ਨਸ਼ਿਅਾਂ ਵਿਰੋਧੀ ਮਾਟੋ ਫਡ਼ ਕੇ ਕਿਸਾਨਾਂ ਤੇ ਮਜ਼ਦੂਰਾਂ ਵੱਲੋਂ ਮੁਜ਼ਾਹਰਾ

07/31/2018 3:26:22 AM

ਬਰਨਾਲਾ,   (ਵਿਵੇਕ ਸਿੰਧਵਾਨੀ, ਰਵੀ)-  ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਸੂਬਾ ਕਮੇਟੀ ਦੇ ਸੱਦੇ ’ਤੇ ਅੱਜ ਹਜ਼ਾਰਾਂ ਕਿਸਾਨ ਮਜ਼ਦੂਰਾਂ ਨੇ ਬਰਨਾਲਾ ਐੱਸ. ਡੀ. ਐੱਮ. ਦਫਤਰ ਅੱਗੇ ਧਰਨਾ ਲਾ ਕੇ ਮੰਗ ਪੱਤਰ ਦਿੱਤਾ। ਬਾਅਦ ’ਚ ਕਿਸਾਨਾਂ ਨੇ ਹੱਥਾਂ ’ਚ ਨਸ਼ਿਅਾਂ ਵਿਰੋਧੀ ਮਾਟੋ ਫਡ਼ ਕੇ ਸ਼ਹਿਰ ’ਚ  ਮੁਜ਼ਾਹਰਾ ਕੀਤਾ।  
ਪੰਜਾਬ ਦੀ ਕੈਪਟਨ ਸਰਕਾਰ ਨੇ ਚੋਣਾਂ ’ਚ ਲੋਕਾਂ ਨਾਲ ਚਾਰ ਹਫਤਿਆਂ ’ਚ ਨਸ਼ਾ ਖਤਮ ਕਰਨ ਦਾ ਵਾਅਦਾ ਕੀਤਾ ਸੀ ਪਰ ਨਸ਼ਾ ਖਤਮ ਕਰਨ ਦੀ ਥਾਂ ਵੱਡੇ-ਵੱਡੇ ਸਮੱਗਲਰਾਂ ਦੇ ਹੌਸਲੇ ਪਹਿਲਾਂ ਨਾਲੋਂ ਹੋਰ ਬੁਲੰਦ ਹੋਏ।
 ਮੁਨਾਫੇ ਦੀ ਹਵਸ ਤੇ ਰਾਜਭਾਗ ਦੀ ਗੱਦੀ ਦੇ ਲੋਭੀ ਨਸ਼ੇ ਦੇ ਸੌਦਾਗਰਾਂ, ਉਚ ਅਫਸਰਾਂ ਤੇ ਸਿਆਸਤਦਾਨਾਂ ਵੱਲੋਂ ਮਿਲ ਕੇ ਸਾਡ਼ਸਤੀ ਲਿਆਂਦੀ ਹੈ। ਨਸ਼ਿਆਂ ਰਾਹੀਂ ਅੰਨ੍ਹਾ ਪੈਸਾ ਕਮਾਉਣ ਤੋਂ ਵੀ ਅਗਾਂਹ ਰਾਜਭਾਗ ਦੀਆਂ ਲੋਕ ਦੋਖੀ ਨੀਤੀਆਂ ਕਾਰਨ ਲੋਕ ਗਰੀਬੀ ਕਾਰਨ ਸਤਾਏ ਨੌਜਵਾਨਾਂ ਦੇ ਰੋਸ ਤੇ ਗੁੱਸੇ ਨੂੰ ਗਲਤ ਰਾਹ ਪਾਉਣ ਦਾ ਅਹਿਮ ਹਥਿਆਰ ਹੈ। 
ਪਿਛਲੀ ਅਕਾਲੀ-ਭਾਜਪਾ ਸਰਕਾਰ ਅਤੇ ਮੌਜੂਦਾ ਕੈਪਟਨ ਸਰਕਾਰ ਦੋਵੇਂ ਹੀ ਨਸ਼ਾ ਰੋਕਣ ਲਈ ਢੁੱਕਵੇਂ ਕਦਮ ਚੁੱਕਣ ’ਚ ਨਾਕਾਮ ਹੋ ਕੇ ਦੋਸ਼ੀ ਸਾਬਤ ਹੋਈਆਂ ਹਨ।  ਜ਼ਿਲਾ ਸੀਨੀਅਰ ਮੀਤ ਪ੍ਰਧਾਨ ਦਰਸ਼ਨ ਸਿੰਘ, ਜ਼ਿਲਾ ਜਨਰਲ ਸਕੱਤਰ ਜਰਨੈਲ ਸਿੰਘ, ਜ਼ਿਲਾ ਮੀਤ ਪ੍ਰਧਾਨ ਬੁੱਕਣ ਸਿੰਘ ਸੱਦੋਵਾਲ ਨੇ ਕਿਹਾ ਕਿ ਚਿੱਟੇ ਅਤੇ ਸਮੈਕ ਵਰਗੇ ਜਾਨਲੇਵਾ ਨਸ਼ਾ ਵਪਾਰ ਦੇ ਚੋਟੀ ਦੇ ਚਾਰ ਦਰਜਨ ਸਿਆਸਤਦਾਨਾਂ ਅਫਸਰਾਂ, ਨਸ਼ਾ ਉਤਪਾਦਕਾਂ ਅਤੇ ਨਸ਼ੇ ਦੇ ਵਪਾਰੀਆਂ ਨੂੰ ਪਹਿਲਾਂ ਹੱਥ ਪਾਓ। ਨਸ਼ੇ ਦੇ ਵਪਾਰੀਆਂ ਦੀਆਂ ਜਾਇਦਾਦਾਂ ਜ਼ਬਤ ਕਰੋ, ਅਹੁਦੇ ਖਤਮ ਕਰੋ, ਉਮਰ ਕੈਦ ਦੀ ਸਜ਼ਾ ਦਿਓ। ਨਵਾਂ ਨਸ਼ਾ ਰੋਕੂ ਕਾਨੂੰਨ ਬਣਾਓ, ਭੁੱਖਮਰੀ ਤੋਂ ਬਚਣ ਲਈ ਨਸ਼ੇ ਦਾ ਪ੍ਰਚੂਨ ਕਾਰੋਬਾਰ ਕਰਨ ਵਾਲਿਆਂ ਨੂੰ ਯੋਗਤਾ ਮੁਤਾਬਕ ਰੋਜ਼ਗਾਰ ਦਿਓ।
 ਇਸ ਮੌਕੇ ਰੂਪ ਸਿੰਘ, ਭਗਤ ਸਿੰਘ, ਬਲੌਰ ਸਿੰਘ, ਕ੍ਰਿਸ਼ਨ ਸਿੰਘ, ਹਰਜੀਤ ਸਿੰਘ ਦੀਵਾਨਾ, ਮਹਿੰਗਾ ਸਿੰਘ ਚੂੰਘਾਂ, ਦਰਸ਼ਨ ਚੀਮਾ, ਅਮਰਜੀਤ ਠੁੱਲੀਵਾਲ, ਮਲਕੀਤ ਸਿੰਘ, ਬਲਵਿੰਦਰ ਸਿੰਘ, ਬਲਜੀਤ ਕੌਰ ਗੁਰਨਾਮ ਸਿੰਘ ਭੋਤਨਾ ਆਦਿ ਹਾਜ਼ਰ ਸਨ।
 


Related News