ਸਰਵਰ ''ਚ ਨੁਕਸ ਪੈਣ ਕਾਰਨ ਰੇਲ ਯਾਤਰੀ ਟਿਕਟ ਖਰੀਦਣ ਤੋਂ ਰਹੇ ਵਾਂਝੇ

02/05/2018 10:46:43 AM


ਮਲੋਟ (ਵਿਕਾਸ) - ਮਲੋਟ ਰੇਲਵੇ ਸਟੇਸ਼ਨ 'ਤੇ ਯਾਤਰੀਆਂ ਨੂੰ ਟਿਕਟ ਖਰੀਦਣ 'ਚ ਉਸ ਸਮੇਂ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਜਦੋਂ ਰੇਲਵੇ ਵਿਭਾਗ ਦੇ ਸਰਵਰ ਵਿਚ ਨੁਕਸ ਪੈ ਗਿਆ ਅਤੇ ਯਾਤਰੀ ਟਿਕਟ ਖਰੀਦਣ ਤੋਂ ਵਾਂਝੇ ਰਹਿ ਗਏ। ਇਸ ਸਥਿਤੀ 'ਚ ਕਈ ਯਾਤਰੀ ਬਿਨਾਂ ਟਿਕਟ ਤੋਂ ਰੇਲ ਗੱਡੀ ਵਿਚ ਚੜ੍ਹ ਗਏ, ਜਦਕਿ ਕਈ ਯਾਤਰੀ ਜੋ ਪਰਿਵਾਰ ਦੇ ਨਾਲ ਆਏ ਸਨ, ਟਿਕਟ ਨਾ ਮਿਲਣ ਕਾਰਨ ਗੱਡੀ ਵਿਚ ਚੜ੍ਹਨ ਤੋਂ ਵਾਂਝੇ ਰਹਿ ਗਏ। 
ਜਾਣਕਾਰੀ ਅਨੁਸਾਰ ਅੱਜ ਸਵੇਰੇ ਮਲੋਟ ਰੇਲਵੇ ਸਟੇਸ਼ਨ 'ਤੇ 8 ਤੋਂ ਸਾਢੇ 8 ਵਜੇ ਦੇ ਦਰਮਿਆਨ ਦੋ ਰੇਲ ਗੱਡੀਆਂ ਜਾਂਦੀਆਂ ਹਨ, ਜਿਸ 'ਚੋਂ ਇਕ ਬਠਿੰਡਾ ਤੋਂ ਆਉਂਦੀ ਹੈ ਅਤੇ ਸ੍ਰੀ ਗੰਗਾਨਗਰ ਵੱਲ ਜਾਂਦੀ ਹੈ, ਜਦਕਿ ਦੂਜੀ ਸ੍ਰੀ ਗੰਗਾਨਗਰ ਤੋਂ ਆਉਂਦੀ ਹੈ ਅਤੇ ਬਠਿੰਡਾ ਵੱਲ ਜਾਂਦੀ ਹੈ। ਇਨ੍ਹਾਂ ਦੋਵਾਂ ਰੇਲ ਗੱਡੀਆਂ 'ਚ ਸਵਾਰ ਹੋਣ ਵਾਲੇ ਯਾਤਰੀਆਂ ਨੂੰ ਉਸ ਵੇਲੇ ਭਾਰੀ ਪ੍ਰੇਸ਼ਾਨੀ ਹੋਈ, ਜਦੋਂ ਸਰਵਰ ਵਿਚ ਨੁਕਸ ਪੈਣ ਕਾਰਨ ਉਨ੍ਹਾਂ ਨੂੰ ਟਿਕਟਾਂ ਨਾ ਮਿਲ ਸਕੀਆਂ। ਇਸ ਦੌਰਾਨ ਯਾਤਰੀਆਂ 'ਚ ਹਫੜਾ-ਦਫੜੀ ਦਾ ਮਾਹੌਲ ਪੈਦਾ ਹੋ ਗਿਆ। ਉੱਧਰ, ਜਦੋਂ ਰੇਲ ਗੱਡੀ ਮਲੋਟ ਸਟੇਸ਼ਨ 'ਤੇ ਪਹੁੰਚੀ ਤਾਂ ਸਰਵਰ ਠੀਕ ਹੋ ਗਿਆ। ਸਰਵਰ ਠੀਕ ਹੋਣ 'ਤੇ ਰੇਲਵੇ ਸਟੇਸ਼ਨ ਦੇ ਅਧਿਕਾਰੀਆਂ ਨੇ ਯਾਤਰੀਆਂ ਨੂੰ ਸੂਚਿਤ ਕੀਤਾ ਕਿ ਸਰਵਰ ਠੀਕ ਹੋ ਗਿਆ ਅਤੇ ਯਾਤਰੀ ਟਿਕਟਾਂ ਲੈ ਸਕਦੇ ਹਨ ਪਰ ਇਸ ਸਮੇਂ ਯਾਤਰੀ ਦੁਚਿੱਤੀ 'ਚ ਪੈ ਗਏ ਕਿ ਉਹ ਟਿਕਟ ਲੈਣ ਲਈ ਗੱਡੀ 'ਚੋਂ ਉਤਰਨ ਜਾਂ ਨਾ।


Related News