ਸਫਾਈ ਨਾ ਹੋਣ ਕਾਰਨ ਨਾਲੀ ਓਵਰਫਲੋਅ

Monday, Apr 02, 2018 - 01:53 AM (IST)

ਕਾਠਗੜ੍ਹ,   (ਰਾਜੇਸ਼)-  ਨਜ਼ਦੀਕੀ ਪਿੰਡ ਜਗਤੇਵਾਲ ਦੇ ਗੁਰਦੁਆਰਾ ਸਾਹਿਬ ਦੇ ਨਾਲ ਲੱਗਦੀ ਨਾਲੀ ਦੀ ਸਫਾਈ ਨਾ ਹੋਣ ਕਾਰਨ ਗੰਦਾ ਪਾਣੀ ਜਿਥੇ ਲਿੰਕ ਸੜਕ 'ਤੇ ਆ ਰਿਹਾ ਹੈ, ਉਥੇ ਹੀ ਗੁਰਦੁਆਰਾ ਸਾਹਿਬ ਕੋਲ ਬਦਬੂ ਆਉਣ ਕਾਰਨ ਸੰਗਤਾਂ ਤੇ ਰਾਹਗੀਰ ਪ੍ਰੇਸ਼ਾਨ ਹੋ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਜਗਤੇਵਾਲ ਵਾਸੀਆਂ ਨੇ ਦੱਸਿਆ ਕਿ ਗੰਦੇ ਪਾਣੀ ਦੀ ਜੋ ਨਾਲੀ ਲਿੰਕ ਸੜਕ ਦੇ ਨਾਲ-ਨਾਲ ਹੁੰਦੀ ਹੋਈ ਗੁਰਦੁਆਰਾ ਸਾਹਿਬ ਵੱਲ ਜਾਂਦੀ ਹੈ, ਉਸ ਦਾ ਨਿਕਾਸ ਅੱਗੇ ਅੰਡਰ ਗਰਾਊਂਡ ਪਾਈਪਾਂ ਵਾਲੇ ਨਾਲੇ ਵਿਚ ਕੀਤਾ ਹੋਇਆ ਹੈ ਪਰੰਤੂ ਕਈ ਮਹੀਨਿਆਂ ਤੋਂ ਉਕਤ ਨਾਲੀ ਵਿਚ ਗੰਦਗੀ ਭਰ ਜਾਣ ਕਾਰਨ ਗੰਦਾ ਪਾਣੀ ਓਵਰਫਲੋਅ ਹੋ ਕੇ ਲਿੰਕ ਸੜਕ 'ਤੇ ਆ ਰਿਹਾ ਹੈ, ਜਿਸ ਨਾਲ ਰਾਹਗੀਰਾਂ ਨੂੰ ਤਾਂ ਪ੍ਰੇਸ਼ਾਨੀ ਹੁੰਦੀ ਹੀ ਹੈ, ਨਾਲ ਹੀ ਗੁਰਦੁਆਰਾ ਸਾਹਿਬ ਨੂੰ ਆਉਣ ਵਾਲੀ ਸੰਗਤ ਨੂੰ ਵੀ ਪ੍ਰੇਸ਼ਾਨ ਹੋਣਾ ਪੈਂਦਾ ਹੈ ਤੇ ਨਾਲ ਹੀ ਗੰਦੇ ਪਾਣੀ ਦੀ ਬਦਬੂ ਵੀ ਆ ਰਹੀ ਹੈ। ਇਸ ਤੋਂ ਇਲਾਵਾ ਉਕਤ ਗੰਦਾ ਪਾਣੀ ਸੜਕ ਵਿਚੋਂ ਹੁੰਦਾ ਹੋਇਆ ਪਿੰਡ ਭਰਥਲਾ ਵੱਲ ਨੂੰ ਜਾਂਦੀ ਲਿੰਕ ਸੜਕ 'ਤੇ ਜਾ ਰਿਹਾ ਹੈ, ਜਿਸ ਕਾਰਨ ਨਵੀਂ ਬਣੀ ਸੜਕ ਦੇ ਟੁੱਟਣ ਦਾ ਖਤਰਾ ਵੀ ਹੈ। ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਨਾਲੀ ਦੀ ਸਫਾਈ ਤੁਰੰਤ ਕਰਵਾਈ ਜਾਵੇ, ਤਾਂ ਜੋ ਗੰਦੇ ਪਾਣੀ ਦਾ ਨਿਕਾਸ ਮੇਨ ਨਿਕਾਸੀ ਨਾਲੇ ਵਿਚ ਹੋ ਸਕੇ ਤੇ ਸੜਕ ਟੁੱਟਣ ਤੋਂ ਬਚ ਸਕੇ।


Related News