ਦੁਬਈ ਵਿਖੇ ਮਾੜੇ ਹਾਲਾਤ ’ਚ ਰਹਿ ਰਹੇ ਨੌਜਵਾਨਾਂ ਲਈ ਮਸੀਹਾ ਬਣੇ ਓਬਰਾਏ, ਇੰਝ ਕੀਤੀ ਮਦਦ

Sunday, Jun 20, 2021 - 10:41 PM (IST)

ਅੰਮ੍ਰਿਤਸਰ (ਸੰਧੂ) : ਪ੍ਰਸਿੱਧ ਸਿੱਖ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾ. ਐਸ.ਪੀ. ਸਿੰਘ ਓਬਰਾਏ ਨੇ ਇਕ ਵਾਰ ਮੁੜ ਲੋੜਵੰਦਾਂ ਦਾ ਮਸੀਹਾ ਬਣਦਿਆਂ ਦੁਬਈ ’ਚ ਕੰਮ ਨਾ ਮਿਲਣ ਕਾਰਨ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋਏ 3 ਬੇਵੱਸ ਨੌਜਵਾਨਾਂ ਨੂੰ ਆਪਣੀ ਜੇਬ੍ਹ ’ਚੋਂ ਪੈਸੇ ਖ਼ਰਚ ਕੇ ਦੁਬਈ ਤੋਂ ਸੁਰੱਖਿਅਤ ਵਾਪਸ ਵਤਨ ਪੁੱਜਦਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾ.ਐੱਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਰਾਹਗੀਰ ਨੇ ਫੋਨ ਕਰਕੇ ਦੱਸਿਆ ਸੀ ਕਿ ਦੁਬਈ ਦੇ ਰੇਤਲੇ ਟਿੱਬੇ ’ਤੇ ਇਕ ਝਾੜੀ ਨੁਮਾ ਰੁੱਖ ਹੇਠਾਂ ਤਿੰਨ ਭਾਰਤੀ ਨੌਜਵਾਨ ਬਹੁਤ ਮੁਸ਼ਕਿਲ ਹਾਲਾਤ ’ਚ ਰਹਿ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਜਦ ਆਪਣੇ ਨਿੱਜੀ ਸਕੱਤਰ ਬਲਦੀਪ ਸਿੰਘ ਚਾਹਲ ਨੂੰ ਉਕਤ ਨੌਜਵਾਨਾਂ ਨੂੰ ਮਿਲਣ ਲਈ ਭੇਜਿਆ ਤਾਂ ਪਤਾ ਲੱਗਾ ਕਿ ਅੰਮ੍ਰਿਤਸਰ ਜ਼ਿਲ੍ਹੇ ਦਾ ਦਲਜੀਤ ਸਿੰਘ ਪੁੱਤਰ ਗੁਲਜ਼ਾਰ ਸਿੰਘ, ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦਾ ਯਾਦਵੀਰ ਸਿੰਘ ਪੁੱਤਰ ਗੁਰਮੀਤ ਸਿੰਘ ਅਤੇ ਜਿਲ੍ਹਾ ਅੰਬਾਲਾ (ਹਰਿਆਣਾ) ਨਾਲ ਸਬੰਧਤ ਮਨੀਸ਼ ਕੁਮਾਰ ਪੁੱਤਰ ਤਿਲਕ ਰਾਜ ਆਪਣੇ ਪਰਿਵਾਰ ਦੀਆਂ ਆਰਥਿਕ ਤੰਗੀਆਂ ਨੂੰ ਦੂਰ ਕਰਨ ਦੇ ਮਕਸਦ ਨਾਲ ਏਜੰਟਾਂ ਨੂੰ ਪੈਸੇ ਦੇ ਕੇ ਕਰੀਬ ਡੇਢ-ਦੋ ਸਾਲ ਪਹਿਲਾਂ ਮਿਹਨਤ ਮਜ਼ਦੂਰੀ ਕਰਨ ਲਈ ਦੁਬਈ ਆਏ ਸਨ।

ਇਹ ਵੀ ਪੜ੍ਹੋ : ਇਕ ਵਾਰ ਫਿਰ ਤਲਖ਼ ਹੋਏ ਨਵਜੋਤ ਸਿੱਧੂ ਦੇ ਤੇਵਰ, ਜਾਣੋ ਕੀ ਬੋਲੇ

ਉਨ੍ਹਾਂ ਅਨੁਸਾਰ ਕੰਮ ਵਾਲੀ ਕੰਪਨੀ ਨੇ ਜਦ ਉਨ੍ਹਾਂ ਨੂੰ ਬਣਦਾ ਮਿਹਨਤਾਨਾ ਨਾ ਦਿੱਤਾ ਤਾਂ ਉਹ ਉਸ ਕੰਪਨੀ ਛੱਡ ਕੇ ਕਿਸੇ ਹੋਰ ਕੰਪਨੀ ’ਚ ਕੰਮ ਕਰਨ ਲੱਗ ਪਏ ਪਰ ਕੋਰੋਨਾ ਮਹਾਮਾਰੀ ਦੌਰਾਨ ਕੰਮ ਘਟਣ ਕਰਕੇ ਉਨ੍ਹਾਂ ਨੂੰ ਉਸ ਕੰਪਨੀ ਨੇ ਵੀ ਕੰਮ ਤੋਂ ਜਵਾਬ ਦੇ ਦਿੱਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਰਹਿਣ ਦੀ ਕੋਈ ਥਾਂ ਨਾ ਹੋਣ ਕਾਰਨ ਉਹ ਰੇਤਲੇ ਟਿੱਬੇ ਤੇ ਬੇਰੀ ਦੇ ਇਕ ਝਾੜੀਨੁਮਾ ਰੁੱਖ ਥੱਲੇ ਰਹਿਣ ਲਈ ਮਜ਼ਬੂਰ ਸਨ। ਉਨ੍ਹਾਂ ਇਹ ਵੀ ਦੱਸਿਆ ਕਿ ਇੱਥੋਂ ਤੱਕ ਕਿ ਉਨ੍ਹਾਂ ਕੋਲ ਦੋ ਵਕਤ ਦੀ ਰੋਟੀ ਜੋਗੇ ਪੈਸੇ ਵੀ ਨਹੀਂ ਸਨ, ਜੇਕਰ ਕੋਈ ਰਾਹਗੀਰ ਉਨ੍ਹਾਂ ਨੂੰ ਰੋਟੀ ਦੇ ਜਾਂਦਾ ਤਾਂ ਖਾ ਲੈਂਦੇ ਨਹੀਂ ਤਾਂ ਭੁੱਖੇ ਢਿੱਡ ਹੀ ਸੌਂ ਜਾਂਦੇ ਸਨ। ਡਾ. ਓਬਰਾਏ ਨੇ ਦੱਸਿਆ ਕਿ ਸਾਰੀ ਸਥਿਤੀ ਜਾਣਨ ਉਪਰੰਤ ਉਨ੍ਹਾਂ ਨੇ ਤੁਰੰਤ ਜਿੱਥੇ ਉਨ੍ਹਾਂ ਦੀ ਰਿਹਾਇਸ਼ ਤੇ ਖਾਣ-ਪੀਣ ਦਾ ਪ੍ਰਬੰਧ ਕੀਤਾ।

ਇਹ ਵੀ ਪੜ੍ਹੋ : ਹੁਣ ਇਸ ਦਿਨ ਐੱਸ. ਆਈ. ਟੀ. ਸਾਹਮਣੇ ਪੇਸ਼ ਹੋਣਗੇ ਪ੍ਰਕਾਸ਼ ਸਿੰਘ ਬਾਦਲ

PunjabKesari

ਉੱਥੇ ਹੀ ਭਾਰਤੀ ਦੂਤਾਵਾਸ ਦੇ ਵਿਸ਼ੇਸ਼ ਸਹਿਯੋਗ ਸਦਕਾ ਉਨ੍ਹਾਂ ਦੀ ਇਮੀਗਰੇਸ਼ਨ ਦੀ ਸਾਰੀ ਕਾਰਵਾਈ ਮੁਕੰਮਲ ਕਰਵਾਉਣ, ਬਣਦੇ ਜੁਰਮਾਨਿਆਂ ਦਾ ਭੁਗਾਤਨ ਕਰਨ ,ਆਊਟ-ਪਾਸ ਜਾਰੀ ਕਰਵਾਉਣ, ਕਰੋਨਾ ਟੈਸਟ ਕਰਵਾਉਣ ਆਦਿ ਦੇ ਖਰਚ ਕਰਨ ਤੋਂ ਇਲਾਵਾ ਵਾਪਸੀ ਦੀਆਂ ਹਵਾਈ ਟਿਕਟਾਂ ਵੀ ਆਪਣੇ ਕੋਲੋਂ ਲੈ ਕੇ ਦੁਬਈ ਤੋਂ ਅੱਜ ਅੱਧੀ ਰਾਤ ਤੋਂ ਬਾਅਦ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਰਾਹੀਂ ਵਾਪਸ ਉਨ੍ਹਾਂ ਦੇ ਪਰਿਵਾਰਾਂ ਕੋਲ ਭਾਰਤ ਭੇਜ ਦਿੱਤਾ ਹੈ। ਡਾ. ਓਬਰਾਏ ਨੇ ਦੱਸਿਆ ਕਿ ਉਹ ਹੁਣ ਤੱਕ 30 ਦੇ ਕਰੀਬ ਲੜਕੀਆਂ ਅਤੇ ਕੋਰੋਨਾ ਕਾਲ ਸਮੇਤ ਵੱਖ-ਵੱਖ ਸਮਿਆਂ ਦੌਰਾਨ ਅਰਬ ਦੇਸ਼ਾਂ ’ਚ ਫਸੇ 500 ਤੋਂ ਵਧੇਰੇ ਨੌਜਵਾਨ ਲੜਕਿਆਂ ਨੂੰ ਵਾਪਸ ਭਾਰਤ ਲਿਆ ਚੁੱਕੇ ਹਨ। ਉਨ੍ਹਾਂ ਇਕ ਵਾਰ ਮੁੜ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਚੰਗੀ ਤਰ੍ਹਾਂ ਘੋਖ ਕਰਨ ਉਪਰੰਤ ਹੀ ਆਪਣੇ ਬੱਚੇ ਵਿਦੇਸ਼ ਭੇਜਣ।

ਇਹ ਵੀ ਪੜ੍ਹੋ : ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ਦੀਆਂ ਚਰਚਾਵਾਂ ਦਰਮਿਆਨ ਕੁੰਵਰ ਵਿਜੇ ਪ੍ਰਤਾਪ ਦਾ ਵੱਡਾ ਬਿਆਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News