ਸ਼ਰਾਬ ਦੇ ਨਸ਼ੇ ’ਚ ਚੂਰ ਪਿਤਾ ਵੱਲੋਂ ਬੱਚਿਆਂ ਤੇ ਪਤਨੀ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ, ਫਿਰ ਕੀਤੀ ਖ਼ੁਦਕੁਸ਼ੀ

Monday, Nov 15, 2021 - 09:09 PM (IST)

ਸ਼ਰਾਬ ਦੇ ਨਸ਼ੇ ’ਚ ਚੂਰ ਪਿਤਾ ਵੱਲੋਂ ਬੱਚਿਆਂ ਤੇ ਪਤਨੀ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ, ਫਿਰ ਕੀਤੀ ਖ਼ੁਦਕੁਸ਼ੀ

ਬੰਗਾ (ਚਮਨ ਲਾਲ/ਰਾਕੇਸ਼)-ਇਥੋਂ ਨਜ਼ਦੀਕ ਪੈਂਦੇ ਪਿੰਡ ਕਾਹਮਾ ਵਿਖੇ ਸ਼ਰਾਬੀ ਪਿਤਾ ਵੱਲੋਂ ਆਪਣੇ ਦੋ ਨਾਬਾਲਗ ਬੱਚਿਆਂ ਤੇ ਪਤਨੀ ’ਤੇ ਕਾਤਲਾਨਾ ਹਮਲਾ ਕਰਨ ਤੋਂ ਬਾਅਦ ਖ਼ੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਐੱਸ. ਆਈ. ਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਿਵਲ ਹਸਪਤਾਲ ਨਵਾਂਸ਼ਹਿਰ ਤੋਂ ਟੈਲੀਫੋਨ ’ਤੇ ਸੂਚਨਾ ਮਿਲੀ ਕਿ ਪਿੰਡ ਕਾਹਮਾ ਨਿਵਾਸੀ ਭੁਪਿੰਦਰ ਸਿੰਘ ਨਾਮੀ ਵਿਅਕਤੀ ਨੇ ਆਪਣੀ ਪਤਨੀ ਅਤੇ ਆਪਣੇ ਦੋ ਨਾਬਾਲਗ ਬੱਚਿਆਂ ’ਤੇ ਤੇਜ਼ਧਾਰ ਹਥਿਆਰ ਨਾਲ ਕਾਤਲਾਨਾ ਹਮਲਾ ਕਰ ਕੇ ਉਨ੍ਹਾਂ ਨੂੰ ਗੰਭੀਰ ਰੂਪ ’ਚ ਜ਼ਖ਼ਮੀ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਸੂਚਨਾ ਮਿਲਦੇ ਹੀ ਉਹ ਹੋਰ ਪੁਲਸ ਅਧਿਕਾਰੀਆਂ ਨੂੰ ਨਾਲ ਲੈ ਕੇ ਮੌਕੇ ’ਤੇ ਪੁੱਜ ਗਏ ਅਤੇ ਗੰਭੀਰ ਰੂਪ ’ਚ ਜ਼ਖਮੀ ਹੋਏ ਬੱਚਿਆਂ ਅਤੇ ਉਨ੍ਹਾਂ ਦੀ ਮਾਤਾ ਦੇ ਬਿਆਨ ਲੈਣੇ ਚਾਹੇ ਤਾਂ ਡਾਕਟਰ ਵੱਲੋਂ ਉਨ੍ਹਾਂ ਨੂੰ ਬਿਆਨ ਦੇਣ ਲਈ ਅਨਫਿੱਟ ਦੱਸਿਆ।

ਇਹ ਵੀ ਪੜ੍ਹੋ : ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਸ਼ਾਮਲ ਹੋਣ ਨਾਲ ਕਾਂਗਰਸ ’ਚ ਸੁਲਗ ਰਹੀ ‘ਬਗਾਵਤ’ ਦੀ ਚੰਗਿਆੜੀ

ਉਨ੍ਹਾਂ ਦੱਸਿਆ ਕਿ ਪਤੀ ਵੱਲੋਂ ਕੀਤੇ ਕਾਤਲਾਨਾ ਹਮਲੇ ’ਚ ਜ਼ਖ਼ਮੀ ਪਤਨੀ ਕੁਲਵਿੰਦਰ ਕੌਰ 35 ਸਾਲ, ਉਸ ਦੇ ਦੋ ਨਾਬਾਲਗ ਬੱਚੇ ਲੜਕੀ ਜਸ਼ੀਨਾ 14 ਸਾਲ, ਪੁੱਤਰ ਚੰਦਨ 11 ਸਾਲ ਜ਼ੇਰੇ ਇਲਾਜ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਮੌਕੇ ’ਤੇ ਖੜ੍ਹੇ ਜ਼ਖਮੀ ਵਿਅਕਤੀਆਂ ਦੇ ਕਰੀਬੀ ਰਿਸ਼ਤੇਦਾਰ ਨੇ ਦੱਸਿਆ ਕਿ ਕਾਤਲਾਨਾ ਹਮਲਾ ਕਰਨ ਵਾਲਾ ਪਤੀ ਸ਼ਰਾਬ ਪੀਣ ਦਾ ਆਦੀ ਸੀ, ਜਿਸ ਦੇ ਚਲਦਿਆਂ ਉਸ ਨੇ ਨਸ਼ੇ ਦੀ ਹਾਲਤ ’ਚ ਇਹ ਹਮਲਾ ਕੀਤਾ, ਜਦਕਿ ਪਰਿਵਾਰਕ ਮੈਂਬਰਾਂ ’ਤੇ ਕਾਤਲਾਨਾ ਹਮਲਾ ਕਰਨ ਤੋਂ ਬਾਅਦ ਭੁਪਿੰਦਰ ਸਿੰਘ ਨੇ ਆਪਣੇ ’ਤੇ ਹਮਲਾ ਕਰ ਆਪਣੇ ਆਪ ਨੂੰ ਗੰਭੀਰ ਰੂਪ ’ਚ ਜ਼ਖਮੀ ਕਰ ਲਿਆ, ਜਿਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਬੰਗਾ ’ਚ ਦਾਖਲ ਕਰਵਾਇਆ ਗਿਆ, ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ । ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਤੀ ਵੱਲੋਂ ਕੀਤੇ ਗਏ ਕਾਤਲਾਨਾ ਹਮਲੇ ਬਾਰੇ ਪੂਰੀ ਪੁਸ਼ਟੀ ਨਹੀ ਹੋ ਸਕੀ ਕਿ ਉਕਤ ਹਮਲਾ ਕਿਉਂ ਅਤੇ ਕਿਸ ਕਰਕੇ ਕੀਤਾ । ਇਸ ਨੂੰ ਲੈ ਕੇ ਜਾਂਚ ਜਾਰੀ ਹੈ।


author

Manoj

Content Editor

Related News