ਕਿਸਾਨ ਸੰਘਰਸ਼ ਕਮੇਟੀ ਵੱਲੋਂ ਡੀ. ਸੀ. ਦਫਤਰ ਅੱਗੇ ਰੋਸ ਧਰਨਾ

Friday, Sep 29, 2017 - 01:47 AM (IST)

ਕਿਸਾਨ ਸੰਘਰਸ਼ ਕਮੇਟੀ ਵੱਲੋਂ ਡੀ. ਸੀ. ਦਫਤਰ ਅੱਗੇ ਰੋਸ ਧਰਨਾ

ਫਿਰੋਜ਼ਪੁਰ,  (ਕੁਮਾਰ, ਸੋਨੂੰ)-  ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਅੱਜ ਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ ਡੀ. ਸੀ. ਦਫਤਰ ਫਿਰੋਜ਼ਪੁਰ ਅੱਗੇ ਸੁਖਦੇਵ ਸਿੰਘ ਮੰਡ, ਸਾਹਬ ਸਿੰਘ ਦੀਨੇ ਕੇ, ਸੁਰਿੰਦਰ ਸਿੰਘ ਘੁੱਦੂਵਾਲਾ ਤੇ ਸੁਖਦੇਵ ਸਿੰਘ ਮਾਛੀ ਕੇ ਦੀ ਪ੍ਰਧਾਨਗੀ ਹੇਠ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਧਰਨੇਕਾਰੀਆਂ ਨੇ ਸ਼ਹੀਦੇ-ਏ-ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਨ 'ਤੇ ਲੁੱਟ ਰਹਿਤ ਕਿਸਾਨਾਂ, ਮਜ਼ਦੂਰਾਂ ਦਾ ਰਾਜ ਸਿਰਜਨ ਲਈ ਲਗਾਤਾਰ ਸੰਘਰਸ਼ ਜਾਰੀ ਰੱਖਣ ਦਾ ਪ੍ਰਣ ਲਿਆ। ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ, ਸੁਰਜੀਤ ਸਿੰਘ ਗੱਟਾ ਬਾਦਸ਼ਾਹ ਤੇ ਸੁਖਵੰਤ ਸਿੰਘ ਲੋਹਕਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਚੋਣਾਂ ਮੌਕੇ ਹਰ ਤਰ੍ਹਾਂ ਦਾ ਸਮੁੱਚਾ ਕਰਜ਼ਾ ਖਤਮ ਕਰਨ ਦਾ ਚੋਣ ਵਾਅਦਾ ਕੀਤਾ ਸੀ ਤੇ ਹੁਣ ਬਹਾਨੇਬਾਜ਼ੀ ਕਰ ਕੇ 10 ਲੱਖ ਪਰਿਵਾਰਾਂ ਨੂੰ 2 ਲੱਖ ਰੁਪਏ ਦੀ ਰਾਹਤ ਦੇਣ ਦੇ ਕੀਤੇ ਜਾ ਰਹੇ ਪ੍ਰਚਾਰ ਵਿਚ ਵੀ ਦਮ ਨਹੀਂ ਹੈ। ਆਗੂਆਂ ਨੇ ਕਿਹਾ ਕਿ ਕਿਸਾਨ ਮਜ਼ਦੂਰਾਂ ਸਿਰ ਇਕ ਲੱਖ 50 ਹਜ਼ਾਰ ਕਰੋੜ ਦਾ ਸਰਕਾਰੀ, ਸਹਿਕਾਰੀ ਤੇ ਗੈਰ-ਸਰਕਾਰੀ ਕਰਜ਼ਾ ਹੈ ਤੇ ਇਸ ਬੋਝ ਹੇਠ ਹਰ ਰੋਜ਼ ਕਿਸਾਨ ਮਜ਼ਦੂਰ ਖੁਦਕੁਸ਼ੀਆਂ ਕਰ ਰਹੇ ਹਨ। ਕਿਸਾਨਾਂ ਨੇ ਜ਼ੋਰਦਾਰ ਮੰਗ ਕਰਦਿਆਂ ਕਿਸਾਨਾਂ ਤੇ ਮਜ਼ਦੂਰਾਂ ਦੇ ਸਮੁੱਚੇ ਕਰਜ਼ੇ ਉਪਰ ਲਕੀਰ ਮਾਰਨ, ਝੋਨੇ ਦੀ ਫਸਲ ਦੀ ਖਰੀਦ ਦੇ ਉਚਿਤ ਪ੍ਰਬੰਧ ਕਰਨ, ਵਾਤਾਵਰਣ ਬਚਾਉਣ ਦੇ ਕਾਨੂੰਨ ਮੁਤਾਬਿਕ 6 ਹਜ਼ਾਰ ਰੁਪਏ ਪ੍ਰਤੀ ਏਕੜ ਪਰਾਲੀ ਸੰਭਾਲਨ ਦਾ ਮੁਆਵਜ਼ਾ ਦੇਣ ਅਤੇ ਤਕਨੀਕੀ ਸੰਦਾਂ 'ਤੇ 90 ਫੀਸਦੀ ਸਬਸਿਡੀ ਦੇਣ ਦੀ ਮੰਗ ਕੀਤੀ। ਕਿਸਾਨ ਆਗੂਆਂ ਨੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ, ਆਬਾਦਕਾਰਾਂ ਨੂੰ ਪੱਕੇ ਮਾਲਕੀ ਹੱਕ ਦੇ ਕੇ ਬਸਤੀ ਨਾਮਦੇਵ ਤੇ ਟਾਹਲੀ ਦੇ ਆਬਾਦਕਾਰਾਂ ਨੂੰ ਜ਼ਮੀਨ 99 ਸਾਲਾਂ ਲਈ ਪਟੇ 'ਤੇ ਦੇਣ ਤੇ ਮਜ਼ਦੂਰਾਂ ਨੂੰ 5-5 ਮਰਲੇ ਦੇ ਪਲਾਟ ਦੇਣ ਦੀ ਵੀ ਮੰਗ ਕੀਤੀ।
ਇਸ ਮੌਕੇ ਲਖਵਿੰਦਰ ਸਿੰਘ ਬਸਤੀ ਨਾਮਦੇਵ, ਜਰਨੈਲ ਸਿੰਘ, ਜਵਿੰਦਰ ਸਿੰਘ, ਜਸਵਿੰਦਰ ਸਿੰਘ ਨੱਥੋ ਮੋੜ, ਇੰਦਰਜੀਤ ਸਿੰਘ, ਸਤਨਾਮ ਸਿੰਘ, ਕੁਲਵਿੰਦਰ ਸਿੰਘ ਲੋਹਕਾ, ਜਸਪਾਲ ਸਿੰਘ ਲੱਲ੍ਹੇ ਆਦਿ ਕਿਸਾਨ ਆਗੂ ਹਾਜ਼ਰ ਸਨ।


Related News