਾਲ ਝੋਨੇ ਦੀ ਪਨੀਰੀ ਦਾ ਇੰਤਜ਼ਾਮ ਕਰ ਕੇ ਦੁਬਾਰਾ 3 ਹਜ਼ਾਰ ਰੁਪਏ ਪ੍ਰਤੀ ਏਕਡ਼ ਲੇਬਰ ਦਾ ਖਰਚ ਕਰ ਕੇ ਇਸ ਦੀ ਬੀਜਾਈ ਕਰਵਾਈ। ਅਜੇ ਕੁਝ ਹੀ ਦਿਨ ਹੋਏ ਸਨ ਕਿ ਦੁਬਾਰਾ ਫਿਰ ਲਗਾਤਾਰ ਪੈ ਰਹੇ ਮੀਂਹ ਕਾਰਨ ਇਹ ਦੂਜੀ ਵਾਰ ਬੀਜੀ ਨਵੀਂ ਫਸਲ ਵੀ ਡੁੱਬ ਗਈ। 
ਕਿਸਾਨਾਂ ਨੇ ਦੱਸਿਆ ਕਿ ਹੁਣ ਤਾਂ ਉਨ੍ਹਾਂ ਨੂੰ ਤੀਜੀ ਵਾਰ ਫਸਲ ਦੀ ਬੀਜਾਈ ਕਰਨ ਲਈ ਪਨੀਰੀ ਦਾ ਇੰਤਜ਼ਾਮ ਵੀ ਨਹੀਂ ਹੋਣਾ ਅਤੇ ਨਾ ਹੀ ਖੇਤਾਂ ’ਚੋਂ ਜਲਦ ਪਾਣੀ ਨਿਕਲਣਾ ਹੈ, ਇਸ ਲਈ ਇਸ ਸੀਜ਼ਨ ਵਿਚ ਤਾਂ ਫਸਲ ਦੀ ਬੀਜਾਈ ਕਰਨੀ ਅੌਖੀ ਹੋ ਗਈ ਹੈ। ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਪਾਣੀ ਦੀ ਮਾਰ ਹੇਠਾਂ ਆਈ ਜ਼ਮੀਨ ਦੀ ਗਿਰਦਾਵਰੀ ਕਰਵਾ ਕੇ ਪੂਰੀ ਫਸਲ ਦਾ ਮੁਆਵਜ਼ਾ ਦਿੱਤਾ ਜਾਵੇ।
ਕੁਰਾਲੀ, (ਬਠਲਾ)-ਸ਼ਹਿਰ ਵਿਚ ਹੋਈ ਅੱਧੇ ਘੰਟੇ ਦੀ ਭਾਰੀ ਬਾਰਿਸ਼ ਨੇ  ਹਡ਼੍ਹ ਵਰਗੀ ਸਥਿਤੀ ਪੈਦਾ ਕਰ ਦਿੱਤੀ। ਸ਼ਹਿਰ ਦੀ ਸਬਜ਼ੀ ਮੰਡੀ, ਮਾਤਾ ਰਾਣੀ ਚੌਕ, ਮੁੱਖ ਬਾਜ਼ਾਰ, ਚੰਡੀਗਡ਼੍ਹ ਰੋਡ, ਰੋਪਡ਼ ਰੋਡ, ਮੋਰਿੰਡਾ ਰੋਡ ਤੇ ਸ਼ਹਿਰ ਦੇ ਅੰਦਰਲੇ  ਇਲਾਕੇ ਵਿਚ ਪਾਣੀ ਹੀ ਪਾਣੀ ਹੋ ਗਿਆ ਤੇ  ਲੋਕਾਂ ਦੇ ਘਰ ਅੰਦਰ ਵੀ ਦਾਖਲ ਹੋ ਗਿਆ।
  ਬਾਰਿਸ਼ ਕਾਰਨ ਪੈਦਾ ਹੋਈ ਹਡ਼੍ਹ ਵਰਗੀ ਸਥਿਤੀ ਨੇ ਜਿੱਥੇ ਨਗਰ ਕੌਂਸਲ ਦੀ ਪੋਲ ਖੋਲ੍ਹ  ਦਿੱਤੀ , ਉਥੇ ਹੀ ਲੋਕਾਂ ਨੂੰ 11 ਜੁਲਾਈ 1993 ਵਿਚ ਆਏ ਖ਼ਤਰਨਾਕ ਹਡ਼੍ਹ ਦੀ ਵੀ ਯਾਦ ਦਵਾ ਦਿੱਤੀ। ਉਸ ਸਮੇਂ ਵੀ ਸ਼ਹਿਰ ’ ਚ ਪਾਣੀ ਹੀ ਪਾਣੀ ਹੋ ਗਿਆ ਸੀ ਤੇ ਸਾਰਾ ਸ਼ਹਿਰ ਜਲ-ਥਲ ਹੋ ਗਿਆ ਸੀ ਤੇ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ।  ਸ਼ਹਿਰ ’ਚ ਜਦੋਂ ਵੀ ਭਾਰੀ ਬਾਰਿਸ਼ ਹੁੰਦੀ ਹੈ  ਤਾਂ ਸ਼ਹਿਰ ਦਾ ਜ਼ਿਆਦਾਤਰ ਏਰੀਆ ਪਾਣੀ ਦੀ ਮਾਰ ਹੇਠ ਆ ਜਾਂਦਾ ਹੈ ਪਰ ਸ਼ਹਿਰ ਦੀ ਨਗਰ ਕੌਂਸਲ ਬਰਸਾਤੀ ਪਾਣੀ ਦੇ ਨਿਕਾਸ   ਸਬੰਧੀ ਬਿਲਕੁਲ ਫੇਲ੍ਹ ਹੁੰਦੀ ਨਜ਼ਰ ਆ ਰਹੀ ਹੈ ।


Related News