ਮਿਡ-ਡੇ ਮੀਲ ਦਾ ਪੈਸਾ ਨਾ ਮਿਲਣ ਕਾਰਨ ਅਧਿਆਪਕਾਂ ''ਚ ਭਾਰੀ ਰੋਸ
Tuesday, Nov 14, 2017 - 06:59 AM (IST)

ਸੁਲਤਾਨਪੁਰ ਲੋਧੀ, (ਸੋਢੀ)- ਡੈਮੋਕਰੇਟਿਕ ਟੀਚਰਜ਼ ਫਰੰਟ ਦੀ ਹੰਗਾਮੀ ਮੀਟਿੰਗ ਆਤਮਾ ਸਿੰਘ ਪਾਰਕ ਸੁਲਤਾਨਪੁਰ ਲੋਧੀ ਵਿਖੇ ਜ਼ਿਲਾ ਕਨਵੀਨਰ ਕਰਮ ਸਿੰਘ ਦੀ ਅਗਵਾਈ ਹੇਠ ਹੋਈ, ਜਿਸ 'ਚ ਭਾਰੀ ਗਿਣਤੀ 'ਚ ਅਧਿਆਪਕਾਂ ਨੇ ਸ਼ਿਰਕਤ ਕੀਤੀ।
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਰਮ ਸਿੰਘ ਨੇ ਕਿਹਾ ਕਿ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਹੀ ਸਿੱਖਿਆ ਗਰੀਬ ਬੱਚਿਆਂ ਦੀ ਪਹੁੰਚ ਤੋਂ ਬਾਹਰ ਹੋ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਗਰੀਬ ਬੱਚਿਆਂ ਨੂੰ ਮੁਫਤ ਸਿੱਖਿਆ ਦੇਣ ਤੋਂ ਹੌਲੀ-ਹੌਲੀ ਪੈਰ ਪਿੱਛੇ ਖਿਸਕਾ ਰਹੀ ਹੈ, ਜਿਸ ਕਾਰਨ ਗਰੀਬ ਲੋਕਾਂ 'ਚ ਨਿਰਾਸ਼ਾ ਹੈ। ਅਸ਼ਵਨੀ ਟਿੱਬਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਮਿਡ-ਡੇ ਮੀਲ ਦੇ ਪੈਸੇ ਜਾਰੀ ਨਾ ਕਰਨ 'ਤੇ ਜਥੇਬੰਦੀ ਵੱਲੋਂ ਸਕੂਲਾਂ 'ਚ ਦੁਪਹਿਰ ਦਾ ਮਿਡ-ਡੇ ਮੀਲ ਦਾ ਭੋਜਨ ਦੇਣਾ ਬੰਦ ਕਰ ਦਿੱਤਾ ਗਿਆ ਹੈ।
ਪ੍ਰਮੁੱਖ ਆਗੂ ਸੁਖਚੈਨ ਸਿੰਘ ਨੇ ਕਿਹਾ ਕਿ ਪਿਛਲੇ ਬਕਾਏ ਦੀ ਅਦਾਇਗੀ ਹੋਣ 'ਤੇ ਹੀ ਸਕੂਲਾਂ 'ਚ ਮਿਡ ਡੇ ਮੀਲ ਸਕੀਮ ਚਲਾਈ ਜਾਵੇਗੀ। ਉਨ੍ਹਾਂ ਕਿਹਾ ਕਿ 28 ਨਵੰਬਰ ਨੂੰ ਪਟਿਆਲਾ 'ਚ ਹੋ ਰਹੀ ਰੋਸ ਰੈਲੀ 'ਚ ਭਾਰੀ ਗਿਣਤੀ 'ਚ ਅਧਿਆਪਕ ਸ਼ਿਰਕਤ ਕਰਨਗੇ। ਇਸ ਮੌਕੇ ਜਗਜੀਤ ਸਿੰਘ, ਬਲਬੀਰ ਸਿੰਘ ਸੈਦਪੁਰ, ਰਾਕੇਸ਼ ਕੁਮਾਰ, ਸੁਖਦੇਵ ਸਿੰਘ, ਗੋਪਾਲ ਕ੍ਰਿਸ਼ਨ, ਸਰਬਜੀਤ ਸਿੰਘ ਡੋਲਾ, ਬਲਜੀਤ ਸਿੰਘ, ਜੋਗਿੰਦਰ ਸਿੰਘ, ਵਿਜੇ ਕੁਮਾਰ, ਪ੍ਰਦੀਪ ਕੁਮਾਰ, ਵਿਪਨ ਕੁਮਾਰ ਆਦਿ ਨੇ ਵੀ ਸ਼ਿਰਕਤ ਕੀਤੀ।