ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਟੇਲ ਨਗਰ ਵਾਸੀ ਪ੍ਰੇਸ਼ਾਨ

Monday, Jul 23, 2018 - 04:00 AM (IST)

ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਟੇਲ ਨਗਰ ਵਾਸੀ ਪ੍ਰੇਸ਼ਾਨ

ਹੁਸ਼ਿਆਰਪੁਰ, (ਅਮਰਿੰਦਰ)- ਸ਼ਹਿਰ ਦੇ ਟਾਂਡਾ ਰੋਡ  ਨਾਲ ਲੱਗਦੇ ਪਟੇਲ ਨਗਰ ਮੁਹੱਲੇ ’ਚ ਇੰਨੀ ਦਿਨੀਂ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਮੁਹੱਲੇ ਦੇ ਲੋਕਾਂ ਦਾ ਜਿਉਣਾ ਮੁਹਾਲ ਹੋ ਗਿਆ ਹੈ। ਮੇਨ ਰੋਡ ਤੋਂ ਪਾਣੀ ਦੀ ਨਿਕਾਸੀ ਸਹੀ ਨਹੀਂ ਹੋਣ ਕਾਰਨ  ਨਿਊ ਮਾਡਲ ਟਾਊਨ ਦਾ ਪੂਰਾ ਪਾਣੀ ਮੇਨ ਰੋਡ ਨੂੰ ਪਾਰ ਕਰਕੇ ਪਟੇਲ ਨਗਰ ਦੇ ਖਾਲੀ ਪਲਾਟ ’ਚ ਭਰ ਜਾਂਦਾ ਹੈ। ਕਾਲੇ ਰੰਗ ਦੇ ਗੰਦੇ ਪਾਣੀ ਤੋਂ ਉੱਠਣ ਵਾਲੀ ਬਦਬੂ  ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਨਗਰ ਨਿਗਮ ਜਾਂ ਕਲੋਨਾਈਜ਼ਰ ਇਸ ਵੱਲ ਬਿਲਕੁੱਲ ਧਿਆਨ ਨਹੀਂ ਦੇ ਰਹੇ। ਜਿਸ ਕਾਰਨ ਪਟੇਲ ਨਗਰ ’ਚ ਬੀਮਾਰੀਆਂ ਫੈਲਣ ਦਾ ਡਰ ਬਣਿਆ ਹੋਇਅਾ ਹੈ। ਮੁਹੱਲਾ ਵਾਸੀ ਰਣਜੀਤ ਸਿੰਘ, ਪਿਆਰੇ ਲਾਲ, ਅਸ਼ਵਨੀ ਸ਼ਰਮਾ, ਅਨਮੋਲਕ ਰਾਮ ਸੈਣੀ, ਮਾ. ਗੁਰਦੀਪ ਸਿੰਘ  ਅਨੁਸਾਰ ਗੰਦੇ ਪਾਣੀ  ਕਾਰਨ ਹੁਣ ਤੱਕ ਵੱਡੀ ਗਿਣਤੀ ’ਚ ਲੋਕ, ਜਿਨ੍ਹਾਂ ’ਚ ਬੱਚੇ ਵੀ ਸ਼ਾਮਲ ਹਨ, ਬੀਮਾਰ ਹੋ ਚੁੱਕੇ ਹਨ।
ਨਹੀਂ ਹੋ ਰਹੀ ਸੁਣਵਾਈ : ਪਟੇਲ ਨਗਰ ਵਾਸੀਆਂ ਨੇ ਕਿਹਾ ਕਿ ਟਾਂਡਾ ਮੇਨ ਰੋਡ ਦੇ ਨਾਲ ਵੱਗਣ ਵਾਲੀ ਨਾਲੀ ਦੀ ਸਫ਼ਾਈ ਵੱਲ ਨਗਰ ਨਿਗਮ ਕੋਈ ਧਿਆਨ ਨਹੀਂ ਦੇ ਰਿਹਾ। ਉਨ੍ਹਾਂ ਨੇ ਸਵਾਲੀਅਾ ਨਿਸ਼ਾਨ ਲਾਉਂਦੇ ਹੋਏ ਕਿਹਾ ਕਿ ਜਦ ਲੋਕਾਂ ਨੇ ਰੈਗੂਲਰ ਫੀਸ ਭਰਕੇ ਮਕਾਨ ਬਣਾਏ ਹਨ ਤਾਂ ਨਿਗਮ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਨਿਯਮਤ ਤੌਰ ’ਤੇ ਸਫ਼ਾਈ ਦੀ ਵਿਵਸਥਾ ਨੂੰ ਦੇਖੇ। 
ਉਨ੍ਹਾਂ ਨੇ ਕਿਹਾ ਕਿ ਨਿਗਮ ਅਧਿਕਾਰੀਆਂ ਨੂੰ ਵਾਰ-ਵਾਰ ਕਿਹਾ ਗਿਆ ਹੈ ਕਿ ਨਿਊ ਮਾਡਲ ਟਾਊਨ ਦੀ ਪਾਈਪ ਲਾੲੀਨ  ਰਾਹੀਂ ਨਾਲੀ ਦੀ ਗੰਦਗੀ ਭੰਗੀ ਚੌਅ ’ਚ ਪਾਈ ਜਾਵੇ ਨਾ ਕਿ ਸਡ਼ਕ ਦੇ ਉੱਪਰ ਵੱਗਣ ਦਿੱਤੀ ਜਾਵੇ। 
ਗੰਦਾ ਪਾਣੀ  ਮਾਮੂਲੀ ਬਾਰਿਸ਼ ਹੋਣ ਕਾਰਨ ਘਰਾਂ ’ਚ ਆ ਜਾਂਦਾ ਹੈ। ਪਟੇਲ ਨਗਰ ਵਾਸੀਆਂ ਨੇ ਲੋਕ ਨਿਰਮਾਣ ਵਿਭਾਗ ਤੇ ਨਗਰ ਨਿਗਮ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਗੰਦੇ ਪਾਣੀ ਦੀ  ਨਿਕਾਸੀ  ਦਾ  ਤੁਰੰਤ ਹੱਲ ਨਾ ਕੀਤਾ ਗਿਅਾ ਤਾਂ ਮੁਹੱਲੇ ਦੇ ਲੋਕ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ।


Related News